ਜੰਗਲ ''ਚ ਸ਼ਿਕਾਰ ਖੇਡਣ ਗਏ ਨੌਜਵਾਨਾਂ ਦੇ ਲੱਗੀਆਂ ਗੋਲੀਆਂ, ਇਕ ਦੀ ਮੌਤ (ਤਸਵੀਰਾਂ)

Monday, Dec 04, 2017 - 07:37 PM (IST)

ਜੰਗਲ ''ਚ ਸ਼ਿਕਾਰ ਖੇਡਣ ਗਏ ਨੌਜਵਾਨਾਂ ਦੇ ਲੱਗੀਆਂ ਗੋਲੀਆਂ, ਇਕ ਦੀ ਮੌਤ (ਤਸਵੀਰਾਂ)

ਪਠਾਨਕੋਟ (ਸ਼ਾਰਦਾ, ਮਨਿੰਦਰ) : ਨਗਰ ਤੋਂ ਲਗਭਗ 10-12 ਕਿਲੋਮੀਟਰ ਦੂਰੀ 'ਤੇ ਲੱਗਦੇ ਪਿੰਡ ਬੁੰਗਲ-ਬਧਾਨੀ ਦੇ ਜੰਗਲਾਂ ਵਿਚ ਸ਼ਿਕਾਰ ਖੇਡ ਰਹੇ ਨੌਜਵਾਨਾਂ 'ਚੋਂ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਜਤ ਜੋਸ਼ੀ (20) ਪੁੱਤਰ ਨਰੇਸ਼ ਕੁਮਾਰ ਵਾਸੀ ਦਰੰਗ ਖੱਡ ਅਤੇ ਜ਼ਖ਼ਮੀ ਦੀ ਪਛਾਣ ਪੰਕਜ (23) ਪੁੱਤਰ ਭੂਰੀ ਸਿੰਘ ਵਾਸੀ ਦਰੰਗ ਖੱਡ ਵੱਜੋਂ ਹੋਈ ਹੈ। ਘਟਨਾ ਦੇ ਤੁਰੰਤ ਬਾਅਦ ਜ਼ਖ਼ਮੀ ਹਾਲਤ ਵਿਚ ਦੋਵਾਂ ਨੌਜਵਾਨਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਦੇਰ ਰਾਤ ਰਜਤ ਜੋਸ਼ੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸਾਈਂ ਪੌਲਟੈਕਨਿਕ ਕਾਲਜ ਬਧਾਨੀ ਵਿਚ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਰਿਹਾ ਸੀ ਅਤੇ ਉਹ 5ਵੇਂ ਸਮੈਸਟਰ ਦਾ ਵਿਦਿਆਰਥੀ ਸੀ। ਉਥੇ ਹੀ ਇਸ ਸੰਬੰਧ ਵਿਚ ਜ਼ਖਮੀ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਇਹ ਦੋਵੇਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿਚ ਐਤਵਾਰ ਦੁਪਹਿਰ ਹਸਪਤਾਲ 'ਚ ਲਿਆਂਦਾ ਗਿਆ ਸੀ। ਜਿਸ ਵਿਚ ਰਜਤ ਦੀ ਮੌਤ ਹੋ ਗਈ ਹੈ ਅਤੇ ਦੂਸਰੇ ਨੌਜਵਾਨ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਕੀ ਕਹਿਣਾ ਹੈ ਪੁਲਸ ਦਾ
ਇਸ ਸੰਬੰਧ ਵਿਚ ਮਾਮੂਨ ਪੁਲਸ ਦੇ ਥਾਣਾ ਮੁਖੀ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਹਸਪਤਾਲ ਪ੍ਰਬੰਧਨ ਤੋਂ ਇਸ ਬਾਰੇ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਵਾਰਦਾਤ ਵਾਲੀ ਜਗ੍ਹਾ ਦੀ ਜਾਂਚ ਕੀਤੀ। ਜਿਸ ਬੰਦੂਕ 'ਚੋਂ ਗੋਲੀ ਚੱਲੀ ਹੈ, ਉਸ ਦੇ ਮਾਲਕ ਅਤੇ ਘਟਨਾ ਵਿਚ ਜ਼ਖ਼ਮੀ ਹੋਏ ਉਸ ਦੇ ਬੇਟੇ ਪੰਕਜ 'ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News