16 ਕਰੋੜ ਰੁਪਏ ਦੇ ਲੋਨ ਘਪਲੇ ''ਚ ਸ਼ਾਮਲ ਸਾਬਕਾ ਕੌਂਸਲਰ ਗ੍ਰਿਫਤਾਰ

02/07/2018 7:23:26 AM

ਕਪੂਰਥਲਾ, (ਭੂਸ਼ਣ)- ਵਿਜੀਲੈਂਸ ਬਿਊਰੋ ਕਪੂਰਥਲਾ ਦੀ ਟੀਮ ਨੇ ਬੀਤੇ ਸਾਲ ਸੁਲਤਾਨਪੁਰ ਲੋਧੀ ਦੀ ਸਟੇਟ ਬੈਂਕ ਆਫ ਪਟਿਆਲਾ ਵਿਚ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਕੀਤੇ ਗਏ 16 ਕਰੋੜ ਰੁਪਏ ਦੇ ਲੋਨ ਘਪਲੇ ਦੇ ਮੁੱਖ ਮੁਲਜ਼ਮ ਸਾਬਕਾ ਕੌਂਸਲਰ ਤਿਲਕ ਰਾਜ ਨੂੰ ਗ੍ਰਿਫਤਾਰ ਕਰ ਕੇ 6 ਦਿਨਾਂ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਹੈ ।
 ਜਾਣਕਾਰੀ ਅਨੁਸਾਰ ਬੀਤੇ ਸਾਲ ਵਿਜੀਲੈਂਸ ਬਿਊਰੋ ਜਲੰਧਰ ਜ਼ੋਨ ਨੂੰ ਸ਼ਿਕਾਇਤ ਮਿਲੀ ਸੀ ਕਿ ਸੁਲਤਾਨਪੁਰ ਲੋਧੀ ਵਿਚ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ 'ਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਰੋੜਾਂ ਰੁਪਏ ਦੇ ਲੋਨ ਜਾਰੀ ਕੀਤੇ ਗਏ ਹਨ। ਇਨ੍ਹਾਂ 'ਚ ਵੱਡੇ ਪੱਧਰ 'ਤੇ ਬੈਂਕ ਰੈਵੀਨਿਊ ਜਾਂ ਪ੍ਰਾਈਵੇਟ ਲੋਕਾਂ ਦੀ ਮਿਲੀਭੁਗਤ ਹੈ। ਬਿਨਾਂ ਵੈਰੀਫਿਕੇਸ਼ਨ ਦੇ 16 ਕਰੋੜ ਰੁਪਏ ਦੇ ਲੋਨ ਸਰਕਾਰੀ ਜਾਇਦਾਦਾਂ 'ਤੇ ਹੀ ਕਰ ਦਿੱਤੇ ਗਏ ਹਨ। ਇਨ੍ਹਾਂ ਘਪਲਿਆਂ 'ਚ ਕਾਫ਼ੀ ਵੱਡੀ ਗਿਣਤੀ 'ਚ ਲੋਕ ਸ਼ਾਮਲ ਹਨ।
 ਵਿਜੀਲੈਂਸ ਬਿਊਰੋ ਜਲੰਧਰ ਜ਼ੋਨ ਦੀ ਟੀਮ ਨੇ ਵੱਡੇ ਪੱਧਰ 'ਤੇ ਡੂੰਘੀ ਜਾਂਚ ਕਰਦੇ ਹੋਏ ਇਕ ਨਾਇਬ ਤਹਿਸੀਲਦਾਰ, ਬੈਂਕ ਅਫਸਰ ਤੇ ਰੈਵੀਨਿਊ ਵਿਭਾਗ ਦੇ ਕਰਮਚਾਰੀ ਸਮੇਤ 26 ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਛਾਪਾਮਾਰੀ ਕੀਤੀ। ਇਸ ਦੌਰਾਨ 14 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 
ਮੁੱਖ ਮੁਲਜ਼ਮ ਸਾਬਕਾ ਕੌਂਸਲਰ ਤਿਲਕ ਰਾਜ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਇਸ ਨੂੰ ਲੈ ਕੇ ਵਿਜੀਲੈਂਸ ਬਿਊਰੋ ਕਪੂਰਥਲਾ ਦੇ ਡੀ. ਐੱਸ. ਪੀ. ਕਰਮਵੀਰ ਸਿੰਘ ਚਾਹਲ ਨੇ ਆਪਣੀ ਟੀਮ ਨਾਲ ਛਾਪਾਮਾਰੀ ਕਰ ਕੇ ਸੁਲਤਾਨਪੁਰ ਲੋਧੀ ਦੇ ਸਾਬਕਾ ਕੌਂਸਲਰ ਤਿਲਕ ਰਾਜ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਅਦਾਲਤ ਨੇ 6 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਗ੍ਰਿਫਤਾਰ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ। 


Related News