ਸਾਬਕਾ ਡੀ. ਜੀ. ਪੀ. ਰਜਿੰਦਰ ਸਿੰਘ ਹੋਣਗੇ ਭਾਜਪਾ ''ਚ ਸ਼ਾਮਲ!
Friday, May 03, 2019 - 09:43 AM (IST)

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਪਿਛਲੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਨੂੰ ਗ੍ਰਿਫਤਾਰ ਕਰਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਅਫਸਰਾਂ ਵਿਚੋਂ ਇਕ ਈਮਾਨਦਾਰ ਤੇ ਬੇਦਾਗ਼ ਅਫਸਰ ਰਜਿੰਦਰ ਸਿੰਘ (ਆਈ. ਪੀ. ਐੱਸ.) ਸਾਬਕਾ ਡੀ. ਜੀ. ਪੀ. ਪੰਜਾਬ ਜੇਕਰ ਭਾਜਪਾ 'ਚ ਸ਼ਾਮਲ ਹੁੰਦੇ ਹਨ ਤਾਂ ਪੰਜਾਬ ਵਿਚ ਤੇ ਬਾਹਰਲੇ ਸੂਬਿਆਂ ਵਿਚ ਭਾਜਪਾ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲੇਗੀ। ਭਰੋਸੇਯੋਗ ਸੂਤਰਾਂ ਮੁਤਾਬਕ ਰਜਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਮੁੱਖ ਦਾਅਵੇਦਾਰ ਹੁੰਦਿਆਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਆਪਣਾ ਦਾਅਵਾ ਪੇਸ਼ ਕੀਤਾ ਸੀ ਪਰ ਕਾਂਗਰਸ ਨੇ ਐੱਫ. ਸੀ. ਆਈ. ਦੇ ਸਾਬਕਾ ਅਧਿਕਾਰੀ ਅਮਰ ਸਿੰਘ ਨੂੰ ਟਿਕਟ ਦੇ ਦਿੱਤੀ।
ਭਰੋਸੇਯੋਗ ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਜਿੰਦਰ ਸਿੰਘ ਅੱਤਵਾਦ ਵਿਰੁੱਧ ਡਟ ਕੇ ਖੜ੍ਹੇ ਰਹੇ ਤੇ ਉਨ੍ਹਾਂ ਹਮੇਸ਼ਾ ਗਰੀਬਾਂ ਤੇ ਲੋੜਵੰਦ ਲੋਕਾਂ ਦਾ ਸਾਥ ਦਿੱਤਾ। ਉਨ੍ਹਾਂ ਦੇ ਇਨ੍ਹਾਂ ਕੰਮਾਂ ਕਾਰਨ ਲੋਕ ਅੱਜ ਵੀ ਸਤਿਕਾਰ ਕਰਦੇ ਹਨ। ਮੋਹਾਲੀ ਵਿਚ ਰਜਿੰਦਰ ਸਿੰਘ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੇ ਹਨ। ਜੇਕਰ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਭਾਜਪਾ ਨੂੰ ਕਾਫੀ ਲਾਭ ਮਿਲ ਸਕਦਾ ਹੈ ਕਿਉਂਕਿ ਉਹ ਬੜੇ ਪੜ੍ਹੇ-ਲਿਖੇ ਅਤੇ ਕਾਬਲ ਅਫਸਰ ਰਹੇ ਹਨ।