ਘਰਾਂ ’ਚ ਇਕਾਂਤਵਾਸ ਦੌਰਾਨ ਖਾਣੇ ਦੀ ਸਮੱਸਿਆ ਨਾਲ ਜੂਝ ਰਹੇ ਕੋਵਿਡ ਰੋਗੀਆਂ ਤਕ ਪੁਲਸ ਨੇ ਪਹੁੰਚਾਇਆ ਖਾਣਾ

Saturday, May 15, 2021 - 01:59 PM (IST)

ਘਰਾਂ ’ਚ ਇਕਾਂਤਵਾਸ ਦੌਰਾਨ ਖਾਣੇ ਦੀ ਸਮੱਸਿਆ ਨਾਲ ਜੂਝ ਰਹੇ ਕੋਵਿਡ ਰੋਗੀਆਂ ਤਕ ਪੁਲਸ ਨੇ ਪਹੁੰਚਾਇਆ ਖਾਣਾ

ਚੰਡੀਗੜ੍ਹ (ਰਮਨਜੀਤ) : ਪਰਿਵਾਰ ਦੇ 9 ਮੈਂਬਰਾਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਅਤੇ ਘਰੇਲੂ ਇਕਾਂਤਵਾਸ ਅਧੀਨ ਹੋਣ ਤੋਂ ਬਾਅਦ ਖਾਣਾ ਨਾ ਮਿਲਣ ਦਾ ਫ਼ਿਕਰ ਸਤਾਉਣ ਲੱਗਿਆ। ਜਦੋਂ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਜਿੰਦਰਗੜ੍ਹ ਦੀ ਰਹਿਣ ਵਾਲੀ ਪਲਵਿੰਦਰਜੀਤ ਕੌਰ (38) ਨੇ 112 ’ਤੇ ਖਾਣੇ ਲਈ ਬੇਨਤੀ ਕਾਲ ਕੀਤੀ ਤਾਂ ਪੁਲਸ ਪਾਰਟੀ ਤੁਰੰਤ ਲੋੜੀਂਦੇ ਭੋਜਨ ਪਦਾਰਥ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਈ। ਪਲਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਖਾਣ-ਪੀਣ ਦੀਆਂ ਵਸਤਾਂ ਦੀ ਸਖ਼ਤ ਜ਼ਰੂਰਤ ਸੀ ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਪੰਜਾਬ ਪੁਲਸ ਕੋਵਿਡ-19 ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਖਾਣਾ ਪਹੁੰਚਾ ਰਹੀ ਹੈ ਤਾਂ ਮੈਂ ਤੁਰੰਤ 112 ’ਤੇ ਕਾਲ ਕੀਤੀ। ਮਹਾਮਾਰੀ ਦੀ ਆਫ਼ਤ ਦੌਰਾਨ ਇਸ ਮਨੁੱਖਤਾਵਾਦੀ ਪਹਿਲ ਦੀ ਸ਼ੁਰੂਆਤ ਲਈ ਮੈਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦਾ ਧੰਨਵਾਦ ਕਰਦੀ ਹਾਂ।

ਇਹ ਵੀ ਪੜ੍ਹੋ : ਜੇ ਦਿੱਲੀ ’ਚ ਸਿੱਖ ਨਸਲਕੁਸ਼ੀ ਲਈ ਅਮਿਤਾਭ ਬੱਚਨ ਜ਼ਿੰਮੇਵਾਰ ਤਾਂ ਦਿੱਲੀ ਕਮੇਟੀ ਨੇ ਦਾਨ ਕਿਉਂ ਲਿਆ : ਪੀਰ ਮੁਹੰਮਦ

ਉਹ ਇਕੱਲੀ ਨਹੀਂ ਜਿਸ ਨੇ ਘਰ ਤੱਕ ਖਾਣਾ ਪਹੁੰਚਾਉਣ ਦੀ ਸਹੂਲਤ ਦਾ ਲਾਭ ਲਿਆ ਹੈ, ਪੰਜਾਬ ਪੁਲਸ ਨੂੰ ਸ਼ੁੱਕਰਵਾਰ ਭੋਜਨ ਹੈਲਪਲਾਈਨ ’ਤੇ ਪਕਾਏ ਹੋਏ ਖਾਣੇ ਦੀ ਡਿਲਿਵਰੀ ਲਈ ਘੱਟੋ ਘੱਟ 70 ਅਜਿਹੀਆਂ ਕਾਲਾਂ ਪ੍ਰਾਪਤ ਹੋਈਆਂ ਹਨ, ਜਿਸ ਤੋਂ ਬਾਅਦ ਸੂਬੇ ਭਰ ਵਿਚ ਕੋਵਿਡ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਘਰ-ਘਰ 100 ਤੋਂ ਵੱਧ ਖਾਣੇ ਦੇ ਪੈਕੇਟ ਪਹੁੰਚਾਏ ਗਏ। ਇਹ ਪਹਿਲਕਦਮੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਕਿ ਕੋਵਿਡ-19 ਸੰਕਟ ਦਰਮਿਆਨ ਪੰਜਾਬ ਵਿਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਤੋਂ ਇੱਕ ਦਿਨ ਬਾਅਦ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਗ਼ਰੀਬ ਦੀ ਕੁੱਲੀ ਚੜ੍ਹੀ ਅੱਗ ਦੀ ਭੇਂਟ, ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਰਾਖ਼

ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਹਰੇਕ ਜ਼ਿਲ੍ਹੇ ਵਿਚ ਕੋਵਿਡ ਕੰਟੀਨਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਪੁਲਸ ਟੀਮਾਂ ਸੂਬੇ ਵਿਚ ਕੋਵਿਡ-19 ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਪਕਾਏ ਹੋਏ ਖਾਣੇ ਦੀ ਸਪਲਾਈ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕੋਵਿਡ ਮਰੀਜ਼, ਜੋ ਖਾਣੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉਹ ਆਪਣੇ ਘਰ ਹੀ ਪਕਾਏ ਗਏ ਖਾਣੇ ਦੀ ਡਿਲਿਵਰੀ ਲਈ 24 ਘੰਟੇ ਕਿਸੇ ਵੀ ਸਮੇਂ 181 ਜਾਂ 112 ’ਤੇ ਕਾਲ ਕਰ ਸਕਦਾ ਹੈ। ਪਟਿਆਲਾ ਤੋਂ ਦੀਪਕ ਅਰੋੜਾ, ਜਿਨ੍ਹਾਂ ਦੀ ਪਤਨੀ ਅਤੇ ਦੋ ਪੁੱਤਰ ਪਾਜ਼ੇਟਿਵ ਆਏ ਹਨ ਅਤੇ ਘਰ ਵਿਚ ਖਾਣਾ ਪਕਾਉਣ ਵਾਲਾ ਕੋਈ ਵੀ ਨਹੀਂ ਹੈ, ਨੇ ਭੋਜਨ ਹੈਲਪਲਾਈਨ ਦੀ ਮਦਦ ਲਈ। ਦੀਪਕ ਨੇ ਪੰਜਾਬ ਸਰਕਾਰ ਦੇ ਉੱਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਸ਼ਕਿਲ ਸਮੇਂ ਵਿਚ, ਜਦੋਂ ਰਿਸ਼ਤੇਦਾਰ ਅਤੇ ਦੋਸਤ ਵੀ ਸਾਡੀ ਮੱਦਦ ਲਈ ਅੱਗੇ ਆਉਣ ਤੋਂ ਝਿਜਕਦੇ ਹਨ, ਪੁਲਸ ਸਾਨੂੰ ਘਰ ਵਿਚ ਹੀ ਖਾਣਾ ਮੁਹੱਈਆ ਕਰਵਾ ਰਹੀ ਹੈ। ਲੁਧਿਆਣਾ ਤੋਂ ਨੀਰਜ, ਜਿਨ੍ਹਾਂ ਦੀ ਪਤਨੀ, ਧੀ ਅਤੇ ਭਰਾ ਵੀ ਪਾਜ਼ੇਟਿਵ ਆਏ ਹਨ, ਨੇ ਉਨ੍ਹਾਂ ਨੂੰ ਪੁਲਸ ਵਲੋਂ ਲੋੜੀਂਦੀਆਂ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 

 


author

Anuradha

Content Editor

Related News