ਪਹਿਲੀ ਵਾਰ ‘ਮੰਗਵੇਂ’ ਅਫਸਰ ਦੇ ਸਹਾਰੇ ਹਲਕੇ ’ਚ ਮਨਾਇਆ ਜਾਵੇਗਾ ਅਾਜ਼ਾਦੀ ਦਾ ਜਸ਼ਨ

Wednesday, Aug 15, 2018 - 05:26 AM (IST)

ਪਹਿਲੀ ਵਾਰ ‘ਮੰਗਵੇਂ’ ਅਫਸਰ ਦੇ ਸਹਾਰੇ ਹਲਕੇ ’ਚ ਮਨਾਇਆ ਜਾਵੇਗਾ ਅਾਜ਼ਾਦੀ ਦਾ ਜਸ਼ਨ

 ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਪੰਜਾਬ ਵਿਧਾਨ ਸਭਾ ਨੂੰ ਹਰ ਵਾਰ ਇਕ ਤੋਂ ਵੱਧ ਵਿਧਾਨ ਸਭਾ ਮੈਂਬਰ ਦੇਣ ਵਾਲਾ ਮਾਲਵੇ ਦਾ ਅਹਿਮ ਹਲਕਾ ਨਿਹਾਲ ਸਿੰਘ ਵਾਲਾ ਨੂੰ ਇਸ ਵਾਰ ਸਬ-ਡਵੀਜ਼ਨ ਪੱਧਰ ’ਤੇ ਕੌਮੀ ਝੰਡਾ ਲਹਿਰਾਉਣ ਲਈ ਕੋਈ ਪੀ. ਸੀ. ਐੱਸ. ਅਫਸਰ ਨਹੀਂ ਲੱਭ ਰਿਹਾ ਅਤੇ ਆਪਣੇ ਇਤਿਹਾਸ ਵਿਚ ‘ਮੰਗਵੇਂ’ ਅਫਸਰ ਦੇ ਸਹਾਰੇ ਸਬ-ਡਵੀਜ਼ਨ ਵੱਲੋਂ ਅਾਜ਼ਾਦੀ ਦੇ ਜਸ਼ਨ ਮਨਾਏ ਜਾਣਗੇ। 
ਧਰਮਕੋਟ ਦੇ ਤਹਿਸੀਲਦਾਰ ਲਹਿਰਾਉਣਗੇ ਰਾਸ਼ਟਰੀ ਝੰਡਾ
ਰਾਸ਼ਟਰੀ ਝੰਡਾ ਲਹਿਰਾਉਣ ਲਈ ਵੀ ਇਸ ਵਾਰ ਇਸ ਸਬ-ਡਵੀਜ਼ਨ ਨੂੰ ਕੋਈ ਆਪਣਾ ਅਫਸਰ ਨਸੀਬ ਨਹੀਂ ਹੋਇਆ, ਜਿਸ ਕਾਰਨ ਇਸ ਸਬ-ਡਵੀਜ਼ਨ ’ਚ ਰਾਸ਼ਟਰੀ ਝੰਡਾ ਲਹਿਰਾਉਣ ਲਈ ਧਰਮਕੋਟ ਦੇ ਤਹਿਸੀਲਦਾਰ ਪਵਨ ਕੁਮਾਰ ਦੀ ਡਿਊਟੀ ਲਾਈ ਗਈ ਹੈ, ਜੋ ਕਿ 15 ਅਗਸਤ ਨੂੰ ਦਾਣਾ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ। 
ਤਿੰਨ ਵਿਧਾਇਕ ਦੇਣ ਵਾਲਾ ਹਲਕਾ ਦਰਸ਼ਨਾਂ ਨੂੰ ਤਰਸਿਆ
 ਬੇਸ਼ੱਕ ਹਲਕਾ ਨਿਹਾਲ ਸਿੰਘ ਵਾਲਾ ਦੀ ਸਿਆਸੀ ਨਰਸਰੀ ’ਚ ਪੈਦਾ ਹੋਏ ਅਨੇਕਾਂ ਲੀਡਰਾਂ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ’ਚੋਂ ਜਿੱਤ ਪ੍ਰਾਪਤ ਕਰ ਕੇ ਪੰਜਾਬ ਵਿਧਾਨ ਸਭਾ ਵਿਚ ਪ੍ਰਵੇਸ਼ ਕੀਤਾ। ਇਸ ਵਿਧਾਨ ਸਭਾ ਵਿਚ ਵੀ ਇਸ ਹਲਕੇ ਦੇ ਇਕੱਲੇ ਪਿੰਡ ਬਿਲਾਸਪੁਰ ਤੋਂ ਦੋ ਵਿਧਾਇਕ ਹਨ, ਜਿਨ੍ਹਾਂ ’ਚੋਂ ਇਕ ਅਜਾਇਬ ਸਿੰਘ ਭੱਟੀ ਵੱਕਾਰੀ ਅਹੁਦੇ  ’ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਹਨ। ਇਸ ਤੋਂ ਇਲਾਵਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ (ਆਮ ਆਦਮੀ ਪਾਰਟੀ) ਅਤੇ ਦਰਸ਼ਨ ਸਿੰਘ ਬਰਾਡ਼ ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਹਨ ਪਰ ਪੰਜਾਬ ਵਿਧਾਨ ਸਭਾ ਨੂੰ  ਡਿਪਟੀ ਸਪੀਕਰ ਸਮੇਤ ਤਿੰਨ ਵਿਧਾਇਕ ਦੇਣ ਵਾਲਾ ਇਹ ਹਲਕਾ ਜਿੱਥੇ ਖੁਦ ਅਹਿਮ ਅਫਸਰਾਂ ਦੇ ਦਰਸ਼ਨਾਂ ਨੂੰ ਤਰਸ ਰਿਹਾ ਹੈ।
ਐੱਸ. ਡੀ. ਐੱਮ. ਸਮੇਤ ਅਹਿਮ ਪੋਸਟਾਂ ਖਾਲੀ
 ਜ਼ਿਕਰਯੋਗ ਹੈ ਕਿ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪ੍ਰਬੰਧਕੀ ਕੰਪਲੈਕਸ ’ਚ ਬਿਨਾਂ ਅਫਸਰਾਂ ਤੋਂ ਲੋਕਾਂ ਦੇ ਕੰਮ-ਕਾਰ ਰਾਮ ਭਰੋਸੇ ਹਨ। ਐੱਸ. ਡੀ. ਐੱਮ. ਤੋਂ ਇਲਾਵਾ ਤਹਿਸੀਲਦਾਰ ਅਤੇ ਨਾਇਬ-ਤਹਿਸੀਲਦਾਰ ਦੀਆਂ ਪੋਸਟਾਂ ਖਾਲੀ ਪਈਆਂ ਹਨ, ਇਥੋਂ ਤੱਕ ਕਿ ਖਜ਼ਾਨਾ ਅਫਸਰ ਦੀ ਪੋਸਟ  2016 ਤੋਂ ਖਾਲੀ ਹੈ। ਧਰਮਕੋਟ ਤੋਂ ਤਹਿਸੀਲਦਾਰ ਪਵਨ ਕੁਮਾਰ ਅਤੇ ਮੋਗਾ ਤੋਂ ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸੱਚਰ ਨੂੰ ਨਿਹਾਲ ਸਿੰਘ ਵਾਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। 
 


Related News