ਕਾਂਗਰਸ ਦੇ ਸਾਬਕਾ ਬੁਲਾਰੇ ਗੋਰਾ ਗਿੱਲ ਸਾਥੀਆਂ ਸਮੇਤ ਕੈਪਟਨ ਦੀ ਪਾਰਟੀ ’ਚ ਹੋਏ ਸ਼ਾਮਲ

01/14/2022 7:12:30 PM

ਭੁਲੱਥ (ਰਜਿੰਦਰ ਭੱਟੀ)-ਹਲਕਾ ਭੁਲੱਥ ਦੀ ਸਿਆਸਤ ’ਚ ਉਸ ਸਮੇਂ ਵੱਡਾ ਧਮਾਕਾ ਹੋਇਆ, ਜਦੋ ਕਾਂਗਰਸ ਦੇ ਸਾਬਕਾ ਬੁਲਾਰੇ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਾਸਮਖਾਸ ਅਮਨਦੀਪ ਸਿੰਘ ਗੋਰਾ ਗਿੱਲ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਵਿਚ ਸ਼ਾਮਲ ਹੋ ਗਏ। ਗੋਰਾ ਗਿੱਲ ਤੇ ਉਸ ਦੇ ਸਾਥੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸਪੁੱਤਰ ਰਣਇੰਦਰ ਸਿੰਘ ਨੇ ‘ਪੰਜਾਬ ਲੋਕ ਕਾਂਗਰਸ’ ’ਚ ਸ਼ਾਮਲ ਕੀਤਾ। ਇਸ ਸਬੰਧੀ ਅਮਨਦੀਪ ਸਿੰਘ ਗੋਰਾ ਗਿੱਲ ਨੇ ਆਖਿਆ ਕਿ ਉਹ ਸੀਨੀਅਰ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਤੋਂ ਪੇ੍ਸ਼ਾਨ ਸਨ। ਖਾਸ ਕਰਕੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੋਲਬਾਣੀ ਤੋਂ ਵੀ ਨਾਰਾਜ਼ ਸਨ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਕੀਤੀ ਵੱਡੀ ਮੰਗ

ਸਿੱਧੂ ਨੇ ਕਾਂਗਰਸ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ। ਗੋਰਾ ਗਿੱਲ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹਲਕਾ ਭੁਲੱਥ ਦੇ ਲੋਕਾਂ ਦੀ ਸੇਵਾ ਦੇ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕੀਤਾ ਹੈ ਪਰ ਕਾਂਗਰਸ ਨੇ ਸੇਵਾ ਦਾ ਕੋਈ ਮੁੱਲ ਨਹੀਂ ਪਾਇਆ। ਇਸ ਵੇਲੇ ਕਾਂਗਰਸ ਮੌਕਾਪ੍ਰਸਤ ਅਤੇ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਟਿਕਟ ਸੰਬੰਧੀ ਕਰਵਾਏ ਸਰਵੇ ’ਚ ਉਨ੍ਹਾਂ ਦਾ ਨਾਂ ਬੋਲਦਾ ਸੀ ਪਰ ਉਨ੍ਹਾਂ ਨੂੰ ਟਿਕਟ ਮਿਲਣ ਦੀ ਉਮੀਦ ਨਹੀਂ ਸੀ। ਉਨ੍ਹਾਂ ਦਾ ਪਿਛਲੇ ਦਿਨਾਂ ’ਚ ਪਾਰਟੀ ਵਿਚ ਰਹਿ ਕੇ ਦਮ ਘੁੱਟ ਰਿਹਾ ਸੀ। ਇਸ ਕਰਕੇ ਹੀ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਗੋਰਾ ਗਿੱਲ ਰਾਣਾ ਗੁਰਜੀਤ ਸਿੰਘ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ ਤੇ ਉਨ੍ਹਾਂ ਦੇ ਖਾਸਮਖਾਸ ਹਨ।

ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਦੀ ਅਗਵਾਈ ’ਚ SAD ਸੰਯੁਕਤ ਦਾ ਵਫ਼ਦ ਅਮਿਤ ਸ਼ਾਹ ਨੂੰ ਮਿਲਿਆ, ਚੁੱਕੇ ਇਹ ਮੁੱਦੇ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਫੇਰੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਖ਼ਿਲਾਫ ਕੀਤੀ ਬਿਆਨਬਾਜ਼ੀ ਤੋਂ ਰਾਣਾ ਗੁਰਜੀਤ ਤੇ ਉਨ੍ਹਾਂ ਦੇ ਖਾਸਮਖਾਸ ਖਫ਼ਾ ਚੱਲੇ ਆ ਰਹੇ ਹਨ। ਇਸ ਮੌਕੇ ਗੋਰਾ ਗਿੱਲ ਦੇ ਨਾਲ ਉਨ੍ਹਾਂ ਦੇ ਨਾਲ ਸ਼ਾਮਲ ਹੋਏ ਸਰਪੰਚਾਂ ਤੇ ਪ੍ਰਮੁੱਖ ਕਾਂਗਰਸੀ ਵਰਕਰਾਂ ’ਚ ਉਨ੍ਹਾਂ ਦੇ ਅਤਿ ਨਜ਼ਦੀਕੀ ਸਰਪੰਚ ਨਿਰਮਲ ਸਿੰਘ ਪਿੰਡ ਰਾਮਗੜ੍ਹ, ਪਿੰਡ ਮੰਡਕੁੱਲਾ ਦੀ ਮਹਿਲਾ ਸਰਪੰਚ ਦੇ ਪਤੀ ਮਾਸਟਰ ਬਲਕਾਰ ਸਿੰਘ ਮੰਡਕੁੱਲਾ, ਸਰਪੰਚ ਗੁਰਭੇਜ ਸਿੰਘ ਪਿੰਡ ਪੰਡੋਰੀ ਅਰਾਈਆਂ ਸ਼ਾਮਲ ਹਨ। ਇਥੇ ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪਿੰਡ ਰਾਮਗੜ੍ਹ ਹੈ, ਜਿਥੋਂ ਦੇ ਮੌਜੂਦਾ ਸਰਪੰਚ ਨਿਰਮਲ ਸਿੰਘ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਗੋਰਾ ਗਿੱਲ ਦੇ ਨਾਲ ਪੰਜਾਬ ਲੋਕ ਕਾਂਗਰਸ ’ਚ ਸ਼ਾਮਿਲ ਹੋਏ ਹਨ। 


Manoj

Content Editor

Related News