ਧੁੰਦ ਨੇ ਪਾਵਰਕਾਮ ਦੇ ਉਡਾਏ ਫਿਊਜ਼!

Friday, Nov 10, 2017 - 06:26 AM (IST)

ਧੁੰਦ ਨੇ ਪਾਵਰਕਾਮ ਦੇ ਉਡਾਏ ਫਿਊਜ਼!

ਪਟਿਆਲਾ, (ਇੰਦਰਪ੍ਰੀਤ)- ਬੀਤੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਜਿਥੇ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਉਥੇ ਹੀ ਧੁੰਦ ਨਾਲ ਪੈ ਰਹੀ ਤਰੇਲ ਨੇ ਪਾਵਰਕਾਮ ਦੇ ਵੀ ਫਿਊਜ਼ ਉਡਾ ਦਿੱਤੇ ਹਨ। ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਆਮ ਲੋਕਾਂ ਤੋਂ ਇਲਾਵਾ ਵਪਾਰੀ ਵਰਗ ਨੂੰ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਬਿਜਲੀ ਬੰਦ ਹੋਣ ਦਾ ਮੁੱਖ ਕਾਰਨ ਧੁੰਦ ਨੂੰ ਮੰਨਿਆ ਜਾ ਰਿਹਾ ਹੈ। ਤਰੇਲ ਦੀਆਂ ਬੂੰਦਾਂ ਬਿਜਲੀ ਸਪਲਾਈ ਵਿਚ ਵਿਘਨ ਪਾਉਂਦੀਆਂ ਹਨ। ਵਿਭਾਗ ਦੇ ਮੁਲਾਜ਼ਮ ਰਾਤ ਸਮੇਂ ਵੀ ਸੰਘਣੀ ਧੁੰਦ ਵਿਚ ਬਿਜਲੀ ਨੂੰ ਚਾਲੂ ਕਰਨ 'ਚ ਲੱਗੇ ਦਿਖਾਈ ਦਿੰਦੇ ਹਨ। ਕਈ ਦਿਨਾਂ ਤੋਂ ਲਗਾਤਾਰ ਲੋਕਾਂ ਨੂੰ ਝਟਕੇ ਦੇ ਕੇ ਆ ਰਹੀ ਬਿਜਲੀ ਉਪਕਰਨਾਂ ਨੂੰ ਚੰਗੀ ਤਰ੍ਹਾਂ ਚੱਲਣ ਨਹੀਂ ਦੇ ਰਹੀ ਹੈ। ਨਾ ਹੀ ਕਿਸੇ ਘਰ ਵਿਚਲੇ ਇਨਵਰਟਰ ਸਿਸਟਮ ਨੂੰ ਚਾਰਜ ਕਰ ਰਹੀ ਹੈ।
ਬਿਜਲੀ ਕਟੌਤੀ ਕਾਰਨ ਕਿਸਾਨ ਵੀ ਔਖੇ 
ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਉਪਰੰਤ ਅਗਲੀ ਫਸਲ ਬੀਜਣ ਲਈ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਬਿਜਲੀ ਵਿਚ ਕਟੌਤੀ ਕਾਰਨ ਅਜਿਹਾ ਕੁੱਝ ਸੰਭਵ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਖੇਤੀ ਸੈਕਟਰ ਲਈ ਦਿੱਤੀਆਂ ਜਾ ਰਹੀਆਂ ਦਲੀਲਾਂ ਬਿਜਲੀ ਸੰਕਟ ਦੇ ਹੱਲ ਬਗੈਰ ਵਿਅਰਥ ਹੀ ਹਨ। ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਆਲੂਆਂ ਦੀ ਫਸਲ ਬੀਜੀ ਜਾਂਦੀ ਹੈ। ਬਿਜਲੀ ਇਕ ਦਿਨ ਛੱਡ ਕੇ ਆਉਂਦੀ ਹੈ। ਉਹ ਵੀ ਰਾਤ ਸਮੇਂ। ਸੰਘਣੀ ਧੁੰਦ ਕਾਰਨ ਖੇਤਾਂ ਵਿਚ ਪਾਣੀ ਲਾਉਣਾ ਬਹੁਤ ਔਖਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਰੋਜ਼ਾਨਾ 8 ਘੰਟੇ ਮਿਲਣੀ ਚਾਹੀਦੀ ਹੈ। ਉਹ ਵੀ ਦਿਨ ਦੇ ਸਮੇਂ। ਜੇਕਰ ਬਿਜਲੀ ਲਗਾਤਾਰ ਮਿਲੇਗੀ ਤਾਂ ਹੀ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਖਪਾਉੁਣਗੇ। ਅਗਲੀ ਫਸਲ ਆਸਾਨੀ ਨਾਲ ਬੀਜ ਸਕਣਗੇ।


Related News