ਵੀ. ਸੀ. ਨੇ ਵਿਦਿਆਰਥੀ ਹੋਸਟਲ ਦੀ ਮੈੱਸ ਵਿਚ ਬੈਠ ਕੇ ਖਾਧਾ ਖਾਣਾ; ਪੈਸੇ ਦਿੱਤੇ ਆਪਣੀ ਜੇਬ ''ਚੋਂ
Saturday, Aug 19, 2017 - 07:13 AM (IST)
ਪਟਿਆਲਾ (ਜੋਸਨ) - ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਅੱਜ ਫਿਰ ਪੰਜਾਬੀ ਯੂਨੀਵਰਸਿਟੀ ਵਿਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸਵੇਰੇ ਹੀ ਵੱਖ-ਵੱਖ ਅਧਿਆਪਨ ਵਿਭਾਗਾਂ ਦਾ ਕੰਮਕਾਜ ਚੈੱਕ ਕਰਨ ਲਈ ਤੁਰ ਪਏ। ਵੀ. ਸੀ. ਦੀ ਇਸ ਮੁਹਿੰਮ ਨੇ ਯੂਨੀਵਰਸਿਟੀ ਦੇ ਟੀਚਿੰਗ ਤੇ ਨਾਨ-ਟੀਚਿੰਗ ਦੇ ਸਾਹ ਫੁਲਾਈ ਰੱਖੇ। ਦੁਪਹਿਰ ਤੋਂ ਬਾਅਦ ਡਾ. ਘੁੰਮਣ ਅਚਨਚੇਤ ਸ਼ਹੀਦ ਭਗਤ ਸਿੰਘ ਹੋਸਟਲ ਦੀ ਮੈੱਸ ਵਿੱਚ ਵਿਦਿਆਰਥੀਆਂ ਨਾਲ ਉਨ੍ਹਾਂ ਖਾਣਾ ਖਾਣ ਲਈ ਪੁੱਜ ਗਏ। ਉਨ੍ਹਾਂ ਖਾਣਾ ਖਾ ਕੇ ਖਾਣੇ ਦੀ ਗੁਣਵੱਤਾ ਚੈੱਕ ਕੀਤੀ ਇਸ ਮੌਕੇ ਉਨ੍ਹਾਂ ਆਪਣੀ ਜੇਬ ਵਿਚੋਂ ਖਾਣੇ ਦੇ ਪੈਸੇ ਅਦਾ ਕੀਤੇ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ ਅਤੇ ਡਾਇਰੈਕਟਰ ਮੀਡੀਆ ਸੈਂਟਰ ਡਾ. ਗੁਰਮੀਤ ਸਿੰਘ ਮਾਨ ਦੀ ਮੌਜੂਦਗੀ ਵਿਚ ਡਾ. ਘੁੰਮਣ ਨੇ ਡੀਨ ਵਿਦਿਆਰਥੀ ਡਾ. ਕੁਲਬੀਰ ਸਿੰਘ ਢਿੱਲੋਂ ਅਤੇ ਵਾਰਡਨ ਡਾ. ਬਲਜਿੰਦਰ ਰਾਮ ਨੂੰ ਵਾਸ਼ ਰੂਮਜ਼ ਅਤੇ ਰਸੋਈ ਦੇ ਮੁਰੰਮਤ ਸਬੰਧੀ ਕੰਮ ਪਹਿਲ ਦੇ ਆਧਾਰ 'ਤੇ ਕਰਵਾਉਣ ਦੀ ਹਦਾਇਤ ਕੀਤੀ।
ਡਾਕਟਰ ਘੁੰਮਣ ਨੇ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ, ਐੱਮ. ਬੀ. ਏ., ਐੱਮ. ਸੀ. ਏ. , ਪੰਜਾਬ ਸਕੂਲ ਆਫ ਲਾਅ ਅਤੇ ਵੱਖ-ਵੱਖ ਸਾਇੰਸ ਵਿਭਾਗਾਂ ਵਿਖੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਚੈਕਿੰਗ ਕੀਤੀ। ਇਨ੍ਹਾਂ ਵਿਭਾਗਾਂ ਵਿੱਚ ਕੱਲ ਨਾਲੋਂ ਕਲਾਸਾਂ ਲਾਉਣ ਸਬੰਧੀ ਕਾਫੀ ਸੁਧਾਰ ਨਜ਼ਰ ਆਇਆ।
ਇਸ ਮੌਕੇ ਉਨ੍ਹਾਂ ਕੱਲ ਦਿੱਤੇ ਗਏ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਕਾਰਜਕਾਰੀ ਇੰਜੀਨੀਅਰ ਨੂੰ ਸੌਂਪੇ ਗਏ ਸਫਾਈ ਅਤੇ ਖੱਡਿਆਂ ਆਦਿ ਦੀ ਮੁਰੰਮਤ ਕਾਰਜਾਂ ਸਬੰਧੀ ਵੀ ਜਾਇਜ਼ਾ ਲਿਆ। ਉਨ੍ਹਾਂ ਰਜਿਸਟਰਾਰ ਦੀ ਯੂਨੀਵਰਸਿਟੀ ਦੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਸਬੰਧੀ ਕੀਤੇ ਜਾ ਰਹੇ ਕੰਮਾਂ ਵਿੱਚ ਨਿੱਜੀ ਦਿਲਚਸਪੀ ਲੈਣ ਦੀ ਪ੍ਰਸ਼ੰਸਾ ਕੀਤੀ।
ਨਵੇਂ ਹੁਕਮ ਜਾਰੀ : 9.15 ਤੋਂ 5 ਵਜੇ ਤੱਕ ਵਿਭਾਗਾਂ ਵਿਚ ਰਹਿਣ ਦੇ ਹੁਕਮ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਲੰਘੇ ਕੱਲ ਦੇ ਅੱਜ ਵੀ ਲੇਟ-ਲਤੀਫ ਹੋਣ ਵਾਲੇ ਅਧਿਆਪਕਾਂ ਨੂੰ ਤਾੜਨਾ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਹਰ ਵਿਭਾਗ ਦੇ ਅਧਿਆਪਕ ਤੇ ਕਰਮਚਾਰੀ ਸਵੇਰੇ 9.15 ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣੇ ਵਿਭਾਗਾਂ ਵਿਚ ਰਹਿਣ ਤੇ ਵਿਦਿਆਰਥੀਆਂ ਵੱਲ ਧਿਆਨ ਦੇਣ, ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।
