ਫੇਲ ਨਾ ਕਰਨ ਦੀ ਨੀਤੀ ਰੱਦ ਹੋਣ ਨਾਲ ਸਿੱਖਿਆ ਦੇ ਮਿਆਰ ''ਚ ਸੁਧਾਰ ਹੋਵੇਗਾ

Friday, Jul 20, 2018 - 07:34 AM (IST)

ਚੰਡੀਗੜ੍ਹ (ਭੁੱਲਰ) - ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ 5ਵੀਂ ਤੇ 8ਵੀਂ 'ਚੋਂ ਅੱਜ 'ਫੇਲ ਨਾ ਕਰਨ ਦੀ ਨੀਤੀ (ਨੋ ਡਿਟੈਂਸ਼ਨ ਪਾਲਿਸੀ) ਨੂੰ ਰੱਦ ਕੀਤੇ ਜਾਣ ਸਬੰਧੀ ਲੋਕ ਸਭਾ 'ਚ ਪਾਸ ਹੋਏ ਸੋਧ ਬਿੱਲ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਸਕੂਲਾਂ ਦੇ ਅਕਾਦਮਿਕ ਵਾਤਾਵਰਣ ਵਿਚ ਵੱਡਾ ਸੁਧਾਰ ਆਵੇਗਾ ਅਤੇ ਸਕੂਲ ਸਿਸਟਮ ਵਧੇਰੇ ਮਜ਼ਬੂਤ ਹੋਵੇਗਾ। ਡਾ. ਚੀਮਾ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਲਈ ਖਾਸ ਤੌਰ 'ਤੇ ਤਸੱਲੀ ਭਰਿਆ ਹੈ ਕਿਉਂਕਿ ਉਨ੍ਹਾਂ ਨੇ ਸਿੱਖਿਆ ਦੇ ਕੇਂਦਰੀ ਸਲਾਹਕਾਰੀ ਬੋਰਡ ਦੀ ਸਬ ਕਮੇਟੀ ਦੇ ਚੇਅਰਮੈਨ ਵਜੋਂ ਸਾਰੀਆਂ ਕਲਾਸਾਂ ਲਈ ਰੈਗੂਲਰ ਪ੍ਰੀਖਿਆਵਾਂ ਲਏ ਜਾਣ ਦਾ ਸੁਝਾਅ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਸਾਡੀ ਕਮੇਟੀ ਨੇ ਨੋਟ ਕੀਤਾ ਸੀ ਕਿ ਸਿੱਖਿਆ ਦੇ ਅਧਿਕਾਰ ਐਕਟ 2009 ਤਹਿਤ ਲਾਗੂ ਕੀਤੀ ਗਈ 'ਫੇਲ ਨਾ ਕਰਨ ਦੀ ਨੀਤੀ' ਆਸ ਤੋਂ ਉਲਟ ਨਤੀਜੇ ਦੇਣ ਵਾਲੀ ਸਾਬਿਤ ਹੋ ਰਹੀ ਸੀ। ਇਸ ਨੀਤੀ ਨੇ ਅਧਿਆਪਨ ਅਤੇ ਪੜ੍ਹਾਈ ਦੋਵਾਂ ਦੀ ਹੀ ਅਕਾਦਮਿਕ ਕੁਸ਼ਲਤਾ ਨੂੰ ਖੋਰਾ ਲਾਇਆ ਸੀ। ਸਾਬਕਾ ਮੰਤਰੀ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਇਸ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੋਧ ਦੇ ਪਾਸ ਹੋਣ ਨਾਲ ਸਿੱਖਿਆ ਦੇ ਅਧਿਕਾਰ ਐਕਟ ਦੀ ਇਕ ਵੱਡੀ ਖਾਮੀ ਦਰੁਸਤ ਹੋ ਗਈ ਹੈ।


Related News