ਸਾਂਝੀ ਰਸੋਈ ਫਿਰ ਹੋਈ ਚਾਲੂ, ਡੀ. ਸੀ. ਤੇ ਏ. ਡੀ. ਸੀ. ਨੇ ਖੁਦ ਪਹੁੰਚ ਕੇ ਕਰਵਾਈ ਸ਼ੁਰੂ ਤੇ ਲਾਈਨ ''ਚ ਲੱਗ ਕੇ ਖਾਧਾ ਖਾਣਾ
Sunday, Sep 17, 2017 - 12:58 PM (IST)
ਗੁਰਦਾਸਪੁਰ (ਵਿਨੋਦ) - 'ਜਗ ਬਾਣੀ' ਵਿਚ ਬੀਤੇ ਦਿਨ 3 ਦਿਨਾਂ ਤੋਂ ਬੰਦ ਪਈ ਸਾਂਝੀ ਰਸੋਈ ਸਬੰਧੀ ਖਬਰ ਪ੍ਰਮੁੱਖਤਾ ਨਾਲ ਲੱਗੀ ਸੀ, ਜਿਸ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ ਤੇ ਗੁਰਮੀਤ ਸਿੰਘ ਸੁਲਤਾਨੀ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਿਵਲ ਹਸਪਤਾਲ 'ਚ ਚੱਲ ਰਹੀ ਸਾਂਝੀ ਰਸੋਈ ਦਾਨਿਰੀਖਣ ਕੀਤਾ ਅਤੇ ਸਾਂਝੀ ਰਸੋਈ 'ਚ ਦਿੱਤੇ ਜਾ ਰਹੇ ਖਾਣੇ ਨੂੰ ਚੈੱਕ ਕੀਤਾ ਅਤੇ ਆਮ ਲੋਕਾਂ ਦੀ ਤਰ੍ਹਾਂ ਲਾਈਨ ਵਿਚ ਲੱਗ ਕੇ 10 ਰੁਪਏ ਥਾਲੀ ਵਿਚ ਸੁਤੰਲਿਤ ਤੇ ਪੌਸ਼ਟਿਕ ਖਾਣੇ ਦਾ ਆਨੰਦ ਲਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੇ ਲੋੜਵੰਦ ਲੋਕਾਂ ਲਈ ਸਾਂਝੀ ਰਸੋਈ 9 ਜੂਨ 2017 ਨੂੰ ਸ਼ੁਰੂ ਹੋਈ ਸੀ ਜੋ ਕਿ ਪੁਰਾਣੇ ਹਸਪਤਾਲ ਵਿਚ ਚਲ ਰਹੀ ਹੈ ਅਤੇ ਹੁਣ ਤੱਕ ਇਸ ਵਿਚ 16 ਹਜ਼ਾਰ 548 ਲੋੜਵੰਦ ਲੋਕਾਂ ਨੇ ਖਾਣਾ ਖਾਧਾ ਹੈ।
ਨਿਰੀਖਣ ਦੌਰਾਨ ਖਾਣੇ ਵਿਚ ਕੋਈ ਕਮੀ ਨਹੀਂ ਪਾਈ ਗਈ ਤੇ ਦੇਖਿਆ ਗਿਆ ਕਿ 10 ਰੁਪਏ ਵਿਚ ਲੋਕ ਸੰਤੁਲਿਤ ਤੇ ਸਵਾਦਿਸ਼ਟ ਖਾਣਾ ਖਾ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਂਝੀ ਰਸੋਈ ਦੇ ਮੀਨੂੰ ਵਿਚ ਵਾਧਾ ਕੀਤਾ ਜਾਵੇਗਾ। ਸਾਂਝੀ ਰਸੋਈ ਅਨਜਲ ਸੇਵਾ ਸੁਸਾਇਟੀ ਲੁਧਿਆਣਾ ਅਤੇ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।