ਪੀ. ਏ. ਯੂ. ''ਚ 2 ਦਿਨਾ 22ਵਾਂ ਫਲਾਵਰ ਸ਼ੋਅ ਸ਼ੁਰੂ

12/08/2017 3:51:46 PM

ਲੁਧਿਆਣਾ (ਸਲੂਜਾ) : ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਦੋ ਦਿਨਾ 22ਵਾਂ ਫਲਾਵਰ ਸ਼ੋਅ ਅੱਜ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਾ ਮੈਦਾਨ 'ਚ ਸ਼ੁਰੂ ਹੋ ਗਿਆ। ਫਲਾਵਰ ਸ਼ੋਅ 'ਚ ਅਲਫਰੈੱਡ ਵਿਲਸਨ, ਵੇਲਇਨਟ, ਥਾਈ ਚਿੰਗਕੁਈਨ, ਬੋਰਿਸ ਵਿਲਸਨ, ਕਾਂਸਾ ਗਰਾਂਦਾ, ਓਬਸੈਸ਼ਨ, ਗਾਰਡਨ ਬਿਊਟੀ, ਮਦਰ ਟੈਰੇਸਾ, ਯੈਲੋ ਚਾਰਮ, ਕੈਲਵਿਨ ਮੈਂਡਰਿਨ ਆਦਿ 100 ਕਿਸਮਾਂ ਦੇ 2000 ਫੁੱਲਾਂ ਦੇ ਗਮਲੇ ਫਲਾਵਰ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਦੂਰ-ਦੂਰ ਤੱਕ ਖੁਸ਼ਬੂ ਬਿਖੇਰਦੇ ਫਲਾਵਰ ਸ਼ੋਅ ਦਾ ਉਦਘਾਟਨ ਪੀ. ਏ. ਯੂ. ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕਰਦੇ ਹੋਏ ਕਿਹਾ ਕਿ ਫੁੱਲ ਮਨੁੱਖ ਦੀ ਅੰਦਰੂਨੀ ਖੂਬਸੂਰਤੀ ਤੇ ਮਨ ਦੀ ਸ਼ਾਂਤੀ 'ਚ ਵਾਧਾ ਕਰਦੇ ਹਨ। ਇਹ ਵੀ ਇਕ ਸੱਚ ਹੈ ਕਿ ਫੁੱਲਾਂ ਨਾਲ ਪਿਆਰ ਕਰਨ ਵਾਲਾ ਵਿਅਕਤੀ ਕਦੀ ਹਿੰਸਕ ਨਹੀਂ ਹੋ ਸਕਦਾ। ਉਨ੍ਹਾਂ ਨੇ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿਚ ਫਸੇ ਕਿਸਾਨਾਂ ਨੂੰ ਇਹ ਨੇਕ ਸਲਾਹ ਦਿੱਤੀ ਕਿ ਉਹ ਫੁੱਲਾਂ ਦੀ ਖੇਤੀ ਨੂੰ ਅਪਣਾ ਕੇ ਆਰਥਕ ਤੌਰ 'ਤੇ ਮਜ਼ਬੂਤ ਕਰ ਸਕਦੇ ਹਨ, ਕਿਉਂਕਿ ਫੁੱਲਾਂ ਦੀ ਖੇਤੀ ਦਾ ਇਸ ਸਮੇਂ ਚੰਗਾ ਸਕੋਪ ਹੈ।
ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਅੱਜ ਦੇ ਇਸ ਫਲਾਵਰ ਸ਼ੋਅ ਨੂੰ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਜਾਣਾ ਪ੍ਰਸ਼ੰਸਾਯੋਗ ਕਾਰਜ ਹੈ। ਡਾ. ਜੌਹਲ ਨੇ ਕਿਹਾ ਕਿ ਭਾਈ ਵੀਰ ਸਿੰਘ ਇਕ ਮਹਾਨ ਸ਼ਖ਼ਸੀਅਤ ਅਤੇ ਫੁੱਲਾਂ ਨੂੰ ਦਿਲ ਤੋਂ ਪਿਆਰ ਕਰਨ ਵਾਲੇ ਸਨ। ਫੁੱਲ ਮਨੁੱਖ ਲਈ ਕੁਦਰਤੀ ਵਰਦਾਨ ਤੋਂ ਘੱਟ ਨਹੀਂ ਹਨ। ਫਲੋਰੀਕਲਚਰ ਤੇ ਲੈਂਡ ਸਕੇਪਿੰਗ ਦੇ ਮੁਖੀ ਡਾ. ਐੱਚ. ਐੱਸ. ਗਰੇਵਾਲ ਨੇ ਕਿਹਾ ਕਿ ਪੀ. ਏ. ਯੂ. ਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਫੁੱਲਾਂ ਦੀ ਪੈਦਾਵਾਰ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਫਲਾਵਰ ਸ਼ੋਅ 'ਚ ਸਿੱਖਿਆ ਤੇ ਗੈਰ-ਸਰਕਾਰੀ ਸੰਸਥਾਵਾਂ ਤੋਂ ਇਲਾਵਾ ਵਿਅਕਤੀਗਤ ਤੌਰ 'ਤੇ 200 ਤੋਂ ਵੱਧ ਪ੍ਰਤੀਯੋਗੀ ਹਿੱਸਾ ਲੈ ਰਹੇ ਹਨ।


Related News