ਕਤਲ ਦੇ ਦੋ ਮਾਮਲਿਆਂ ''ਚ ਸੁਣਵਾਈ ਸ਼ੁਰੂ, ਸਾਬਕਾ ਡਰਾਈਵਰ ਦੇਵੇਗਾ ਗਵਾਹੀ
Sunday, Sep 17, 2017 - 06:39 AM (IST)

ਪੰਚਕੂਲਾ - ਡੇਰਾ ਮੈਂਬਰ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਵਿਚ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਿਚ ਸ਼ਨੀਵਾਰ ਆਖਰੀ ਸੁਣਵਾਈ ਸ਼ੁਰੂ ਹੋਈ। ਦੋਹਾਂ ਕੇਸਾਂ ਵਿਚ ਰਾਮ ਰਹੀਮ ਦੋਸ਼ੀ ਹੈ। ਇਸ ਦੌਰਾਨ ਰਾਮ ਰਹੀਮ ਦੇ ਡਰਾਈਵਰ ਰਹਿ ਚੁੱਕੇ ਖੱਟਾ ਸਿੰਘ ਨੇ ਕਿਹਾ ਕਿ ਉਹ ਬਾਬਾ ਵਿਰੁੱਧ ਬਿਆਨ ਦੇਵੇਗਾ। ਗੁਰਮੀਤ ਰਾਮ ਰਹੀਮ ਸ਼ਨੀਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਇਆ। ਕਤਲ ਦੇ ਦੋਹਾਂ ਮਾਮਲਿਆਂ ਵਿਚ ਉਹ ਪ੍ਰਮੁੱਖ ਸਾਜ਼ਿਸ਼ਕਰਤਾ ਵਜੋਂ ਸ਼ਾਮਲ ਹੈ। ਪੰਚਕੂਲਾ ਦੀ ਪੁਲਸ ਦੇ ਡਿਪਟੀ ਕਮਿਸ਼ਨਰ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਕਿਹਾ ਸੀ ਕਿ ਅਮਨ ਕਾਨੂੰਨ ਦੀ ਹਾਲਤ ਕਾਰਨ ਡੇਰਾ ਮੁਖੀ ਨੂੰ ਪੇਸ਼ੀ ਲਈ ਪੰਚਕੂਲਾ ਨਹੀਂ ਲਿਆਂਦਾ ਜਾ ਸਕਦਾ। ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੇ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੇ 'ਪੰਥ ਮੁਖੀ' ਵਿਰੁੱਧ ਨਵਾਂ ਬਿਆਨ ਦਰਜ ਕਰਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਖੱਟਾ ਸਿੰਘ ਉਕਤ ਦੋਹਾਂ ਕਤਲਾਂ ਦੇ ਮਾਮਲਿਆਂ ਵਿਚ ਇਕ ਗਵਾਹ ਹੈ। 2012 ਵਿਚ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ। ਨਵਕਿਰਨ ਨੇ ਦੋਸ਼ ਲਾਇਆ ਕਿ ਉਹ ਰਾਮ ਰਹੀਮ ਅਤੇ ਉਸ ਦੇ 'ਗੁੰਡਿਆਂ' ਦੇ ਦਬਾਅ ਕਾਰਨ ਮੁੱਕਰਿਆ ਸੀ। ਮਾਣਯੋਗ ਜੱਜ ਜਗਦੀਪ ਸਿੰਘ ਦੀ ਅਦਾਲਤ ਵਿਚ ਉਸ ਦੀ ਅਰਜ਼ੀ 'ਤੇ ਸੁਣਵਾਈ ਲਈ 22 ਸਤੰਬਰ ਦੀ ਮਿਤੀ ਤੈਅ ਕੀਤੀ ਗਈ ਹੈ। ਉਸ ਦਿਨ ਹੀ ਗੁਰਮੀਤ ਰਾਮ ਰਹੀਮ ਦਾ ਪੱਖ ਵੀ ਅਦਾਲਤ ਸੁਣੇਗੀ। ਸੋਮਵਾਰ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ।
ਕਿਉਂ ਹੋਏ ਸਨ ਇਹ ਦੋ ਕਤਲ
ਪਹਿਲਾ ਕਤਲ ਕੇਸ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਨਾਲ ਜੁੜਿਆ ਹੋਇਆ ਹੈ। ਛਤਰਪਤੀ ਨੇ ਆਪਣੀ ਅਖਬਾਰ ਵਿਚ ਡੇਰਾ ਸੱਚਾ ਸੌਦਾ ਵਿਰੁੱਧ ਖਬਰਾਂ ਛਾਪੀਆਂ ਸਨ। ਡੇਰੇ ਵਿਚ ਸਾਧਵੀਆਂ ਦੇ ਸੈਕਸ ਸ਼ੋਸ਼ਣ ਦਾ ਖੁਲਾਸਾ ਸਭ ਤੋਂ ਪਹਿਲਾਂ ਇਸੇ ਅਖਬਾਰ ਨੇ ਕੀਤਾ ਸੀ। ਦੋਸ਼ ਹੈ ਕਿ ਰਾਮ ਰਹੀਮ ਵਿਰੁੱਧ ਖਬਰਾਂ ਛਾਪਣ ਕਾਰਨ ਡੇਰੇ ਦੇ ਦੋ ਸ਼ੂਟਰਾਂ ਨੇ 24 ਅਕਤੂਬਰ 2002 ਨੂੰ ਛਤਰਪਤੀ ਨੂੰ 5 ਗੋਲੀਆਂ ਮਾਰੀਆਂ ਸਨ। ਇਕ ਦੋਸ਼ੀ ਤਾਂ ਮੌਕੇ 'ਤੇ ਹੀ ਫੜਿਆ ਗਿਆ ਸੀ ਜਦ ਕਿ ਦੂਜੇ ਨੂੰ ਬਾਅਦ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਰਣਜੀਤ ਸਿੰਘ ਕਤਲ ਕੇਸ
ਕਤਲ ਦਾ ਇਹ ਮਾਮਲਾ ਸਾਧਵੀਆਂ ਦੇ ਸੈਕਸ ਸ਼ੋਸਣ ਨਾਲ ਹੀ ਜੁੜਿਆ ਹੋਇਆ ਹੈ। ਰਣਜੀਤ ਸਿੰਘ ਡੇਰੇ ਦੀ ਮੈਨੇਜਮੈਂਟ ਕਮੇਟੀ ਦਾ ਮੈਂਬਰ ਸੀ। ਕਿਹਾ ਜਾਂਦਾ ਸੀ ਕਿ ਉਹ ਰਾਮ ਰਹੀਮ ਦੇ ਨੇੜੇ ਹੋਣ ਕਾਰਨ ਉਸ ਦੀਆਂ ਸਭ ਸਰਗਰਮੀਆਂ ਤੋਂ ਜਾਣੂ ਸੀ। 10 ਜੁਲਾਈ 2003 ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਰਾਮ ਰਹੀਮ ਇਸ ਕੇਸ ਵਿਚ ਵੀ ਦੋਸ਼ੀ ਹੈ।