ਵਿਦੇਸ਼ੋਂ ਪਰਤੇ ਵਿਅਕਤੀਆਂ ਨੂੰ 14 ਦਿਨਾਂ ਤਕ ਆਪਣੇ ਘਰ ’ਚ ਰਹਿਣ ਦੇ ਹੁਕਮ
Tuesday, Mar 24, 2020 - 11:55 PM (IST)
ਸ੍ਰੀ ਚਮਕੌਰ ਸਾਹਿਬ (ਕੌਸ਼ਲ)- ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲੇ ਵਿਦੇਸ਼ਾਂ ਤੋਂ ਪਰਤੇ 2 ਸ਼ੱਕੀ ਕੋਰੋਨਾ ਦੇ ਮਰੀਜ਼ਾਂ ਵਿਰੁੱਧ ਸਥਾਨਕ ਐੱਸ. ਐੱਮ. ਸਾਹਿਬ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਐੱਚ. ਓ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਹਾਫਿਜ਼ਾਬਾਦ ਦਾ ਅਮ੍ਰਿਤਪਾਲ ਸਿੰਘ ਜੋ ਨਿਊਜ਼ੀਲੈਂਡ ਤੋਂ ਪਰਤਿਆ ਸੀ ਉਸ ਨੂੰ 14 ਦਿਨਾਂ ਤਕ ਸਿਹਤ ਵਿਭਾਗ ਨੇ ਆਪਣੇ ਘਰ ਰਹਿਣ ਦੇ ਹੁਕਮ ਦਿੱਤੇ ਸਨ ਪਰ ਉਹ ਨਜ਼ਦੀਕੀ ਪਿੰਡ ਅਮਰਾਲੀ ਵਿਚ ਆਪਣਾ ਵਿਆਹ ਕਰਵਾਉਣ ਲਈ ਚਲਾ ਗਿਆ, ਜਿਸ ਕਾਰਣ ਉਸ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਬਜੀਦਪੁਰ ਦੇ ਜਸਪਾਲ ਸਿੰਘ ਦੇ ਵਿਰੁੱਧ ਵੀ ਮੁਕੱਦਮਾ ਦਰਜ ਕੀਤਾ ਗਿਆ, ਕਿਉਂਕਿ ਇਹ ਵਿਅਕਤੀ ਦੁਬਈ ਤੋਂ ਵਾਪਸ ਪਰਤਿਆ ਸੀ ਇਸ ਨੂੰ ਨਿਯਮਾਂ ਮੁਤਾਬਕ 14 ਦਿਨ ਘਰ ਰਹਿਣ ਅਤੇ ਕਿਸੇ ਨੂੰ ਨਾ ਮਿਲਣ ਬਾਰੇ ਹੁਕਮ ਦਿੱਤੇ ਗਏ ਸਨ ਪਰ ਇਹ ਵਿਅਕਤੀ ਜ਼ਿਲਾ ਲੁਧਿਆਣਾ ਦੇ ਪਿੰਡ ਹਸਨਪੁਰ ਵਿਚ ਆਪਣੇ ਨਾਨਕੇ ਵਿਆਹ ਤੇ ਚਲਾ ਗਿਆ, ਇਸ ਲਈ ਇਸ ਵਿਰੁੱਧ ਵੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਉੱਧਰ ਇਸ ਸਬੰਧੀ ਸਪੱਸ਼ਟ ਕਰਦਿਆਂ ਐੱਸ. ਡੀ. ਐੱਮ. ਮਨਕੰਵਲ ਸਿੰਘ ਚਾਹਲ ਨੇ ਦੱਸਿਆ ਕਿ ਇਸ ਇਲਾਕੇ ਵਿਚ ਲੱਗਭਗ 70 ਵਿਅਕਤੀ ਵਿਦੇਸ਼ੋਂ ਪਰਤੇ ਹਨ ਜਿਨ੍ਹਾਂ ਨੂੰ 14 ਦਿਨਾਂ ਲਈ ਲੋਕਾਂ ਅਤੇ ਪਰਿਵਾਰਿਕ ਮੈਂਬਰਾਂ ਤੋਂ ਅਲੱਗ ਥਲੱਗ ਰਹਿਣ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਕੋਰੋਨਾ ਵਾਇਰਸ ਜਿਸ ਦਾ ਪ੍ਰਭਾਵ ਤੇ ਲੱਛਣ 14 ਦਿਨ ਤਕ ਪਤਾ ਲੱਗਣਗੇ, ਉਸ ਦੀ ਜਾਣਕਾਰੀ ਮਿਲ ਸਕੇ ਅਤੇ ਜੇਕਰ ਕੋਈ ਵਿਦੇਸ਼ੋਂ ਪਰਤਿਆ ਉਪਰੋਕਤ ਵਿਅਕਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਇਆ ਤਾਂ ਉਹ ਅੱਗੇ ਹੋਰ ਵਾਇਰਸ ਨਾ ਫੈਲ ਸਕੇ ਪਰ ਜੇਕਰ ਕੋਈ ਉਪਰੋਕਤ ਸਥਿਤੀ ਪੈਦਾ ਕਰਦਾ ਹੈ ਤਾਂ ਕਿਸੇ ਕਿਸਮ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। ਕਾਨੂੰਨ ਮੁਤਾਬਿਕ ਉਸ ਤੇ ਪਰਚਾ ਦਰਜ ਕੀਤਾ ਜਾਵੇਗਾ।