ਸਨੌਰ ਜੰਗਲ ’ਚ ਲੱਗੀ ਭਿਆਨਕ ਅੱਗ ਦੇ ਤਾਰ ਧਰਮਸੌਤ ਨਾਲ ਜੁੜਨ ਦੀਆਂ ਚਰਚਾਵਾਂ ਨੇ ਅਧਿਕਾਰੀਆਂ ਦੇ ਉਡਾਏ ਹੋਸ਼!

Wednesday, Jun 08, 2022 - 11:51 AM (IST)

ਸਨੌਰ ਜੰਗਲ ’ਚ ਲੱਗੀ ਭਿਆਨਕ ਅੱਗ ਦੇ ਤਾਰ ਧਰਮਸੌਤ ਨਾਲ ਜੁੜਨ ਦੀਆਂ ਚਰਚਾਵਾਂ ਨੇ ਅਧਿਕਾਰੀਆਂ ਦੇ ਉਡਾਏ ਹੋਸ਼!

ਪਟਿਆਲਾ/ਸਨੌਰ (ਮਨਦੀਪ ਜੋਸਨ) : ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਪੰਜਾਬ ਵਿਜੀਲੈਂਸ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਦੇ ਤਾਰ ਲੰਘੇ ਦਿਨ ਸਨੌਰ-ਕਰਤਾਰਪੁਰ ਜੰਗਲ ’ਚ ਲੱਗੀ ਅੱਗ ਨਾਲ ਸੜੇ ਸੈਂਕੜੇ ਦਰਖੱਤਾਂ ਨਾਲ ਜੁੜਨ ਦੀਆਂ ਚਰਚਾਵਾਂ ਨੇ ਕਈ ਅਧਿਕਾਰੀਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਕੇ ਐੱਫ. ਆਈ. ਆਰ. ਦਰਜ ਕੀਤੀ ਸੀ ਕਿ ਉਹ ਪਰ ਦਰਖੱਤ ਕਟਾਈ ਦਾ 500 ਰੁਪਏ ਰਿਸ਼ਵਤ ਲੈਂਦੇ ਸਨ। ਉਧਰੋਂ ਦੋ ਦਿਨ ਪਹਿਲਾਂ ਸਨੌਰ-ਕਰਤਾਰਪੁਰਾ ਜੰਗਲ ’ਚ ਲੱਗੀ ਅੱਗ ’ਚ ਵੀ ਨਾਜਾਇਜ਼ ਦਰਖੱਤਾਂ ਦੀ ਕਟਾਈ ਦੇ ਭਖੇ ਮਾਮਲੇ ਨੇ ਸਾਰਾ ਦਿਨ ਜਿਥੇ ਸਿਆਸੀ ਗਲਿਆਰਿਆਂ ’ਚ ਭੜਥੂ ਪਾਈ ਰੱਖਿਆ। ਦੂਜੇ ਪਾਸੇ ਜੰਗਲਾਤ ਮਹਿਕਮੇ ਨਾਲ ਸਬੰਧਤ ਅਫਸਰਾਂ ਦੇ ਸਾਹ ਵੀ ਗਲੇ ’ਚ ਅਟਕੇ ਰਹੇ।

ਬੀਤੇ ਦਿਨ ਅਚਾਨਕ ਚੰਗੇ-ਭਲੇ ਖੜ੍ਹੇ ਜੰਗਲ ’ਚ ਲੱਗੀ ਅੱਗ ਕਾਰਨ ਸੈਂਕੜੇ ਦਰੱਖਤ ਅਤੇ ਜੰਗਲੀ ਜਾਨਵਰ ਸੜ ਗਏ ਅਤੇ ਇਹੋ ਗੱਲ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਜੰਗਲਾਤ ਮਹਿਕਮੇ ਦੇ ਅੰਦਰੂਨੀ ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਦਰੱਖਤਾਂ ਦੀ ਨਾਜਾਇਜ਼ ਵਢਾਈ ਲਈ ਜਿਹੜੀਆਂ ਰਿਸ਼ਵਤਾਂ ਦਿੱਤੇ ਜਾਣ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਧੂ ਸਿੰਘ ਧਰਮਸੌਤ ਅਤੇ ਹੋਰਨਾਂ ਵਿਰੁੱਧ ਐੱਫ. ਆਈ. ਆਰ. ’ਚ ਦਰਜ ਕੀਤੀ ਗਈ ਹੈ, ਉਸ ’ਚ ਵੀ ਇਹ ਸਪੱਸ਼ਟ ਤੌਰ ’ਤੇ ਲਿਖਿਆ ਹੈ ਕਿ ਦਰੱਖਤਾਂ ਦੀ ਕਟਾਈ ਸਬੰਧੀ 500 ਰੁਪਏ ਮੰਤਰੀ ਦੇ, 200 ਜ਼ਿਲ੍ਹਾ ਜੰਗਲਾਤ ਅਧਿਕਾਰੀ (ਡੀ. ਐੱਫ. ਓ.) ਅਤੇ 100-100 ਰੁਪਏ ਰੇਂਜ, ਬਲਾਕ ਅਧਿਕਾਰੀ ਤੇ ਫਾਰੈਸਟ ਗਾਰਡ ਵੱਲੋਂ ਲਏ ਜਾਂਦੇ ਸਨ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੀ।

ਗੈਰ-ਕਾਨੂੰਨੀ ਕਟਾਈ ਦਾ ਇਹ ਸਿਲਸਿਲਾ ਜੰਗਲਾਤ ਮਹਿਕਮੇ ਦੇ ਅਧੀਨ ਪੈਂਦੀਆਂ ਬੀੜਾਂ ਅੰਦਰ ਵੀ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਇਸੇ ਦਾ ਨਤੀਜਾ ਪਟਿਆਲਾ ਦੀ ਬੀੜ ਕਰਤਾਰਪੁਰ ’ਚ ਪੈਂਦੇ ਰੁੱਖਾਂ ਦੀ ਨਾਜਾਇਜ਼ ਕਟਾਈ ਦੇ ਰੂਪ ’ਚ ਸਾਹਮਣੇ ਆਇਆ। ਹੁਣ ਕਿਉਂਕਿ ਅਜਿਹੀਆਂ ਬੀੜਾਂ ਅੰਦਰ ਆਮ ਲੋਕਾਂ ਦੇ ਜਾਣ ’ਤੇ ਪਾਬੰਦੀ ਹੈ ਪਰ ਜਿਊਂ ਹੀ ਜੰਗਲਾਤ ਅਧਿਕਾਰੀਆਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਪਣੇ ਮਹਿਕਮੇ ਦੇ ਕਥਿਤ ਰਿਸ਼ਵਤਖੋਰ ਅਧਿਕਾਰੀ ਅਤੇ ਸਾਬਕਾ ਮੰਤਰੀਆਂ ਦੀ ਇਸ ਮਾਮਲੇ ’ਚ ਧੌਣ ਨੱਪੇ ਜਾਣ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੇ ਹੱਥ-ਪੈਰ ਫੁੱਲ ਗਏ।

ਫੋਨਾਂ ’ਤੇ ਗਰੁੱਪ ਮੀਟਿੰਗਾਂ ਹੋਈਆਂ ਤੇ ਡਰ ਸਤਾਉਣ ਲੱਗਿਆ ਕਿ ਜੇਕਰ ਇਨ੍ਹਾਂ ਬੀੜਾਂ ਅੰਦਰ ਵੱਢੇ ਗਏ ਨਾਜਾਇਜ਼ ਦਰੱਖਤਾਂ ਵੱਲ ਮੁੜ ਗਈ ਤਾਂ ਧੌਣ ਉਨ੍ਹਾਂ ਦੀ ਵੀ ਨੱਪੀ ਜਾਵੇਗੀ ਕਿਉਂਕਿ ਕੱਟੇ ਹੋਏ ਦਰੱਖਤਾਂ ਦੇ ਮੁੱਢ ਹਾਲੇ ਵੀ ਕੌੜਾ-ਕੌੜਾ ਝਾਕ ਕੇ ਰਿਸ਼ਵਤਖੋਰ ਅਧਿਕਾਰੀਆਂ ਸਬੰਧੀ ਗਵਾਹੀ ਦੇਣ ਦੀਆਂ ਧਮਕੀਆਂ ਦੇ ਰਹੇ ਸਨ। ਇਸੇ ਡਰੋਂ ਸਬੂਤ ਮਿਟਾਉਣ ਲਈ ਅੰਦਰਖਾਤੇ ਬੀੜ ਕਰਤਾਰਪੁਰ-ਸਨੌਰ ਦੇ ਜੰਗਲਾਂ ਨੂੰ ਹੀ ਅੱਗ ਲਗਾ ਦਿੱਤੀ ਗਈ ਤਾਂ ਕਿ ‘ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬਾਂਸੁਰੀ’ ਵਾਲੀ ਗੱਲ ਹੋ ਜਾਵੇ।

 


author

Gurminder Singh

Content Editor

Related News