ਵਣ ਵਿਭਾਗ ਨੇ ਸਤਲੁਜ ਦਰਿਆ ''ਚ ਚੱਲ ਰਹੇ ਰੇਤ ਦੇ ਨਾਜਾਇਜ਼ ਕਾਰੋਬਾਰ ''ਤੇ ਮਾਰਿਆ ਛਾਪਾ
Sunday, May 20, 2018 - 05:25 AM (IST)

ਲੁਧਿਆਣਾ(ਅਨਿਲ)-ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਸਤਲੁਜ ਦਰਿਆ 'ਚ ਅੱਜ ਸ਼ਾਮ ਨੂੰ ਰੇਤ ਦੇ ਨਾਜਾਇਜ਼ ਕਾਰੋਬਾਰ 'ਤੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਵਿਭਾਗ ਦੇ ਰੇਂਜ ਅਫਸਰ ਜਰਨੈਲ ਸਿੰਘ, ਬਲਾਕ ਅਧਿਕਾਰੀ ਬਲਵੀਰ ਸਿੰਘ ਆਦਿ ਹਾਜ਼ਰ ਸਨ। ਇਨ੍ਹਾਂ ਦੀ ਸੂਚਨਾ ਏ.ਸੀ.ਪੀ. ਵੈਸਟ ਗੁਰਪ੍ਰੀਤ ਸਿੰਘ, ਥਾਣਾ ਲਾਡੋਵਾਲ ਦੇ ਮੁਖੀ ਵਰਿੰਦਰਪਾਲ ਸਿੰਘ, ਥਾਣਾ ਸਰਾਭਾ ਨਗਰ ਦੇ ਮੁਖੀ ਬ੍ਰਿਜਮੋਹਨ ਪੁਲਸ ਫੋਰਸ ਸਮੇਤ ਮੌਕੇ 'ਤੇ ਪੁੱਜ ਗਏ। ਅਧਿਕਾਰੀਆਂ ਨੇ ਖੋਦਾਈ ਕਰ ਰਹੀਆਂ 2 ਪੋਕਲੇਨ ਮਸ਼ੀਨਾਂ ਨੂੰ ਜ਼ਬਤ ਕਰ ਕੇ ਥਾਣਾ ਲਾਡੋਵਾਲ ਪੁਲਸ ਦੇ ਹਵਾਲੇ ਕਰ ਦਿੱਤਾ। ਏ.ਸੀ.ਪੀ. ਗੁਰਪ੍ਰੀਤ ਸਿੰਘ ਦੇ ਮੁਤਾਬਕ ਵਣ ਵਿਭਾਗ ਦੇ ਅਧਿਕਾਰੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਜਿਥੇ ਨਾਜਾਇਜ਼ ਖੋਦਾਈ ਹੋ ਰਹੀ ਹੈ, ਉਥੇ ਵਣ ਵਿਭਾਗ ਦੀ (ਪਿੰਡ ਗੋਇੰਦਵਾਲ) ਜ਼ਮੀਨ ਹੈ, ਜਿਸ 'ਤੇ ਮਨਦੀਪ ਸਿੰਘ, ਰਾਜ ਕੁਮਾਰ ਤੇ ਉਨ੍ਹਾਂ ਦੇ ਹੋਰ ਸਾਥੀ ਰੇਤ ਦਾ ਨਾਜਾਇਜ਼ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।