ਤਨਖਾਹ ਨਾ ਮਿਲੀ ਤਾਂ ਸ਼ੁਰੂ ਹੋਵੇਗਾ ਤਿੱਖਾ ਸੰਘਰਸ਼

02/27/2018 4:11:53 PM

ਹੁਸ਼ਿਆਰਪੁਰ (ਘੁੰਮਣ)— ਜੰਗਲਾਤ ਵਰਕਰਜ਼ ਯੂਨੀਅਨ ਖੋਜ ਸਰਕਲ ਹੁਸ਼ਿਆਰਪੁਰ ਦੇ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ 'ਚ ਅਤੇ ਵਣ ਪਾਲ ਅਫਸਰ ਖੋਜ ਸਰਕਲ ਹੁਸ਼ਿਆਰਪੁਰ ਵਿਰੁੱਧ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਦੇ ਪਹਿਲੇ ਦਿਨ ਜੰਗਲਾਤ ਵਰਕਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਕੀਤੀ ਰੈਲੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਵਰਕਰਾਂ ਦੀ ਜਨਵਰੀ 2018 ਤੋਂ ਤਨਖਾਹਾਂ ਰਿਲੀਜ਼ ਨਾ ਕਰਨਾ ਅਤੇ ਨੌਕਰੀ ਤੋਂ ਹਟਾਏ ਮੁਲਾਜ਼ਮਾਂ ਕਾਰਣ ਇਸ ਅਧਿਕਾਰੀ ਦਾ ਖੂਬ ਪਿੱਟ-ਸਿਆਪਾ ਕੀਤਾ ਅਤੇ ਇਸ ਅਧਿਕਾਰੀ ਦੀ ਤੁਰੰਤ ਬਦਲੀ ਕਰਨ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ। ਰੋਸ ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪ. ਸ. ਸ. ਫ. ਦੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਥੇ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਜੇਕਰ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਬਹਾਲ ਨਾ ਕੀਤਾ ਗਿਆ ਅਤੇ ਇਨ੍ਹਾਂ ਦੀਆਂ ਤਨਖਾਹਾਂ ਰਿਲੀਜ਼ ਨਾ ਕੀਤੀਆਂ ਗਈਆਂ ਤਾਂ ਪ. ਸ. ਸ. ਫ. ਇਸਨੂੰ ਆਪਣਾ ਸੰਘਰਸ਼ ਸਮਝ ਕੇ ਲੜੇਗੀ ਅਤੇ ਇਸ ਅਧਿਕਾਰੀ ਵਿਰੁੱਧ ਵੱਡੀ ਲਾਮਬੰਦੀ ਕਰਕੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਜੰਗਲਾਤ ਕਾਮਿਆਂ ਦੀਆਂ ਮੰਗਾਂ ਦਾ ਹੱਲ ਜਲਦ ਨਾ ਕੱਢਿਆ ਗਿਆ ਤਾਂ ਇਹ ਸੰਘਰਸ਼ ਲਗਾਤਾਰ ਚਲਦਾ ਰਹੇਗਾ। 
ਰੈਲੀ ਉਪਰੰਤ ਸਮੂਹ ਧਰਨਾਕਾਰੀਆਂ ਵੱਲੋਂ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਨੂੰ ਮਿਲ ਕੇ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਉਨ੍ਹਾਂ ਯਕੀਨ ਦਿਵਾਇਆ ਕਿ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਣ ਦਿੱਤਾ ਜਾਵੇਗਾ। ਅੱਜ ਦੀ ਇਸ ਰੈਲੀ ਨੂੰ ਸਕੱਤਰ ਪਵਨ ਕੁਮਾਰ, ਜੁਗਿੰਦਰ ਸਿੰਘ, ਸੰਤੋਖ ਸਿੰਘ ਤੋਂ ਇਲਾਵਾ ਬਾਕੀ ਬੁਲਾਰਿਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ।


Related News