ਨਵੇਂ 'ਫੂਡ ਪ੍ਰੋਸੈਸਿੰਗ ਪਲਾਂਟ' ਸੂਬੇ ਨੂੰ ਤਰੱਕੀ ਵੱਲ ਲਿਜਾਣਗੇ : ਕੈਪਟਨ

05/30/2019 1:37:32 PM

ਮਾਛੀਵਾੜਾ ਸਾਹਿਬ (ਟੱਕਰ, ਬਿਪਨ) : ਖੰਨਾ ਦੇ ਵਿਧਾਨ ਸਭਾ ਹਲਕਾ ਸਮਰਾਲਾ 'ਚ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਇਫਕੋ ਫੂਡ ਪ੍ਰੋਸੈਸਿੰਗ ਪਲਾਂਟ' ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਉਪਰੰਤ ਕੈਪਟਨ ਨੇ ਸਮਰਾਲਾ ਦੇ ਕਿਸਾਨਾਂ ਅਤੇ ਕਾਂਗਰਸੀ ਵਰਕਰਾਂ ਦੀ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ 'ਚ ਕੈਪਟਨ ਨੇ ਕਿਹਾ ਕਿ 2 ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਵਲੋਂ ਪੰਜਾਬ 'ਚ 48000 ਕਰੋੜ ਰੁਪਏ ਦੇ ਪ੍ਰਾਜੈਕਟ 'ਪੰਜਾਬ ਇਨਵੈਸਟ' ਯੋਜਨਾ ਅਧੀਨ ਸ਼ੁਰੂ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੂਬੇ ਦੇ 5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।

PunjabKesari
ਕੈਪਟਨ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਦੀ ਇੰਡਸਟਰੀ ਤਬਾਹ ਹੋਈ, ਖਾਸ ਕਰ ਗੋਬਿੰਦਗੜ੍ਹ ਜੋ ਕਿ ਲੋਹਾ ਨਗਰੀ ਵਜੋਂ ਮਸ਼ਹੂਰ ਹੈ, ਉਥੇ ਸੈਂਕੜਿਆਂ 'ਚੋਂ ਸਿਰਫ 16 ਕਾਰਖਾਨੇ ਹੀ ਚੱਲਦੇ ਸਨ ਪਰ ਅੱਜ ਕਾਂਗਰਸ ਸਰਕਾਰ ਦੇ ਆਉਣ ਨਾਲ ਸਾਰੇ ਪੁਰਾਣੇ ਸੈਂਕੜੇ ਕਾਰਖਾਨੇ ਮੁੜ ਸ਼ੁਰੂ ਹੋ ਗਏ, ਜਦੋਂ ਕਿ ਕਈ ਨਵੇਂ ਕਾਰਖਾਨੇ ਵੀ ਸ਼ੁਰੂ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਪਠਾਨਕੋਟ, ਕਪੂਰਥਲਾ ਅਤੇ ਹੋਰ ਵੱਖ-ਵੱਖ ਸ਼ਹਿਰਾਂ 'ਚ ਨਵੇਂ ਫੂਡ ਪ੍ਰੋਸੈਸਿੰਗ ਪਲਾਂਟ ਲਾਏ ਗਏ ਹਨ, ਜੋ ਕਿ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾਣਗੇ।

ਇਸ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਇਫਕੋ ਚੇਅਰਮੈਨ ਬੀ. ਐਸ ਨਕੇਈ, ਐਮ.ਪੀ ਡਾ. ਅਮਰ ਸਿੰਘ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਕੁਲਦੀਪ ਸਿੰਘ ਵੈਦ, ਬੀਬੀ ਸਤਵਿੰਦਰ ਕੌਰ ਬਿੱਟੀ, ਪ੍ਰਦੇਸ਼ ਖਜਾਨਚੀ ਕਮਲਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ।


Babita

Content Editor

Related News