ਸਰਹੱਦੀ ਇਲਾਕਿਆਂ ’ਚ ਹੋ ਰਿਹਾ ਗੰਦੇ ਪਾਣੀ ਦਾ ਪ੍ਰਵਾਹ, ਸਰਕਾਰ ਕਰੇਗੀ ਫਿਲਟਰ ਪਲਾਂਟ ਚਾਲੂ : ਬ੍ਰਹਮਸ਼ੰਕਰ ਜਿੰਪਾ

07/27/2022 4:29:00 PM

ਜਲੰਧਰ(ਧਵਨ) : ਮੁੱਖ ਮੰਤਰੀ ਭਗਵੰਤ ਮਾਨ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਲੋਕਾਂ ਨੂੰ ਹੋ ਰਹੀ ਗੰਦਲੇ ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਫਿਕਰਮੰਦ ਹਨ। ਇਸ ਸਬੰਧੀ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਪੰਜਾਬ ਦੇ ਮਾਲ, ਮੁੜ ਵਸੇਬਾ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਲੰਮੀ ਮੀਟਿੰਗ ਕੀਤੀ ਸੀ। ਮੁੱਖ ਮੰਤਰੀ ਨੇ ਬ੍ਰਹਮਸ਼ੰਕਰ ਜ਼ਿੰਪਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਗੰਦਲੇ ਪਾਣੀ ਦੀ ਸਪਲਾਈ ਨੂੰ ਰੋਕਣ ਲਈ ਜੰਗੀ ਪੱਧਰ ’ਤੇ ਫੀਲਡ ਵਿਚ ਡਟਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਇਸ ਨੂੰ ਵੇਖਦੇ ਹੋਏ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮਾਲਵਾ ਖੇਤਰ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਲੋਕਾਂ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ। ਸਦੀਆਂ ਤੋਂ ਚੱਲਦੀ ਆ ਰਹੀ ਇਸ ਸਮੱਸਿਆ ਸਬੰਧੀ ਕੈਬਨਿਟ ਮੰਤਰੀ ਜ਼ਿੰਪਾ ਨਾਲ ਗੱਲਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ :

ਸਵਾਲ : ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਗੰਦਲੇ ਪਾਣੀ ਦੀ ਸਮੱਸਿਆ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ?

ਸਰਹੱਦੀ ਇਲਾਕਿਆਂ ਵਿਚ ਗੰਦਲੇ ਪਾਣੀ ਦੀ ਸਮੱਸਿਆ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। ਪਿਛਲੇ ਸਮੇਂ ’ਚ ਕਿਸੇ ਵੀ ਸਰਕਾਰ ਨੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਹੱਲ ਲਈ ਜੰਗੀ ਪੱਧਰ ’ਤੇ ਉਪਰਾਲੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੀ.ਐੱਮ. ਭਗਵੰਤ ਮਾਨ ਖੁਦ ਇਸ ਸਮੱਸਿਆ ਨੂੰ ਲੈ ਕੇ ਕਾਫੀ ਫਿਕਰਮੰਦ ਹਨ ਕਿਉਂਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਆਜ਼ਾਦੀ ਦੇ 75 ਸਾਲ ਬਾਅਦ ਵੀ ਪੀਣ ਲਈ ਗੰਦਲਾ ਪਾਣੀ ਮਿਲ ਰਿਹਾ ਹੈ। ਇਸ ਕਾਰਨ ਸਰਹੱਦੀ ਇਲਾਕਿਆਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਸਮੱਸਿਆਵਾਂ ਪੈਦਾ ਹੋਈਆਂ ਹਨ।

ਸਵਾਲ : ਸਰਹੱਦੀ ਇਲਾਕਿਆਂ ’ਚ ਗੰਦਲਾ ਪਾਣੀ ਕਿੱਥੋਂ ਆ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ?

ਸਰਹੱਦੀ ਇਲਾਕਿਆਂ ’ਚ ਗੰਦਲਾ ਪਾਣੀ ਪਾਕਿਸਤਾਨ ਦੇ ਕਸੂਰ ਇਲਾਕੇ ਵਿਚ ਸਥਿਤ ਟੈਨਰੀਜ਼ (ਚਮੜਾ ਫੈਕਟਰੀਆਂ) ਤੋਂ ਆ ਰਿਹਾ ਹੈ। ਸਤਲੁਜ ਦਰਿਆ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਪਾਕਿਸਤਾਨ ਵੱਲ ਵਗਦਾ ਹੈ ਅਤੇ ਉੱਥੋਂ ਦੀਆਂ ਟੈਨਰੀਜ਼ ਦਰਿਆ ਦੇ ਪਾਣੀ ਵਿਚ ਗੰਦਲਾ ਪਾਣੀ ਸੁੱਟ ਦਿੰਦੀਆਂ ਹਨ। ਇਸ ਤੋਂ ਬਾਅਦ ਇਹ ਦਰਿਆ ਫਿਰ ਭਾਰਤੀ ਇਲਾਕੇ ਵਿਚ ਆ ਜਾਂਦਾ ਹੈ। ਦਰਿਆ ਦਾ ਪਾਣੀ ਜ਼ਮੀਨ ਵਿਚੋਂ ਹੁੰਦੇ ਹੋਏ ਅੰਡਰਗਰਾਊਂਡ ਪਾਣੀ ਵਿਚ ਵੀ ਮਿਲਦਾ ਹੈ। ਇਸ ਨਾਲ ਗੰਦਲੇ ਪਾਣੀ ਦੀ ਸਪਲਾਈ ਹੋ ਰਹੀ ਹੈ। ਲੋਕਾਂ ਨੂੰ ਗੰਦਲੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਬਹੁਤ ਜ਼ਰੂਰੀ ਹੈ।

ਸਵਾਲ : ਗੰਦਲੇ ਪਾਣੀ ਦੀ ਸਪਲਾਈ ਕਾਰਨ ਸਰਹੱਦੀ ਇਲਾਕਿਆਂ ਵਿਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ?

ਸਰਹੱਦੀ ਖੇਤਰਾਂ ਵਿਚ ਗੰਦਲੇ ਪਾਣੀ ਕਾਰਨ ਕੈਂਸਰ ਵਰਗੀਆਂ ਬੀਮਾਰੀਆਂ ਪੈਦਾ ਹੋਈਆਂ ਹਨ ਅਤੇ ਇੱਥੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਦਰਿਆ ਦੇ ਪਾਣੀ ਵਿਚ ਕਸੂਰ ਦਾ ਗੰਦਲਾ ਪਾਣੀ ਮਿਲਿਆ ਹੋਇਆ ਹੈ ਅਤੇ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ। ਇਸ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗ ਦੀ ਜ਼ਿੰਮੇਵਾਰੀ ਲਗਾਈ ਹੈ। ਇਸ ਨੂੰ ਵੇਖਦੇ ਹੋਏ ਹੀ ਉਹ ਕੱਲ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਕੇ ਆਏ ਹਨ। ਉਨ੍ਹਾਂ ਨੇ ਸਮੱਸਿਆ ਦਾ ਹੱਲ ਲੱਭ ਲਿਆ ਹੈ ਅਤੇ ਇਸ ਨੂੰ ਅਗਲੇ 3-4 ਮਹੀਨਿਆਂ ਵਿਚ ਲਾਗੂ ਕਰ ਦਿੱਤਾ ਜਾਵੇਗਾ।

ਸਵਾਲ : ਗੰਦਲੇ ਪਾਣੀ ਦੀ ਸਮੱਸਿਆ ਦਾ ਕੀ ਹੱਲ ਹੋਵੇਗਾ?

ਸਭ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਬੰਦ ਪਏ ਵੱਡੇ ਆਰ. ਓ. ਚਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਆਰ. ਓਜ਼ ਨਾਲ ਗੰਦਲੇ ਪਾਣੀ ਨੂੰ ਸਾਫ਼ ਕਰ ਕੇ ਲੋਕਾਂ ਦੇ ਘਰਾਂ ਤਕ ਪਹੁੰਚਾਇਆ ਜਾਵੇਗਾ, ਜਿਸ ਨਾਲ ਇਹ ਸਮੱਸਿਆ ਕਾਫੀ ਹੱਦ ਤਕ ਹੱਲ ਹੋ ਜਾਵੇਗੀ। ਵੱਡੇ ਆਰ.ਓਜ਼ ਨੂੰ ਚਲਾਉਣ ਲਈ ਵਿਭਾਗ ਵੱਲੋਂ ਜਲਦੀ ਹੀ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਅਗਲੇ 3-4 ਮਹੀਨਿਆਂ ਵਿਚ ਇਸ ਸਮੱਸਿਆ ਦਾ ਕਾਫੀ ਹੱਦ ਤਕ ਹੱਲ ਲੱਭ ਲਿਆ ਜਾਵੇਗਾ।

ਸਵਾਲ : ਫਿਲਟਰ ਕੀਤੇ ਪਾਣੀ ਦੀ ਸਪਲਾਈ ਤੋਂ ਇਲਾਵਾ ਸਰਕਾਰ ਹੋਰ ਕੀ ਕਦਮ ਚੁੱਕਣ ਜਾ ਰਹੀ ਹੈ?

ਮੁੱਖ ਮੰਤਰੀ ਨੇ ਪਿਛਲੇ ਦਿਨੀਂ ਹੋਈ ਮੀਟਿੰਗ ਵਿਚ ਹਦਾਇਤ ਦਿੱਤੀ ਸੀ ਕਿ ਗੰਦਲੇ ਪਾਣੀ ਦੀ ਜਾਂਚ ਲਈ ਮੋਬਾਇਲ ਟੈਸਟਿੰਗ ਲੈਬਾਰਟਰੀਆਂ ਪਿੰਡਾਂ ਵਿਚ ਭੇਜੀਆਂ ਜਾਣ। ਵਿਭਾਗ ਕੋਲ 2 ਵੱਡੀਆਂ ਮੋਬਾਇਲ ਟੈਸਟਿੰਗ ਲੈਬਾਰਟਰੀਆਂ ਹਨ ਜੋ ਸਰਹੱਦੀ ਇਲਾਕਿਆਂ ਦੇ ਪਿੰਡਾਂ ਵਿਚ ਭੇਜੀਆਂ ਜਾਣਗੀਆਂ। ਲੋਕਾਂ ਨੂੰ ਗੰਦਲਾ ਪਾਣੀ ਨਾ ਮਿਲੇ, ਇਸ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਹਨ। 2 ਹੋਰ ਨਵੀਆਂ ਮੋਬਾਇਲ ਟੈਸਟਿੰਗ ਲੈਬਾਰਟਰੀਆਂ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇਗਾ।

ਸਵਾਲ : ਕੀ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਵਿਚ ਸਾਫ਼ ਪਾਣੀ ਦੀ ਸਪਲਾਈ ਲਈ ਕੋਈ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ?

ਸਰਕਾਰ ਵੱਲੋਂ 1100 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਾਜੈਕਟ ਐੱਲ ਐਂਡ ਟੀ ਕੰਪਨੀ ਦੇ ਸਹਿਯੋਗ ਨਾਲ ਸਾਫ਼ ਪਾਣੀ ਦੀ ਸਪਲਾਈ ਲਈ ਲਾਗੂ ਕੀਤਾ ਜਾ ਰਿਹਾ ਹੈ। ਇਹ ਕੰਪਨੀ ਗੰਦਲੇ ਪਾਣੀ ਨੂੰ ਸਾਫ਼ ਕਰ ਕੇ ਪਿੰਡਾਂ ’ਚ ਸਪਲਾਈ ਕਰੇਗੀ।

ਸਵਾਲ : ਸੂਬਾ ਸਰਕਾਰ ਵੱਲੋਂ ਚੁੱਕੇ ਜਾ ਰਹੇ ਸਾਰੇ ਕਦਮਾਂ ਦੇ ਬਾਵਜੂਦ ਪਾਕਿਸਤਾਨ ਤੋਂ ਆਉਣ ਵਾਲੇ ਗੰਦਲੇ ਪਾਣੀ ਦੇ ਪ੍ਰਵਾਹ ਨੂੰ ਕਿਵੇਂ ਰੋਕਿਆ ਜਾਵੇਗਾ?

ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਦੌਰਾਨ ਵਿਚਾਰਿਆ ਗਿਆ ਸੀ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਪਾਕਿਸਤਾਨ ਤੋਂ ਆਉਣ ਵਾਲੇ ਗੰਦਲੇ ਪਾਣੀ ਦੇ ਪ੍ਰਵਾਹ ਨੂੰ ਰੋਕਣ ਲਈ ਆਪਣੇ ਪੱਧਰ ’ਤੇ ਕੋਈ ਕਦਮ ਨਹੀਂ ਚੁੱਕ ਸਕਦੀ। ਇਹ ਮਾਮਲਾ ਕੌਮਾਂਤਰੀ ਹੈ, ਇਸ ਲਈ ਭਾਰਤ ਸਰਕਾਰ ਨੇ ਇਹ ਸਮੱਸਿਆ ਪਾਕਿਸਤਾਨ ਸਰਕਾਰ ਕੋਲ ਉਠਾਉਣੀ ਹੈ। ਪਾਕਿਸਤਾਨ ਦੀਆਂ ਚਮੜਾ ਫੈਕਟਰੀਆਂ ਨੂੰ ਸਿਰਫ਼ ਪਾਕਿਸਤਾਨ ਸਰਕਾਰ ਹੀ ਹਦਾਇਤਾਂ ਜਾਰੀ ਕਰ ਸਕਦੀ ਹੈ। ਸੂਬਾ ਸਰਕਾਰ ਨੇ ਵੀ ਆਪਣੇ ਪੱਧਰ ’ਤੇ ਯੋਜਨਾ ਬਣਾਈ ਹੈ, ਜਿਸ ਦਾ ਖੁਲਾਸਾ ਮੁੱਖ ਮੰਤਰੀ ਆਉਣ ਵਾਲੇ ਸਮੇਂ ’ਚ ਕਰਨਗੇ।

ਭਗਵੰਤ ਮਾਨ ਨੇ 2008 ’ਚ ਗੰਦਲੇ ਪਾਣੀ ਦੀ ਸਮੱਸਿਆ ਨੂੰ ਪਛਾਣ ਲਿਆ ਸੀ

ਮੁੱਖ ਮੰਤਰੀ ਭਗਵੰਤ ਮਾਨ ਨੇ 2008 ਵਿਚ ਗੰਦਲੇ ਪਾਣੀ ਦੀ ਸਮੱਸਿਆ ਬਾਰੇ ਜਾਣ ਲਿਆ ਸੀ। ਸਰਹੱਦੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਭਗਵੰਤ ਮਾਨ 2008 ਵਿਚ ਮਾਲਵੇ ਦੇ ਸਰਹੱਦੀ ਇਲਾਕੇ ਵਿਚ ਸਮਾਜ ਸੇਵਕ ਵਜੋਂ ਆਏ ਸਨ। ਉਦੋਂ ਲੋਕਾਂ ਨੇ ਭਗਵੰਤ ਮਾਨ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ 8-8 ਸਾਲ ਦੇ ਬੱਚਿਆਂ ਦੇ ਵਾਲ ਵੀ ਸਫੈਦ ਹੋ ਰਹੇ ਹਨ। ਇਹ ਸੁਣ ਕੇ ਭਗਵੰਤ ਮਾਨ ਹੈਰਾਨ ਰਹਿ ਗਏ ਸਨ। ਫਿਰ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਗੰਦਲਾ ਪਾਣੀ ਪੀਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ।

ਭਗਵੰਤ ਮਾਨ ਨੇ ਉਸ ਸਮੇਂ ਇਹ ਮਾਮਲਾ ਉਠਾਇਆ ਸੀ ਪਰ ਉਦੋਂ ਉਨ੍ਹਾਂ ਕੋਲ ਕੋਈ ਤਾਕਤ ਨਹੀਂ ਸੀ। ਬੀ.ਬੀ.ਸੀ. ਦੀ ਟੀਮ ਵੀ ਇਸ ਸਮੱਸਿਆ ਦਾ ਪਤਾ ਲਗਾਉਣ ਲਈ ਮੌਕੇ ’ਤੇ ਪਹੁੰਚੀ। ਫਿਰ ਭਗਵੰਤ ਮਾਨ ਨੇ ਆਪਣੀ ਜੇਬ ਵਿਚੋਂ ਇਕ ਲੱਖ ਰੁਪਏ ਪਿੰਡ ਵਾਸੀਆਂ ਨੂੰ ਦਿੱਤੇ ਸਨ। ਭਗਵੰਤ ਮਾਨ ਨੇ ਉਸ ਸਮੇਂ ਸਰਹੱਦੀ ਪਿੰਡਾਂ ਤੇਜਾ ਰੁਹੇਲਾ, ਚੱਕ ਰੁਹੇਲਾ ਤੇ ਦੌਨਾ ਨਾਨਕਾ ਵਿਖੇ ਆਪਣੇ ਪੈਸਿਆਂ ਨਾਲ ਇਕ-ਇਕ ਹੈਂਡ ਪੰਪ ਲਗਵਾਇਆ ਸੀ ਤਾਂ ਜੋ ਲੋਕਾਂ ਨੂੰ ਘੱਟੋ-ਘੱਟ ਸਾਫ਼ ਪਾਣੀ ਤਾਂ ਮਿਲ ਸਕੇ। ਹੁਣ ਭਗਵੰਤ ਮਾਨ ਕੋਲ ਸੀ.ਐੱਮ. ਦਾ ਅਹੁਦਾ ਆ ਗਿਆ ਹੈ, ਇਸ ਲਈ ਉਨ੍ਹਾਂ ਨੇ ਇਸ ਸਮੱਸਿਆ ਨਾਲ ਜੰਗੀ ਪੱਧਰ ’ਤੇ ਨਜਿੱਠਣ ਦਾ ਫੈਸਲਾ ਕੀਤਾ ਹੈ। ਜ਼ਿੰਪਾ ਨੇ ਕਿਹਾ ਕਿ ਭਗਵੰਤ ਮਾਨ ਦੀਆਂ ਹਦਾਇਤਾਂ ਮਿਲਦਿਆਂ ਹੀ ਉਹ ਪੂਰੀ ਟੀਮ ਨਾਲ ਬਾਰਡਰ ’ਤੇ ਪਹੁੰਚ ਗਏ ਹਨ ਅਤੇ ਹੁਣ ਉਸ ਵੇਲੇ ਤਕ ਚੁੱਪ ਨਹੀਂ ਬੈਠਣਗੇ ਜਦੋਂ ਤਕ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਲੱਭ ਲਿਆ ਜਾਂਦਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News