1200 ਕਰੋੜ ਦੇ ਘਪਲੇ 'ਚ ਘਿਰੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼

Monday, Dec 26, 2022 - 04:44 PM (IST)

1200 ਕਰੋੜ ਦੇ ਘਪਲੇ 'ਚ ਘਿਰੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼

ਚੰਡੀਗੜ੍ਹ- ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਨੇ ਸਿੰਚਾਈ ਮਹਿਕਮੇ 'ਚ ਹੋਏ 1200 ਕਰੋੜ ਦੇ ਘਪਲੇ ਵਿਚ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪੁੱਛਗਿੱਛ ਲਈ ਬੁਲਇਆ ਹੈ। ਸੇਖੋਂ ਨੂੰ 30 ਦਸੰਬਰ ਸਵੇਰੇ 10 ਵਜੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਣਾ ਹੈ। ਵਿਜੀਲੈਂਸ ਨੇ ਪੁੱਛਗਿੱਛ ਲਈ ਸੀਨੀਅਰ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਹੈ। ਸਵਾਲਾਂ ਦਾ ਇਕ ਪ੍ਰੋਫਾਰਮਾ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਹੁਣ ਤੱਕ ਮਿਲੇ ਸੁਰਾਗਾਂ ਨੂੰ ਕ੍ਰਾਸ ਚੈੱਕ ਕੀਤਾ ਜਾਵੇਗਾ। 

ਇਥੇ ਦੱਸਣਯੋਗ ਹੈ ਕਿ ਸਾਲ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਇਸ ਘਪਲੇ ਦਾ ਪਰਦਾਫਾਸ਼ ਹੋਇਆ ਸੀ। ਵਿਜੀਲੈਂਸ ਨੇ ਮਾਮਲੇ ਵਿਚ ਠੇਕੇਦਾਰ ਗੁਰਿੰਦਰ ਸਿੰਘ ਸਮੇਤ ਤਿੰਨ ਇੰਜੀਨੀਅਰ ਨੂੰ ਕਾਬੂ ਕੀਤਾ ਸੀ। ਠੇਕੇਦਾਰ ਗੁਰਿੰਦਰ ਸਿੰਘ ਨੇ ਪੁੱਛਗਿੱਛ ਵਿਚ ਕਈ ਖ਼ੁਲਾਸੇ ਕੀਤੇ ਸਨ। ਉਸ ਨੇ ਦੋਸ਼ ਲਗਾਇਆ ਸੀ ਕਿ ਸਿੰਚਾਈ ਮਹਿਕਮੇ ਵਿਚ ਠੇਕੇ ਅਲਾਟ ਕਰਨ ਵਿਚ ਵੱਡੇ ਪੱਧਰ 'ਤੇ ਧਾਂਧਲੀ ਹੁੰਦੀ ਹੈ। ਠੇਕੇ ਹਾਸਲ ਕਰਨ ਲਈ ਮਹਿੰਗੀਆਂ ਗੱਡੀਆਂ ਤੋਹਫ਼ੇ ਵਿਚ ਦੇਣੀਆਂ ਪੈਂਦੀਆਂ ਸਨ। ਉਸ ਨੇ ਅਧਿਕਾਰੀਆਂ ਅਤੇ ਮੰਤਰੀਆਂ ਦੀ ਭੂਮਿਕਾ 'ਤੇ ਵੀ ਸਵਾਲ ਚੁੱਕੇ ਸਨ। ਹਾਲਾਂਕਿ ਉਸ ਸਮੇਂ ਇਹ ਮਾਮਲਾ ਠੰਡੇ ਬਸਤੇ ਵਿਚ ਚਲਾ ਗਿਆ ਸੀ ਪਰ ਜਿਵੇਂ ਹੀ 2022 ਵਿਚ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਨਵੇਂ ਸਿਰੇ ਤੋਂ ਇਸ ਦੀ ਜਾਂਚ ਖੁੱਲ੍ਹੀ। 

ਇਹ ਵੀ ਪੜ੍ਹੋ : 11 ਸਾਲਾਂ ਤੋਂ ਬਾਅਦ ਦਸੰਬਰ ਦੇ ਆਖਰੀ ਦਿਨ ਸਭ ਤੋਂ ਠੰਡੇ, ਸੀਤ ਲਹਿਰ ਨੇ ਠੁਰ-ਠੁਰ ਕਰਨੇ ਲਾਏ ਲੋਕ

ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਸਾਬਕਾ ਆਈ. ਏ. ਐੱਸ. ਅਧਿਕਾਰੀਆਂ ਅਤੇ ਸਾਬਕਾ ਮੰਤਰੀਆਂ ਤੋਂ ਪੁੱਛਗਿੱਛ ਲਈ ਵਿਜੀਲੈਂਸ ਨੂੰ ਇਜਾਜ਼ਤ ਦਿੱਤੀ ਪਰ ਇਸ ਵਿਚਾਲੇ ਦੋ ਸਾਬਕਾ ਆਈ. ਏ. ਐੱਸ. ਅਧਿਕਾਰੀ ਵਿਦੇਸ਼ ਨਿਕਲ ਗਏ। ਇਸ ਦੇ ਬਾਅਦ ਲੁਕ ਆਊਟ ਨੋਟਿਸ ਜਾਰੀ ਹੋਏ ਤਾਂ ਉਨ੍ਹਾਂ ਨੇ ਅਦਾਲਤ ਦੀ ਸ਼ਰਣ ਲਈ। ਇਸ ਦੇ ਨਾਲ ਹੀ ਐੱਲ.ਓ.ਸੀ. ਨੂੰ ਰੱਦ ਕਰਵਾਇਆ। ਹੁਣ ਤੱਕ ਵਿਜੀਲੈਂਸ ਸਾਬਕਾ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂੰ, ਕੇ. ਬੀ. ਐੱਸ. ਸਿੱਧੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। 

ਇਹ ਵੀ ਪੜ੍ਹੋ : ਅਗਲੇ 24 ਘੰਟਿਆਂ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਪਵੇਗੀ, ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News