ਜੰਗਲਾਤ ਕਾਮਿਆਂ ਵੱਲੋਂ ਵਣਪਾਲ ਖਿਲਾਫ ਰੋਸ ਪ੍ਰਦਰਸ਼ਨ ਜਾਰੀ

Thursday, Mar 08, 2018 - 11:58 AM (IST)

ਹੁਸ਼ਿਆਰਪੁਰ (ਘੁੰਮਣ)— ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਖੋਜ ਸਰਕਲ ਹੁਸ਼ਿਆਰਪੁਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਕੀਤਾ ਜਾ ਰਿਹਾ ਲਗਾਤਾਰ ਸੰਘਰਸ਼ 10ਵੇਂ ਦਿਨ 'ਚ ਸ਼ਾਮਲ ਹੋ ਚੁੱਕਾ ਹੈ। ਵੱਖ-ਵੱਖ ਜੱਥੇਬੰਦੀਆਂ ਨੇ ਵਣਪਾਲ ਵੱਲੋਂ ਕਰਮਚਾਰੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਕਤ ਵਣਪਾਲ ਆਪਣੀ ਮਨਮਾਨੀ ਕਰਦਾ ਹੋਇਆ ਕਿਸੇ ਤਰ੍ਹਾਂ ਦੇ ਅਦਾਲਤੀ ਹੁਕਮ ਦਾ ਪਾਲਣ ਵੀ ਨਹੀਂ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 27 ਫਰਵਰੀ ਨੂੰ ਇਸਦੇ ਨੋਟਿਸ ਦੇ ਸਬੰਧ ਵਿਚ ਸਟੇਅ ਮਿਲ ਚੁੱਕਾ ਹੈ ਪਰ ਇਸ ਦੇ ਬਾਵਜੂਦ ਇਸ ਅਧਿਕਾਰੀ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਮੁੜ ਡੇਲੀ-ਵੇਜ਼ ਕਰਮਚਾਰੀ ਹੋਣ ਦਾ ਨੋਟਿਸ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਵਣਪਾਲ ਦੀ ਇਸ ਕਾਰਵਾਈ ਦਾ ਖੋਜ ਸਰਕਲ ਦੇ ਕਰਮਚਾਰੀਆਂ ਅਤੇ ਭਰਾਤਰੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਡੱਟ ਕੇ ਵਿਰੋਧ ਕੀਤਾ। 
ਰੈਲੀ ਮੌਕੇ ਧਰਨਾਕਾਰੀਆਂ ਵੱਲੋਂ ਕਰਮਚਾਰੀਆਂ ਦੇ ਹੱਕ ਵਿਚ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗਾਂ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਅੱਜ ਦੀ ਇਸ ਰੈਲੀ ਨੂੰ ਪ. ਸ. ਸ. ਫ. ਦੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ, ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਤਰਸੇਮ ਲਾਲ, ਗੁਰਦਿਆਲ ਸਿੰਘ, ਪਵਨ ਕੁਮਾਰ, ਗੁਰਬਚਨ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


Related News