ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੇ ਤੇਲ ਕੰਪਨੀ ਨੇ ਜਾਂਚ ਟੀਮ ਬਿਠਾਈ
Friday, Feb 22, 2019 - 02:44 PM (IST)
ਲੁਧਿਆਣਾ (ਖੁਰਾਣਾ) : ਇੰਡੀਅਨ ਆਇਲ ਕੰਪਨੀ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੈਂਪਸ 'ਚ ਪੈਂਦੇ ਪੈਟਰੋਲ ਪੰਪ ਮੁਲਾਜ਼ਮ ਵਲੋਂ ਪੈਟਰੋਲ ਮਾਰਕੀਟ ਰੇਟ ਤੋਂ 5 ਰੁਪਏ ਪ੍ਰਤੀ ਲਿਟਰ ਜ਼ਿਆਦਾ ਕੀਮਤ 'ਤੇ ਵੇਚਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ, ਜਿਸ ਨੂੰ ਲੈ ਕੇ ਜਿੱਥੇ ਪੈਟਰੋਲੀਅਮ ਕਾਰੋਬਾਰੀਆਂ ਦੀ ਸੰਸਥਾ ਨੇ ਉਕਤ ਪੰਪ ਦੇ ਕਰਿੰਦੇ ਵੱਲੋਂ ਕੀਤੀ ਗਈ ਹਰਕਤ ਨੂੰ ਟ੍ਰੇਡ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੰਦੇ ਹੋਏ ਤੇਲ ਕੰਪਨੀ ਦੇ ਉੱਚ ਅਧਿਕਾਰੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ, ਉੱਥੇ ਇਸ ਕਾਂਡ 'ਚ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੰਟ੍ਰੋਲਰ ਰਾਕੇਸ਼ ਭਾਸਕਰ ਨੇ ਵੀ ਪੰਪ ਖਿਲਾਫ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇੱਥੇ ਦੱਸਣਾ ਜ਼ਰੂਰੀ ਰਹੇਗਾ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ 'ਚ ਪੈਟਰੋਲ ਦੀਆਂ ਕੀਮਤਾਂ 'ਚ 5 ਰੁਪਏ ਅਤੇ ਡੀਜ਼ਲ 'ਚ 1 ਰੁਪਏ ਲਿਟਰ ਦੀ ਵੱਡੀ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਰਾਜ ਭਰ ਦੇ ਪੈਟਰੋਲ ਪੰਪਾਂ 'ਤੇ ਪੈਟਰੋਲ ਕਰੀਬ 71 ਰੁ. ਪ੍ਰਤੀ ਲਿਟਰ ਵਿਕ ਰਿਹਾ ਹੈ ਪਰ ਪੀ. ਏ. ਯੂ. 'ਚ ਪੈਂਦੇ ਉਕਤ ਪੰਪ 'ਤੇ ਬੁੱਧਵਾਰ ਨੂੰ ਰਾਹੁਲ ਮਲਹੋਤਰਾ ਨਾਮੀ ਨੌਜਵਾਨ ਨੇ ਜਦੋਂ ਆਪਣੇ ਟੂ-ਵ੍ਹੀਲਰ ਵਾਹਨ 'ਚ ਤੇਲ ਭਰਵਾਇਆ ਤਾਂ ਪੰਪ 'ਤੇ ਤਾਇਨਾਤ ਮੁਲਾਜ਼ਮ ਵਲੋਂ ਵਾਹਨ ਚਾਲਕ ਤੋਂ ਬਾਜ਼ਾਰੀ ਕੀਮਤਾਂ ਤੋਂ ਜ਼ਿਆਦਾ ਕੀਮਤ ਵਸੂਲਣ ਦਾ ਵਿਰੋਧ ਕਰਨ 'ਤੇ ਪੰਪ ਮੁਲਾਜ਼ਮ ਨੇ ਉਲਟਾ ਰਾਹੁਲ ਮਲਹੋਤਰਾ ਦੇ ਨਾਲ ਕਥਿਤ ਤੌਰ 'ਤੇ ਬਦਤਮੀਜ਼ੀ ਕੀਤੀ, ਜੋ ਕਿ ਰਾਹੁਲ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ। ਵੀਡੀਓ ਕਲਿਪ 'ਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ, ਜਿਸ ਵਿਚ ਪੰਪ ਦਾ ਮੁਲਾਜ਼ਮ ਕਬੂਲ ਰਿਹਾ ਹੈ ਕਿ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਪੰਪ 'ਤੇ ਤੇਲ 76 ਰੁਪਏ ਪ੍ਰਤੀ ਲਿਟਰ ਹੀ ਵੇਚਿਆ ਜਾ ਰਿਹਾ ਹੈ ਤੇ ਇਸ ਕੇਸ 'ਚ ਮੁਲਾਜ਼ਮ ਵਾਹਨ ਚਾਲਕ ਨੂੰ ਕੀਮਤ ਜ਼ਿਆਦਾ ਵਸੂਲੇ ਜਾਣ ਦੀ ਸ਼ਿਕਾਇਤ ਦਫਤਰ 'ਚ ਜਾ ਕੇ ਕਰਨ ਨੂੰ ਕਹਿ ਰਿਹਾ ਹੈ। ਰਾਹੁਲ ਮਲਹੋਤਰਾ ਨੇ ਇਸ ਸਬੰਧੀ ਥਾਣਾ ਪੀ. ਏ. ਯੂ. ਦੀ ਪੁਲਸ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪੀ ਆਪਣੀ ਸ਼ਿਕਾਇਤ 'ਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਪੈਟਰੋਲ ਪੰਪ ਦੀ ਵਿਕਰੀ ਤੁਰੰਤ ਬੰਦ ਕਰਨ ਸਮੇਤ ਮੁਲਾਜ਼ਮ ਖਿਲਾਫ ਸਖਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।