ਕੋਰੋਨਾ ਵਾਇਰਸ : ਵਿਦੇਸ਼ੋਂ ਆਏ 76 ਲੋਕਾਂ ਨੂੰ ਸਕਰੀਨਿੰਗ ਕਰ ਹੋਟਲਾਂ ’ਚੋਂ ਚੁੱਕਿਆ
Tuesday, Mar 24, 2020 - 11:43 AM (IST)
ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਪੰਜਾਬ ’ਚ ਵਾਇਰਸ ਦੇ 21 ਪਾਜ਼ੇਟਿਵ ਅਤੇ 55 ਸ਼ੱਕੀ ਮਾਮਲੇ ਆਉਣ ਉਪਰੰਤ ਵਿਭਾਗ ਹੁਣ ਰਿਸਕ ਲੈਣ ਨੂੰ ਤਿਆਰ ਨਹੀਂ। ਵਿਭਾਗ ਵਲੋਂ ਅੱਜ ਜ਼ਿਲੇ ਦੇ ਵੱਖ-ਵੱਖ ਹੋਟਲਾਂ ’ਚ ਠਹਿਰੇ ਵਿਦੇਸ਼ੋਂ ਆਏ 76 ਲੋਕਾਂ ਨੂੰ ਭਾਰੀ ਪੁਲਸ ਬਲ ਦੇ ਸਹਿਯੋਗ ਨਾਲ ਉਠਾ ਕੇ ਉਨ੍ਹਾਂ ਦੀ ਜ਼ਿਲਾ ਪੱਧਰੀ ਸਕਰੀਨਿੰਗ ਕਰਵਾਈ ਗਈ, ਜਿਨ੍ਹਾਂ ’ਚੋਂ ਇਕ ਕੁੜੀ ਨੂੰ ਸਾਵਧਾਨੀ ਦੇ ਤੌਰ ’ਤੇ ਤੁਰੰਤ ਸਰਕਾਰੀ ਰੀ-ਹੈਬ ਕੇਂਦਰ ਦਾਖਲ ਕੀਤਾ ਹੈ। ਚੁੱਕੇ ਗਏ ਕੁਝ ਲੋਕਾਂ ਨੇ ਵਿਭਾਗੀ ਕਾਰਵਾਈ ਦਾ ਜਦੋਂ ਵਿਰੋਧ ਕੀਤਾ ਤਾਂ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਲੋਕ ਹਿੱਤ ਲਈ ਉਹ ਕੰਮ ਕਰ ਰਹੇ ਹਨ। ਜੇਕਰ ਉਨ੍ਹਾਂ ਨੇ ਸਰਕਾਰੀ ਕੰਮ ’ਚ ਰੁਕਾਵਟ ਪਾਈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ’ਚ ਕੋਰੋਨਾ ਵਾਇਰਸ ਦੇ ਨਿੱਤ ਤੇਜ਼ੀ ਨਾਲ ਵੱਧ ਰਹੇ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਚੌਕਸ ਹੋ ਗਿਆ ਹੈ। ਵਿਭਾਗ ਕਿਸੇ ਵੀ ਤਰ੍ਹਾਂ ਦੀ ਢਿੱਲਮੱਠ ਨੂੰ ਬਰਦਾਸ਼ਤ ਕਰਨ ਦੇ ਹੱਕ ’ਚ ਨਹੀਂ ਹੈ।
ਪਿਛਲੇ 6 ਦਿਨਾਂ ’ਚ ਜਿੱਥੇ ਵਿਦੇਸ਼ਾਂ ਤੋਂ ਆਏ 190 ਵਿਅਕਤੀਆਂ ਦੀ ਜ਼ਿਲਾ ਪੱਧਰ ਸਿਵਲ ਹਸਪਤਾਲ ’ਚ ਸਕਰੀਨਿੰਗ ਕੀਤੀ ਗਈ ਹੈ, ਉਥੇ ਅੱਜ ਵਿਭਾਗ ਦੀਆਂ ਵੱਖ-ਵੱਖ ਟੀਮਾਂ ਸਮੇਤ ਪ੍ਰਬੰਧਕੀ ਅਧਿਕਾਰੀ ਜੇ. ਪੀ. ਸਲਵਾਨ ਦੇ ਅਗਵਾਈ ’ਚ ਹਸਪਤਾਲ ਵਿਚ 76 ਲੋਕਾਂ ਨੂੰ ਸਕਰੀਨਿੰਗ ਲਈ ਹਸਪਤਾਲ ਲਿਆਂਦਾ ਗਿਆ।ਪ੍ਰਬੰਧਕੀ ਅਧਿਕਾਰੀ ਜੇ. ਪੀ. ਸਲਵਾਨ ਵੱਲੋਂ ਫਿਲਪੀਨਸ ਤੋਂ ਆਏ 14 ਮੈਂਬਰਾਂ ਦੀ ਸਕਰੀਨਿੰਗ ਕੀਤੀ ਗਈ ਤਾਂ ਉਨ੍ਹਾਂ ’ਚੋਂ 24 ਸਾਲ ਦੀ ਲਡ਼ਕੀ ਦੀ ਹਾਲਤ ਨੂੰ ਵੇਖਦੇ ਹੋਏ ਸਾਵਧਾਨੀ ਦੇ ਤੌਰ ’ਤੇ ਕੇਂਦਰ ’ਚ ਦਾਖਲ ਕਰਨ ਲਈ ਭੇਜ ਦਿੱਤਾ ਗਿਆ। ਦੂਜੇ ਪਾਸੇ ਸਿਵਲ ਹਸਪਤਾਲ ਦੇ ਇੰਚਾਰਜ ਡਾ. ਅਰੁਣ ਸ਼ਰਮਾ ਦੀ ਅਗਵਾਈ ’ਚ ਮਰੀਜ਼ਾਂ ਦੀ ਵਿਸ਼ੇਸ਼ ਸਕਰੀਨਿੰਗ ਕੀਤੀ ਗਈ। ਐਮਰਜੈਂਸੀ ਵਿਚ ਬਣਾਏ ਗਏ 61 ਨੰਬਰ ਕਮਰੇ ਵਿਚ ਇਕ ਡਾਕਟਰ, ਸਟਾਫ ਨਰਸ ਅਤੇ ਫਾਰਮਾਸਿਸਟ ਨੂੰ ਤਾਇਨਾਤ ਕੀਤਾ ਗਿਆ ਹੈ ਜੋਕਿ ਪ੍ਰਤੀ ਮਰੀਜ਼ ਦੀ ਰਿਪੋਰਟ ਤੁਰੰਤ ਡਾਕਟਰ ਅਰੁਣ ਨੂੰ ਦੇ ਰਹੇ ਹਨ। ਡਾ. ਅਰੁਣ ਉੱਚਾਧਿਕਾਰੀਆਂ ਨੂੰ ਰਿਪੋਰਟ ਭੇਜ ਰਹੇ ਹਨ। ਇਧਰ ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਹਸਪਤਾਲ ’ਚ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕਰ ਰਹੇ ਹਨ। ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਵਿਭਾਗ ਗੰਭੀਰਤਾ ਨਾਲ ਆਪਣਾ ਕੰਮ ਕਰ ਰਿਹਾ ਹੈ।
ਪੜ੍ਹੋਂ ਇਹ ਵੀ ਖਬਰ - ਕੋਰੋਨਾ ਦਾ ਖੌਫ : ਦੇਖੋ ਵਿਦੇਸ਼ੋਂ ਪਰਤੇ ਲੋਕਾਂ ਨੂੰ ਕਿਵੇਂ ਘਰਾਂ 'ਚੋਂ ਚੁੱਕ ਰਹੀ ਪੰਜਾਬ ਪੁਲਸ
ਪੜ੍ਹੋਂ ਇਹ ਵੀ ਖਬਰ - ਮਹਾਰਾਸ਼ਟਰ : ਵਿਦੇਸ਼ ਯਾਤਰਾ ਨਹੀਂ, ਵਿਆਹ 'ਚ ਸ਼ਾਮਲ ਹੋਣ ਕਾਰਨ ਔਰਤ ਕੋਰੋਨਾ ਪੋਜ਼ੀਟਿਵ
ਸਰਕਾਰੀ ਮੈਡੀਕਲ ਕਾਲਜ ਨੇ ਬਣਾਈ ਟਾਸਕ ਫੋਰਸ
ਕੋਰੋਨਾ ਵਾਇਰਸ ਦੇ ਪੰਜਾਬ ਵਿਚ ਵੱਧਦੇ ਹੋਏ ਮਰੀਜ਼ਾਂ ਨੂੰ ਵੇਖ ਕੇ ਸਰਕਾਰੀ ਮੈਡੀਕਲ ਪ੍ਰਸ਼ਾਸਨ ਨੇ ਉੱਚਾਧਿਕਾਰੀਆਂ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਦੀ ਪ੍ਰਧਾਨਗੀ ਵਿਚ ਟਾਸਕ ਫੋਰਸ ਬਣਾਈ ਗਈ ਹੈ। ਇਸ ’ਚ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਟਾਸਕ ਫੋਰਸ ਨਿੱਤ ਪੈਦਾ ਹੋਣ ਵਾਲੇ ਹਾਲਾਤ ਨੂੰ ਵੇਖਦੇ ਹੋਏ ਰੋਜ਼ਾਨਾ ਮੀਟਿੰਗ ਕਰੇਗੀ ਅਤੇ ਪਿਛਲੇ 24 ਘੰਟੇ ਵਿਚ ਕੀ ਹੋਇਆ ਅਤੇ ਅਗਲੇ 24 ਘੰਟਿਆਂ ਵਿਚ ਕੀ ਕਰਨਾ ਹੈ, ਉਸ ਸਬੰਧੀ ਚਰਚਾ ਕਰੇਗੀ।
ਵਿਭਾਗ ਨੇ ਬਣਾਈ ਰੈਪਿਡ ਰਿਸਪਾਂਸ ਟੀਮ
ਸਿਹਤ ਵਿਭਾਗ ਦੀ ਟੀਮ ਨੇ ਦਿਹਾਤੀ ਇਲਾਕਿਆਂ ਨੂੰ 8 ਸੈਕਟਰ ’ਚ ਵੰਡਦੇ ਹੋਏ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕਰ ਦਿੱਤਾ ਹੈ। 8 ਸੈਕਟਰਾਂ ਲਈ ਬੀ. ਈ. ਈ. ਦੀ ਨਿਯੁਕਤੀ ਕਰ ਦਿੱਤੀ ਹੈ। ਇਸ ਦੇ ਇਲਾਵਾ ਜ਼ਿਲੇ ਲਈ ਮੀਡੀਆ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ। ਇਹ ਟੀਮਾਂ ਸ਼ਹਿਰ ਅਤੇ ਦਿਹਾਤੀ ਇਲਾਕੇ ’ਚ ਵਿਦੇਸ਼ ਤੋਂ ਆਏ ਉਨ੍ਹਾਂ ਲੋਕਾਂ ’ਤੇ ਨਜ਼ਰ ਰੱਖੇਗੀ, ਜਿਨ੍ਹਾਂ ਨੂੰ ਕਵਾਰੰਟਾਈਨ ਕੀਤਾ ਗਿਆ ਹੈ।
ਇਸਤੇਮਾਲ ਕੀਤੇ ਮਾਸਕ ਨੂੰ ਖੁੱਲ੍ਹੇ ’ਚ ਨਾ ਸੁੱਟੋ
ਲੋਕ ਕੋਰੋਨਾ ਤੋਂ ਬਚਣ ਲਈ ਮਾਸਕ ਦੀ ਵਰਤੋਂ ਕਰ ਰਹੇ ਹਨ ਪਰ ਜ਼ਿਆਦਾਤਰ ਲੋਕ ਵਾਇਰਸ ਦੇ ਬਚਾਅ ਲਈ ਵਰਤੋਂ ’ਚ ਲਿਆਂਦੇ ਗਏ ਮਾਸਕ ਖੁੱਲ੍ਹੇ ’ਚ ਸੁੱਟ ਕੇ ਰੋਗ ’ਚ ਹੋਰ ਵਾਧਾ ਕਰ ਰਹੇ ਹਨ। ਪਾਏ ਹੋਏ ਮਾਸਕ ਨੂੰ ਸਾੜ ਕੇ ਜਾਂ ਦਫਨਾ ਕੇ ਇਸ ਨੂੰ ਡਿਸਪੋਜ਼ ਕਰੋ ਨਹੀਂ ਤਾਂ ਇਸ ਤੋਂ ਹੋਣ ਵਾਲੀ ਤ੍ਰਾਸਦੀ ਇੰਨੀ ਭਿਆਨਕ ਹੋਣ ਵਾਲੀ ਹੈ, ਜਿਸ ਦਾ ਅੰਦਾਜ਼ਾ ਨਹੀਂ ਲਾ ਸਕਦੇ।
ਸਿਵਲ ਸਰਜਨ ਖੁਦ ਹੋਏ ਬੀਮਾਰ
ਕੋਰੋਨਾ ਵਾਇਰਸ ਸਬੰਧੀ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਪਿਛਲੇ 4 ਦਿਨਾਂ ਤੋਂ ਇੰਨਾ ਕੰਮ ਕਰ ਰਹੇ ਹਨ ਕਿ ਨਾ ਉਨ੍ਹਾਂ ਦਾ ਖਾਣ ਵੱਲ ਧਿਆਨ ਹੈ ਅਤੇ ਨਾ ਹੀ ਉਨ੍ਹਾਂ ਨੂੰ ਸੌਣ ਨੂੰ ਮਿਲ ਰਿਹਾ ਹੈ। ਕੰਮ ਅਤੇ ਥਕਾਵਟ ਕਾਰਣ ਸਿਵਲ ਸਰਜਨ ਨੂੰ ਬੁਖਾਰ ਹੋ ਗਿਆ ਹੈ। ਉਨ੍ਹਾਂ ਦੀ ਸ਼ੂਗਰ ਵੀ ਕਾਫ਼ੀ ਵੱਧ ਗਈ ਹੈ।
ਕਰਫਿਊ ਦੌਰਾਨ ਮੀਡੀਆ ’ਤੇ ਵੀ ਰੋਕ!
ਕਰਫਿਊ ਦੌਰਾਨ ਜਿੱਥੇ ਜ਼ਿਲਾ ਪ੍ਰਸ਼ਾਸਨ ਆਪਣਾ ਧਰਮ ਨਿਭਾਅ ਰਿਹਾ ਹੈ, ਉਥੇ ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣਾ ਕੰਮ ਕਰ ਰਿਹਾ ਹੈ। ਕੁਝ ਪੁਲਸ ਅਧਿਕਾਰੀ ਲੋਕਤੰਤਰ ਦੇ ਚੌਥੇ ਥੰਮ ਮੀਡੀਆ ’ਤੇ ਰੋਕ ਲਾ ਕੇ ਉਸ ਨੂੰ ਵੀ ਕਰਫਿਊ ’ਚ ਰਹਿਣ ਦੇ ਆਦੇਸ਼ ਦੇ ਰਹੇ ਹਨ। ਜਗ ਬਾਣੀ ਵੱਲੋਂ ਜਦੋਂ ਕਰਫਿਊ ਦੌਰਾਨ ਪੁਲਸ ਵਲੋਂ ਕੀਤੀ ਜਾ ਰਹੀ ਸਖਤੀ ਸਬੰਧੀ ਕਵਰੇਜ ਕੀਤੀ ਜਾ ਰਹੀ ਸੀ ਤਾਂ ਇਕ ਐੱਸ. ਐੱਚ. ਓ. ਨੇ ਸਪੱਸ਼ਟ ਕਹਿ ਦਿੱਤਾ ਕਿ ਆਪਣੇ ਘਰਾਂ ਨੂੰ ਚਲੇ ਜਾਓ, ਨਹੀਂ ਤਾਂ ਪੱਤਰਕਾਰਾਂ ’ਤੇ ਵੀ ਕਾਰਵਾਈ ਕਰ ਦਿਆਂਗੇ। ਜਦੋਂ ਉਨ੍ਹਾਂ ਨੂੰ ਬੋਲਿਆ ਗਿਆ ਕਿ ਸਾਡੇ ਕੋਲ ਸਰਕਾਰ ਵੱਲੋਂ ਜਾਰੀ ਪਛਾਣ ਪੱਤਰ ਹਨ ਤਾਂ ਉਸ ਨੇ ਬਿਨਾਂ ਵੇਖੇ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦੇ ਦਿੱਤੀ।