ਨਰਸਿੰਗ ਡੇਅ ’ਤੇ ਵਿਸ਼ੇਸ਼ : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਫ਼ਲੋਰੈਂਸ ਨਾਈਟਿੰਗੇਲ’

Tuesday, May 12, 2020 - 10:32 AM (IST)

ਨਰਸਿੰਗ ਡੇਅ ’ਤੇ ਵਿਸ਼ੇਸ਼ : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਫ਼ਲੋਰੈਂਸ ਨਾਈਟਿੰਗੇਲ’

ਫ਼ਲੋਰੈਂਸ ਨਾਈਟਿੰਗੇਲ

ਡਾਕਟਰ ਕਮਲਜੀਤ ਕੌਰ 

ਫ਼ਲੋਰੈਂਸ ਨਾਈਟਿੰਗੇਲ, ਜਿਸ ਨੂੰ ਅਜੋਕੇ ਨਰਸਿੰਗ ਪ੍ਰੋਫ਼ੈਸ਼ਨ ਦੀ ਮਹਾਨ ਆਗੂ ਵਜੋਂ ਜਾਣਿਆ ਜਾਂਦਾ ਹੈ, ਦਾ ਜਨਮ 12 ਮਈ, 1820 ਵਿਚ ਇਟਲੀ ਦੇ ਫ਼ਲੋਰੈਂਸ ਅਸਟੇਟ ਵਿਖੇ ਅਮੀਰ ਅਤੇ ਪ੍ਰਸਿੱਧ ਘਰਾਣੇ ਵਿਚ ਹੋਇਆ। ਫ਼ਲੋਰੈਂਸ ਨਾਈਟਿੰਗੇਲ ਦੇ ਮਾਤਾ-ਪਿਤਾ ਆਰਥਿਕ ਅਤੇ ਸਮਾਜਿਕ ਤੌਰ ’ਤੇ ਪ੍ਰਭਾਵਸ਼ਾਲੀ ਹੋਣ ਕਾਰਨ ਉਨ੍ਹਾਂ ਦੀ ਇੰਗਲੈਂਡ ਦੇ ਸ਼ਾਹੀ ਪਰਿਵਾਰ ਤੱਕ ਪਹੁੰਚ ਸੀ। ਫ਼ਲੋਰੈਂਸ ਦੇ ਪਿਤਾ ਵਿਲੀਅਮ ਨਾਈਟਿੰਗੇਲ ਉੱਚ ਘਰਾਣੇ ਨਾਲ ਸਬੰਧਿਤ ਹੋਣ ਕਾਰਨ 2 ਅਸਟੇਟਾਂ (ਡਰਬਾਇਸ਼ਰ ਅਤੇ ਹੈਮਪਸ਼ਰ) ਦਾ ਮਾਲਕ ਸੀ। ਫ਼ਲੋਰੈਂਸ ਦਾ ਪਾਲਣ-ਪੋਸ਼ਣ ਸ਼ਾਹੀ ਠਾਠ-ਬਾਠ ਨਾਲ ਹੋਇਆ ਅਤੇ ਬਚਪਨ ਵਿਚ ਹੀ ਉਸ ਨੂੰ ਕਲਾਸੀਕਲ ਸਿੱਖਿਆ ਦੇ ਨਾਲ-ਨਾਲ ਜਰਮਨ, ਲੈਟਿਨ, ਫਰੈਂਚ, ਇਟੇਲੀਅਨ ਭਾਸ਼ਾਵਾਂ ਅਤੇ ਮੈਥੇਮੈਟਿਕਸ ਆਦਿ ਦੀ ਸਿਖਲਾਈ ਦਿੱਤੀ ਗਈ।

ਨਾਈਟਿੰਗੇਲ ਦੀ ਮਾਤਾ ਧਨਾਢ ਵਪਾਰੀ ਪਿਛੋਕੜ ਵਿਚ ਹੋਣ ਕਾਰਨ ਹਾਈ ਸੋਸ਼ਲ ਕਲਾਸ ਦੇ ਲੋਕਾਂ ਨਾਲ ਮੇਲਜੋਲ ਰੱਖਣ ਵਿਚ ਮਾਣ ਮਹਿਸੂਸ ਕਰਦੀ ਸੀ। ਪਰ ਫ਼ਲੋਰੈਂਸ ਬਹੁਤ ਛੋਟੀ ਉਮਰ ਵਿਚ ਹੀ ਇਸ ਦਿਖਾਵੇ ਅਤੇ ਸ਼ਾਨੋ-ਸ਼ੌਕਤ ਵਿਚ ਕੋਈ ਦਿਲਚਪਸੀ ਨਹੀਂ ਸੀ ਰੱਖਦੀ। ਉਹ ਆਪਣੀ ਮਾਤਾ ਦੇ ਵਿਚਾਰਾਂ ਨਾਲ ਸਹਿਮਤੀ ਨਾ ਪ੍ਰਗਟਾਉਂਦੀ ਹੋਈ ਅਕਸਰ ਲੋੜਵੰਦ ਅਤੇ ਦੀਨ-ਦੁਖੀਆਂ ਬਾਰੇ ਚਿੰਤਤ ਰਹਿੰਦੀ । ਉਨ੍ਹਾਂ ਦਾ ਹਾਲ-ਚਾਲ ਜਾਨਣ ਅਤੇ ਮਦਦ ਕਰ ਨ ਦੇ ਲਈ ਉਤਸੁਕ ਰਹਿੰਦੀ। ਉਹ ਆਪਣੇ ਆਸ-ਪਾਸ ਦੇ ਪੀੜਨ ਅਤੇ ਮਜਦੂਰ ਲੋਕਾਂ ਨਾਲ ਮੇਲ ਮਿਲਾਪ ਰੱਖਣ ਅਤੇ ਉਨ੍ਹਾਂ ਦੀਆਂ ਤਕਲੀਫਾਂ ਨੂੰ ਮਹਿਸੂਸ ਕਰਦੇ ਹੋਏ ਹਰ ਸੰਭਵ ਸਹਾਇਆ ਕਰਨ ਦੀ ਇੱਛਾ ਜ਼ਾਹਿਰ ਕਰਦੀ, ਜੋ ਉਸ ਦੇ ਪਰਿਵਾਰਕ ਖਾਸ ਕਰਕੇ ਉਸ ਦੀ ਮਾਤਾ ਜੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਸਭ ਦੇ ਬਾਵਜੂਦ ਫ਼ਲੋਰੈਂਸ ਨੇ ਕੇਵਲ 16 ਸਾਲਾ ਦੀ ਅਲ੍ਹੜ ਉਮਰ ਵਿਚ ਹੀ ਬੀਮਾਰ ਅਤੇ ਪੀੜ੍ਹਤਾਂ ਦੀ ਸੇਵਾ ਕਰਨ ਦਾ ਪਣ ਕਰ ਲਿਆ। ਬੀਮਾਰ ਅਤੇ ਦੀਨ-ਦੁਖੀਆਂ ਦੀ ਸੇਵਾ ਕਰਨਾ ਹੀ ਉਸਦੇ ਜੀਵਨ ਦਾ ਮੁੱਖ ਮੰਤਵ ਸੀ। ਨਾਈਟਿੰਗੇਲ ਨੇ ਇਸ ਮੰਤਵ ਨੂੰ ਰੱਬੀ ਸੰਦੇਸ਼ ਸਮਝ ਕੇ ਆਪਣੇ ਜੀਵਨ ਦਾ ਆਦਰਸ਼ ਬਣਾਇਆ ਅਤੇ ਇਸ ਫੈਸਲੇ ਬਾਰੇ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਕਿ ਉਹ ਨਰਸ ਬਣ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ। ਫ਼ਲੋਰੈਂਸ ਨਾਈਟਿੰਗੇਲ ਦੇ ਵਿਚਾਰ ਸੁਣ ਕੇ ਉਸ ਦੇ ਮਾਤਾ-ਪਿਤਾ ਹੈਰਾਨ ਪਰੇਸ਼ਾਨ ਹੋ ਗਏ। ਉਨ੍ਹਾਂ ਲਈ ਨਾਈਟਿੰਗੇਲ ਦਾ ਇਹ ਫੈਸਲਾ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਪਰਿਵਾਰ ਵਲੋਂ ਲਾਗਾਤਾਰ ਸਮਝਾਉਣ ਦੇ ਬਾਵਜੂਦ ਵੀ ਨਾਈਟਿੰਗੇਲ ਆਪਣੇ ਨਿਸ਼ਚੇ ’ਤੇ ਅਟੱਲ ਸੀ। ਉਸ ਸਮੇਂ ਦੇ ਉੱਚ ਘਰਾਣਿਆਂ ਅਤੇ ਸਮਾਜਿਕ ਰੁੱਤਬੇ ਦੇ ਸ਼ਾਹੀ ਪਰਿਵਾਰਾਂ ਵਲੋਂ ਦੀਨ-ਦੁਖੀਆਂ ਅਤੇ ਰੋਗੀਆਂ ਦੀ ਸਾਂਭ-ਸੰਭਾਲ ਕਰਨੀ ਨੀਂਵੇ ਪੱਧਰ ਦਾ ਕੰਮ ਸਮਝਿਆ ਜਾਂਦਾ ਸੀ।

PunjabKesari

ਨਾਈਟਿੰਗੇਲ ਨੇ ਉਸ ਸਮੇਂ ਦੀ ਪਰਿਵਾਰਕ ਅਤੇ ਸਮਾਜਿਕ ਸੋਚ ਦਾ ਖੰਡਨ ਕਰਦੇ ਹੋਏ ਕੇਵਲ 17 ਸਾਲ ਦੀ ਉਮਰ ਵਿਚ ਮਾਂ-ਬਾਪ ਵਲੋਂ ਸ਼ਾਹੀ ਘਰਾਣੇ ਦੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਉਣ ਦੀ ਪੇਸ਼ਕਸ਼ ਠੁਕਰਾ ਦਿੱਤੀ, ਕਿਉਂਕਿ ਉਹ ਪਰਉਪਕਾਰ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਆਪਣੇ ਮਿੱਥੇ ਹੋਏ ਟੀਚੇ ਮੁਤਾਬਕ ਕੰਮ ਕਰਨਾ ਚਾਹੁੰਦੀ ਸੀ। ਇਸ ਸੇਵਾ ਭਾਵਨਾ ਦੇ ਸਕੰਲਪ ਦੀ ਪੂਰਤੀ ਲਈ ਉਸ ਨੇ ਨਿਡਰ ਹੋ ਕੇ ਆਪਣੇ ਮਾਂ-ਬਾਪ ਦੇ ਫੈਸਲੇ ਦਾ ਵਿਰੋਧ ਕੀਤਾ ਅਤੇ ਇਸੇ ਦੌਰਾਨ ਜਰਮਨੀ ਵਿਚ ਪੈਸਟਰ ਫਲੀਡਨਰ ਹਸਪਤਾਲ, ਕੇਸਰਵਰਦ ਵਿਖੇ ਨਰਸਿੰਗ ਵਿਦਿਆਰਥਣ ਵਜੋਂ ਦਾਖਲਾ ਲੈ ਲਿਆ। ਨਰਸਿੰਗ ਦੀ ਸਿਖਲਾਈ ਲੈਣ ਉਪਰੰਤ ਨਾਈਟਿੰਗੇਲ ਨੇ 1850 ਵਿਚ ਨਰਸਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਲੰਡਨ ਦੇ ਇਕ ਹਸਪਤਾਲ ਵਿਚ ਨੌਕਰੀ ਸ਼ੁਰੂ ਕੀਤੀ। ਉਸ ਨੂੰ ਆਪਣੀ ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਸੇਵਾਵਾਂ ਪ੍ਰਦਾਨ ਕਰਦੇ ਹੋਏ ਇਕ ਸਾਲ ਵਿਚ ਹੀ ਸੁਪਰਡੈਂਟ ਪਦਉੱਨਤ ਹੋਣ ਦਾ ਮਾਣ ਪ੍ਰਾਪਤ ਹੋਇਆ। ਉਸ ਸਮੇਂ ਲੰਡਨ ਵਿਚ ਗੰਦਗੀ ਕਾਰਣ ਹੈਜ਼ੇ ਅਤੇ ਟਾਇਫਾਈਡ ਦੀ ਮਹਾਮਾਰੀ ਦਾ ਪ੍ਰਕੋਪ ਚਲ ਰਿਹਾ ਸੀ। ਨਾਈਟਿੰਗੇਲ ਨੇ ਬੀਮਾਰੀ ਫੈਲਣ ਦੀ ਰੋਕਥਾਮ ਅਤੇ ਬਚਾਅ ਮੁਹਿੰਮ ਲਈ ਜੀਅ-ਜਾਨ ਨਾਲ ਮਿਹਨਤ ਕਰਕੇ ਹੈਜ਼ੇ ਨਾਲ ਹੋ ਰਹੀਆਂ ਮੌਤਾਂ ਦੀ ਦਰ ਘਟਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਮਹਾਮਾਰੀ ਦੇ ਪ੍ਰਕੋਪ ਦਾ ਨਾਈਟਿੰਗੇਲ ਦੀ ਸਿਹਤ ਉੱਪਰ ਵੀ ਅਸਰ ਹੋਇਆ।

ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ ''ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਸਿਹਤ ਮਾਹਿਰਾਂ ਦਾ ਦਾਅਵਾ: ਪੋਲੀਓ ਜਿਨਾਂ ਖ਼ਤਰਨਾਕ ਹੋ ਸਕਦਾ ਹੈ ‘ਕੋਰੋਨਾ ਵਾਇਰਸ’ (ਵੀਡੀਓ)

ਹੈਜ਼ੇ ਦੀ ਬੀਮਾਰੀ ਤੋਂ ਅਜੇ ਨਾਈਟਿੰਗੇਲ ਪੂਰੀ ਤਰ੍ਹਾਂ ਸਿਹਤਯਾਬ ਨਹੀ ਹੋਈ ਸੀ ਕਿ ਅਚਾਨਕ ਰੂਸ ਅਤੇ ਇੰਗਲੈਂਡ ਵਿਚਾਲੇ ਕਰੀਮੀਅਨ ਯੁੱਧ ਸ਼ੁਰੂ ਹੋ ਗਿਆ ਅਤੇ ਯੁੱਧ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਜ਼ਖਮੀ ਸੈਨਿਕਾਂ ਨੂੰ ਮਿਲਟਰੀ ਹਸਪਤਾਲਾਂ ਵਿਚ ਦਾਖਲ ਕੀਤਾ ਗਿਆ। ਜ਼ਖਮੀ ਪੀੜ੍ਹਤਾਂ ਦੀ ਬਹੁਤਾਤ ਕਾਰਨ ਦੇਖਭਾਲ ਲਈ ਲੋੜੀਂਦੇ ਸਟਾਫ ਅਤੇ ਡਾਕਟਰੀ ਸਹੂਲਤਾਂ ਦੀ ਪੂਰਤੀ ਨਾ ਹੋਣ ਕਾਰਨ ਜ਼ਖਮੀ ਸੈਨਿਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਣ ਲੱਗੀ, ਜਿਸ ਕਰਕੇ ਇੰਗਲੈਂਡ ਵਿਚ ਹਾਲਾਤ ਲਗਾਤਾਰ ਖਰਾਬ ਹੋ ਰਹੇ ਸਨ। ਬਹੁਤ ਸਾਰੇ ਜ਼ਖਮੀ ਸੈਨਿਕਾਂ ਦੀਆਂ ਮੌਤਾਂ ਜ਼ਖਮਾਂ ਕਰਕੇ ਨਹੀਂ ਸਗੋਂ ਹੈਜ਼ੇ ਅਤੇ ਟਾਇਫਾਈਡ ਦੇ ਇੰਫੈਕਸ਼ਨ ਨਾਲ ਹੋ ਰਹੀਆਂ ਸਨ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਖਮੀ ਗ਼ੌਜੀਆਂ ਅਤੇ ਪੀੜ੍ਹਤਾਂ ਦੀਆਂ ਜਾਨਾਂ ਬਚਾਉਣ ਲਈ ਬ੍ਰਿਟਿਸ਼ ਫੌਜੀ ਅਧਿਕਾਰੀਆਂ ਵਲੋਂ ਨਾਈਟਿੰਗੇਲ ਨੂੰ ਆਪਣੇ ਨਾਲ ਹੋਰ ਨਰਸਾਂ ਨੂੰ ਤਿਆਰ ਕਰਕੇ ਸਕੱਤਰੀ ਬ੍ਰਿਟਿਸ਼ ਬੇਸ ਹਸਪਤਾਲ ਵਿਖੇ ਸੇਵਾਵਾਂ ਪ੍ਰਦਾਨ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ। ਇਹ ਹਸਪਤਾਲ ਗੰਦੇ ਪਾਣੀ ਦੇ ਇਕ ਵੱਡੇ ਹੋਦ ਉੱਪਰ ਸਥਿਤ ਸੀ। ਜਿਸ ਕਰਕੇ ਹਸਪਤਾਲ ਦੀ ਇਮਾਰਤ, ਵਾਤਾਵਰਨ, ਹਵਾ, ਪਾਣੀ ਆਦਿ ਪ੍ਰਦੂਸ਼ਿਤ ਹੋ ਰਿਹਾ ਸੀ।

PunjabKesari

ਗੰਦਗੀ ਦੇ ਇਸ ਮਾਹੌਲ ਵਿਚ ਚੂਹੇ, ਖਟਮਲ, ਮੱਖੀਆਂ, ਮੱਛਰ ਆਦਿ ਕੀੜੇ-ਮਕੌੜਿਆਂ ਦੀ ਭਰਮਾਰ ਸੀ। ਇਹ ਹਾਲਾਤ ਵੇਖ ਕੇ ਨਾਈਟਿੰਗੇਲ ਘਬਰਾਈ ਨਹੀ ਸਗੋਂ ਪੂਰੇ ਉਹਸ਼ਾਹ ਨਾਲ ਇਸ ਚਣੌਤੀ ਨੂੰ ਸਵੀਕਾਰ ਕੀਤਾ। ਨਾਈਟਿੰਗੇਲ ਨੇ ਆਪਣੇ ਸਹਿਯੋਗੀ ਸਟਾਫ ਅਤੇ ਕੁਝ ਠੀਕ ਹੋ ਰਹੇ ਸੈਨਿਕਾਂ ਦੀ ਸਹਾਇਤਾ ਨਾਲ ਹਸਪਤਾਲ ਇਮਾਰਤ, ਮਰੀਜ਼ਾ ਦੀ ਸਾਫ-ਸਫਾਈ ਅਤੇ ਸਾਂਭ-ਸੰਭਾਲ ਲਈ ਅਣਥੱਕ ਮਿਹਨਤ ਕੀਤੀ। ਨਾਈਟਿੰਗੇਲ ਦਾ ਇਕ-ਇਕ ਪਲ ਪੀੜ੍ਹਤਾਂ ਦੀ ਦੇਖ-ਰੇਖ ਵਿਚ ਗੁਜ਼ਰਦਾ ਸੀ। ਉਹ ਰਾਤ ਦੇ ਹਨੇਰੇ ਵਿਚ ਲਾਲਟੈਣ ਲੈ ਕੇ ਤੰਗ ਰਸਤਿਆਂ ਵਿਚੋਂ ਗੁਜ਼ਰਦੀ ਹੋਈ ਪੀੜਤਾਂ ਦਾ ਹਾਲ-ਚਾਲ ਪੁੱਛਦੀ ਅਤੇ ਉਨ੍ਹਾਂ ਨੂੰ ਜਲਦੀ ਸਿਹਤਯਾਬ ਹੋਣ ਲਈ ਤਸੱਲੀ ਦਿੰਦੀ। ਜ਼ਖਮੀ ਅਤੇ ਪੀੜਤ ਸੈਨਿਕ ਉਸ ਦੇ ਇਸ ਦਿਆਲੂ ਸੁਭਾਅ ਕਾਰਣ ਬਹੁਤ ਹੀ ਪ੍ਰਭਾਵਿਤ ਹੁੰਦੇ ਅਤੇ ਪਿਆਰ ਨਾਲ ਉਸ ਨੂੰ ‘The Lady with Lamp‘ ਭਾਵ ਲਾਲਟੈਣ ਵਾਲੀ ਬੀਬੀ ਕਹਿੰਦੇ ਸਨ।

ਪੜ੍ਹੋ ਇਹ ਵੀ ਖਬਰ - ਚੀਨ 'ਚ ਮੁੜ ਵੱਜੀ ਖਤਰੇ ਦੀ ਘੰਟੀ, ਬਿਨਾਂ ਲੱਛਣ ਵਾਲੇ ਮਾਮਲੇ ਆ ਰਹੇ ਨੇ ਸਾਹਮਣੇ (ਵੀਡੀਓ)

ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਦੇ ਸਮੇਂ ਲੰਗਰ ਵਰਤਾਉਂਦਿਆਂ ਮੁਹੱਬਤੀ ਸੁਨੇਹਾ ਵੰਡਦੇ ''ਉਮੀਦ ਦੇ ਬੰਦੇ''

ਨਾਈਟਿੰਗੇਲ ਦੀ ਅਣਥੱਕ ਸੇਵਾ ਭਾਵਨਾ ਅਤੇ ਉਤਸ਼ਾਹ ਭਰਪੂਰ ਹੌਂਸਲਾ ਅਫਜਾਈ ਕਾਰਣ ਜ਼ਖਮੀ ਫੌਜੀਆਂ ਅਤੇ ਮਹਾਮਾਰੀ ਪੀੜਤਾਂ ਦਾ ਥੋੜੇ ਦਿਨਾਂ ਵਿਚ ਹੀ ਸਿਹਤ ਸੁਧਾਰ ਹੋਣਾ ਸ਼ੁਰੂ ਹੋ ਗਿਆ ਅਤੇ ਮੌਤ ਦੀ ਦਰ ਵੀ ਦੋ ਤਿਹਾਈ ਘੱਟ ਗਈ। ਨਾਈਟਿੰਗੇਲ ਨੇ ਮਰੀਜਾਂ ਦੀਆਂ ਸਰੀਰਿਕ, ਮਾਨਸਿਕ ਅਤੇ ਬੌਧਿਕ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ  ਸਾਫ-ਸੁਥਰਾ ਵਾਤਾਵਰਨ, ਸੰਤੁਲਨ ਖੁਰਾਕ ਅਤੇ ਬਸਤਰ ਆਦਿ ਮਹੁੱਈਆ ਕਰਨ ਦੇ ਨਾਲ-ਨਾਲ ਹਸਪਤਾਲ ਵਿਚ ਹੀ ਲਾਇਬ੍ਰੇਰੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਤਾਂ ਜੋ ਪੀੜ੍ਹਤਾਂ ਨੂੰ ਤੰਦਰੁਸਤ ਹੋਣ ਲਈ ਆਰਾਮਦਾਇਕ ਅਤੇ ਸੁਖਾਂਵਾ ਮਾਹੌਲ ਦਿੱਤਾ ਜਾ ਸਕੇ। ਜੰਗ ਅਤੇ ਮਹਾਮਾਰੀ ਦੇ ਇਸ ਭਿਆਨਕ ਦੌਰ ਵਿਚ ਨਾਈਟਿੰਗੇਲ ਨੇ ਸਹਿਯੋਗੀ ਸਾਥਣਾਂ ਨਾਲ ਮਿਲ ਕੇ ਰੋਗੀਆਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਬਹੁਤ ਸਾਰੀਆਂ ਅਜਾਈ ਜਾ ਰਹੀਆਂ ਜਾਨਾਂ ਬਚਾਉਣ ਵਿਚ ਕਾਮਯਾਬੀ ਪ੍ਰਾਪਤ ਕੀਤੀ। ਸਿਹਤਯਾਬ ਹੋ ਰਹੇ ਪੀੜਤ ਸੈਸ਼ਨਿਕ ਸਮੇਂ ਸਿਰ ਮਿਲੀਆਂ ਵਧੀਆ ਸਿਹਤ ਸਹੂਲਤਾਂ ਅਤੇ ਰਾਹਤ ਕਾਰਜਾਂ ਲਈ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਨਾਈਟਿੰਗੇਲ ਨੂੰ ਕਿਸੇ ਫਰਿਸ਼ਤੇ ਦੀ ਤਰ੍ਹਾਂ ਜਾਣਨ ਲੱਗੇ। ਅਫਸਰ ਫੌਜੀਆਂ ਵਲੋਂ ਵਿਚਾਰ ਸਾਂਝੇ ਕਰਦੇ ਹੋਏ ਇਕ ਫੌਜੀ ਅਫਸਰ ਨੇ ਇੱਥੋਂ ਤੱਕ ਕਿਹਾ ਕਿ ਯੁੱਧ ਤੋਂ ਬਾਅਦ ਅਗਰ ਕਿਸੇ ਨੂੰ ਯਾਦ ਕੀਤਾ ਜਾਵੇਗਾ ਤਾਂ ਉਹ ਕੇਵਲ ਨਾਈਟਿੰਗੇਲ  'The Angel of Crimea' I

PunjabKesari

ਇਸ ਤਰ੍ਹਾਂ ਫ਼ਲੋਰੈਂਸ ਨਾਈਟਿੰਗੇਲ ਨੇ ਆਪਣੇ ਤਿਆਗ, ਕੁਰਬਾਨੀ ਅਤੇ ਸਦ-ਭਾਵਨਾ ਸਦਕਾ ਨਿਸ਼ਕਾਮ ਸੇਵਾ ਕਰਦੇ ਹੋਏ ਨਰਸਿੰਗ ਪ੍ਰਥਾ ਦੀ ਨੀਂਹ ਰੱਖੀ। ਸੰਸਾਰ ਭਰ ਵਿਚ ਸਮੂਹ ਨਰਸਿੰਗ ਭਾਈਚਾਰੇ ਵਲੋਂ ਉਸ ਦਾ ਜਨਮ ਦਿਨ ਹਰ ਸਾਲ 12 ਮਈ ਨੂੰ ‘ਨਰਸਿਜ਼ ਡੇਅ’ ਵਜੋਂ ਮਨਾਇਆ ਜਾਂਦਾ ਹੈ। ਕਰੀਮੀਅਨ ਯੁੱਧ ਬੰਦੀ ਤੋਂ ਬਾਅਦ ਨਾਈਟਿੰਗੇਲ 1856 ਵਿਚ ਆਪਣੇ ਬਚਪਨ ਦੇ ਘਰ ਵਾਪਸ ਪਰਤੀ, ਜਿੱਥੇ ਉਸਦਾ ਇਕ ਨਾਇਕਾ ਦੀ ਤਰ੍ਹਾਂ ਸਰਕਾਰੀ ਰਸਮਾਂ ਮੁਤਾਬਕ ਨਿੱਘਾ ਸਵਾਗਤ ਕੀਤਾ ਗਿਆ। ਇੰਗਲੈਂਡ ਦੀ ਮਹਾਰਾਣੀ ਕੁਇਨ ਵਿਕਟੋਰੀਆ ਨੇ ਨਾਈਟਿੰਗੇਲ ਨੂੰ  'Nightingale .lewel' ਅਤੇ 2,50,000 ਡਾਲਰ ਦੀ ਰਾਸ਼ੀ ਇਨਾਮ ਵਜੋਂ ਭੇਂਟ ਕਰਕੇ ਸਨਮਾਨਿਤ ਕੀਤਾ।

ਫ਼ਲੋਰੈਸ ਨਾਈਟਿੰਗੇਲ ਨੂੰ ਸੇਵਾ ਭਾਵਨਾ ਕਾਰਜਾਂ ਦੇ ਨਾਲ-ਨਾਲ ਮਹਾਨ ਸਟੈਟੇਸਟੀਸ਼ੀਅਨ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਨੇ ਸੈਨਿਕਾਂ ਦੀ ਸਾਂਭ-ਸੰਭਾਲ ਅਤੇ ਬਚਾਅ ਉਪਰਾਲਿਆਂ ਉਪਰੰਤ ਮੌਤ ਦਰ ਦੇ ਅੰਕੜੇ ਮੁਲਾਂਕਣ ਕਰਕੇ ਸਭ ਨੂੰ ਅਚੰਭਿਤ ਕਰਨ ਵਾਲੇ ਮਹੱਤਵਪੂਰਨ ਸਿੱਟੇ ਪੇਸ਼ ਕੀਤੇ। ਨਾਈਟਿੰਗੇਲ ਦੇ ਰਿਕਾਰਡ ਮੁਤਾਬਕ 18000 ਮੌਤਾਂ ਵਿਚੋਂ 16000 ਮੌਤਾਂ ਕੇਵਲ ਰੋਕਥਾਮ ਦੇ ਵਸੀਲੇ ਪੂਰੀ ਤਰ੍ਹਾਂ ਉਪਲੱਬਧ ਨਾ ਹੋਣ ਕਰਕੇ ਹੋਈਆਂ। ਨਾਈਟਿੰਗੇਲ ਨੇ ਅੰਕੜਿਆਂ ਦੇ ਆਧਾਰ ’ਤੇ ਬ੍ਰਿਟਿਸ਼ ਹਕੂਮਤ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਲਈ ਮਜਬੂਰ ਕੀਤਾ। ਉਸ ਨੇ ਆਪਣੀ ਅਨੁਭਵੀ ਵਿਗਿਆਨਕ ਸੋਚ ਕਾਰਨ ਹੁਕਮਰਾਨਾਂ ਅਤੇ ਸਿਹਤ ਅਧਿਕਾਰੀਆਂ ਨੂੰ ਹਸਪਤਾਲਾਂ ਵਿਚ ਮਹਾਮਾਰੀ ਸੰਬੰਧਿਤ ਰੋਕਥਾਮ ਅਤੇ ਵੱਧ ਤੋਂ ਵੱਧ ਬਚਾਅ ਕਾਰਜਾਂ ਦਾ ਪ੍ਰਬੰਧ ਕਰਨ ਲਈ ਉਤਸ਼ਾਹਿਤ ਕੀਤਾ। ਜਿਸ ਕਰਕੇ ਉਸ ਨੂੰ ਰਾਇਲ ਸਟੇਟੇਸਟੀਕਲ ਸੋਸਾਇਟੀ ਦੀ ਪਹਿਲੀ ਮਹਿਲਾ ਮੈਂਬਰ ਅਤੇ ਅਮੇਰੀਕਨ ਸਟੇਟੇਸਟੀਕਲ ਐਸੋਸ਼ੀਏਸ਼ਨ ਦੀ ਆਨਰੇਰੀ ਮੈਂਬਰ ਨਾਮਜ਼ਦ ਕੀਤਾ ਗਿਆ ।

ਪੜ੍ਹੋ ਇਹ ਵੀ ਖਬਰ - ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸ਼ਾਹ ਸ਼ਰਫ

ਪੜ੍ਹੋ ਇਹ ਵੀ ਖਬਰ - ਮਸ਼ਹੂਰ ਪ੍ਰੋਗਰਾਮ 'ਮਿਸਟਰ ਰੋਜ਼ਰਜ਼ ਨੇਬਰਹੁੱਡ' ਅਤੇ Can you say Hero ?

ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਲੋਕ ਹਿਤੈਸ਼ੀ ਨਾਈਟਿੰਗੇਲ ਨੇ ਇਨਾਮ ਵਜੋਂ ਮਿਲੀ ਰਾਸ਼ੀ ਨਾਲ 1860 ਵਿਚ ਸੇਂਟ ਥੋਮਸ ਹਸਪਤਾਲ ਅਤੇ ਨਰਸਿੰਗ ਟ੍ਰੇਨਿੰਗ ਸਕੂਲ ਤਿਆਰ ਕਰਵਾਇਆ। ਨਾਈਟਿੰਗੇਲ ਆਪਣੇ ਪਰਉਪਕਾਰੀ ਸੇਵਾਵਾਂ ਅਤੇ ਦਿਆਲੂ ਸੁਭਾਅ ਕਰਕੇ ਲੋਕਾਂ ਵਿਚ ਹਰਮਨ ਪਿਆਰੀ ਹੋ ਗਈ। ਉਸ ਵਲੋਂ ਦਿੱਤੀਆਂ ਗਈਆਂ ਵੱਡਮੁੱਲੀਆਂ ਸੇਵਾਵਾਂ ਅਤੇ ਮਹੱਤਵਪੂਰਨ ਸੁਝਾਵਾਂ ਕਾਰਣ ਉਸਨੂੰ ਬ੍ਰਿਟਿਸ਼ ਪ੍ਰਸ਼ਾਸ਼ਨ ਵਲੋਂ ਲੋਕ ਨਾਇਕਾ ਵਜੋਂ  ਜਾਣਿਆ ਜਾਣ ਲੱਗਾ। ਨਾਈਟਿੰਗੇਲ ਦੇ ਉਸ ਸਮੇਂ ਦੇ ਹਲਾਤਾਂ ਅਤੇ ਤਜਰਬੇ ਅਧਾਰਿਤ ਹੱਥ ਲਿਖਤ ਨੋਟਸ ਬ੍ਰਿਟਿਸ਼ ਸਰਕਾਰ ਵਲੋਂ ਪਬਲਿਸ਼ ਕਰਵਾ ਕੇ ਮਿਊਂਜ਼ੀਅਮ ਵਿਚ ਰਖਵਾਏ ਗਏ ਜੋ ਕਿ ਸੈਨਿਕ ਅਤੇ ਸਿਵਲੀਅਨ ਹਸਪਤਾਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ਾਂ ਵਜੋਂ ਵਰਤੇ ਗਏ। ਉਸ ਮਹਾਨ ਸ਼ਖਸ਼ੀਅਤ ਦੇ ਪ੍ਰਸ਼ੰਸਕਾਂ ਵਲੋਂ ਉਸ ਨੂੰ ਕਈ ਤਰ੍ਹਾਂ ਦੀਆਂ ਕਵਿਤਾਵਾਂ, ਗੀਤ ਅਤੇ ਨਾਟਕ ਪੇਸ਼ ਕਰਕੇ ਸਨਮਾਨਿਆ ਗਿਆ। ਨਾਈਟਿੰਗੇਲ ਦੇ ਲੋਕ ਭਲਾਈ ਅਤੇ ਸਮਾਜ ਕਲਿਆਣ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਪੜ੍ਹੀਆਂ ਲਿਖੀਆਂ ਉੱਚ ਘਰਾਣੇ ਦੀਆਂ ਲੜਕੀਆਂ ਵੀ ਨਾਈਟਿੰਗੇਲ ਨੂੰ ਆਪਣਾ ਰੋਲ ਮਾਡਲ ਮੰਨ ਕੇ ਨਰਸਿੰਗ ਟ੍ਰੇਨਿੰਗ ਸੰਸਥਾ ਵਿਚ ਦਾਖਲਾ ਲੈਣ ਲਈ ਉਤਸ਼ਾਹਿਤ ਹੋਈਆਂ। ਇਸ ਸਦਕਾ ਨਰਸਿੰਗ ਪ੍ਰੋਫੈ਼ਸ਼ਨ ਨੂੰ ਇੱਜਤ ਮਾਣ ਅਤੇ ਨਿਵੇਕਲੀ ਪਛਾਣ ਦੇਣ ਦਾ ਸਿਹਰਾ ਗ਼ਲੋਰੈਂਸ ਨਾਈਟਿੰਗੇਲ ਨੂੰ ਦਿੱਤਾ ਜਾਣਾ ਸੁਭਾਵਿਕ ਹੈ ।

PunjabKesari

ਜ਼ਖਮੀ ਸੈਨਿਕਾਂ ਦੀ ਦੇਖਭਾਲ ਕਰਦੇ ਹੋਏ ਨਾਈਟਿੰਗੇਲ ਕਰੀਮੀਅਨ ਬੁਖਾਰ ਨਾਲ ਪੀੜਤ ਹੋ ਗਈ ਅਤੇ ਉਹ ਕਦੇ ਪੂਰੀ ਤਰ੍ਹਾਂ ਸਿਹਤਯਾਬ ਨਾ ਹੋ ਸਕੀ ਅਤੇ 38 ਸਾਲ ਦੀ ਉਮਰ ਵਿਚ ਹੀ ਲੰਮੇ ਸਮੇਂ ਲਈ ਆਰਾਮ ਕਰਨ ਲਈ ਮਜਬੂਰ ਹੋ ਗਈ ਪਰ ਉਸ ਨੇ ਆਪਣੇ ਮਨੋਬਲ ਨੂੰ ਬਰਕਰਾਰ ਰੱਖਦੇ ਹੋਏ ਕਦੇ ਹਿੰਮਤ ਨਹੀਂ ਹਾਰੀ ਅਤੇ ਉਹ ਨਿਰਵਿਘਨ ਪੀੜਤਾਂ ਦੇ ਸਿਹਤ ਸੁਧਾਰ ਯੋਜਨਾਵਾਂ ਲਈ ਯਤਨਸ਼ੀਲ ਰਹਿੰਦੀ ਅਤੇ ਸਗ਼ਲਤਾਪੂਰਵਕ ਲੋਕ ਹਿੱਤ ਕਾਰਜਾਂ ਦੀ ਪੂਰਤੀ ਜਾਰੀ ਰੱਖਦੀ। ਨਾਈਟਿੰਗੇਲ ਨੇ ਭਾਰਤ ਵਿਚ ਵੀ ਮਿਲਟਰੀ ਅਤੇ ਸਿਵਲੀਅਨ ਹਸਪਤਾਲਾਂ ਦੇ ਯੋਜਨਾਬੱਧ ਮਿਆਰੀ, ਸਿਹਤ ਸੇਵਾਵਾਂ ਦੇ ਸੁਧਾਰ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਯੋਗ ਅਗਵਾਈ ਕੀਤੀ, ਭਾਵੇ ਉਹ ਆਪ ਭਾਰਤ ਨਹੀ ਆ ਸਕੀ । 

ਨਿਰੰਤਰ ਲੋਕ ਭਲਾਈ ਅਤੇ ਸਿਹਤ ਸੁਧਾਰ ਉਪਰਾਲਿਆਂ ਦੇ ਮੱਦੇਨਜਰ 1908 ਵਿਚ, 88 ਸਾਲ ਦੀ ਉਮਰ ਵਿਚ ਨਾਈਟਿੰਗੇਲ ਨੂੰ  King lldward ਵਲੋਂ ਸਨਮਾਨਿਤ ਕੀਤਾ ਗਿਆ ਅਤੇ ਮਈ 1910 ਵਿਚ King Gceorgc ਵਲੋਂ 90ਵੇਂ ਜਨਮਦਿਨ ਦਾ ਮੁਬਾਰਕਵਾਦ ਸੰਦੇਸ਼ ਉਚੇਚੇ ਤੌਰ ’ਤੇ ਪ੍ਰਾਪਤ ਹੋਇਆ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਲੰਬੀ ਬੀਮਾਰੀ ਦੇ ਗੰਭੀਰ ਪ੍ਰਭਾਵਾਂ ਦੇ ਬਾਵਜੂਦ ਵੀ ਉਸ ਮਹਾਨ ਆਤਮਾ ਦਾ ਮਨੋਬਲ ਕਦੇ ਘੱਟ ਨਹੀ ਹੋਇਆ। ਉਹ ਆਪਣੇ ਆਪ ਨੂੰ ਸਿਹਤਯਾਬ ਮਹਿਸੂਸ ਕਰਦੀ ਹੋਈ ਅਖੀਰੀ ਦਮ ਤੱਕ ਯੂਰਪੀਅਨ ਲੋਕਾਂ ਦਾ ਸਿਹਤ ਪੱਧਰ ਉੱਚਾ ਚੁੱਕਣ ਲਈ ਕਾਰਜਸ਼ੀਲ ਰਹੀ। ਅਚਾਨਕ 13 ਅਗਸਤ, 1910 ਨੂੰ ਉਸ ਦਾ ਦਿਹਾਂਤ ਹੋ ਗਿਆ ਪਰ ਅੱਜ ਵੀ ਵਿਸ਼ਵ ਪੱਧਰ ’ਤੇ ਨਾਈਟਿੰਗੇਲ ਵਲੋਂ ਜੀਵਨਕਾਲ ਦੌਰਾਨ ਕੀਤੀਆਂ ਗਈਆਂ ਨਿਸ਼ਕਾਮ ਸੇਵਾਵਾਂ ਕਾਰਨ ਉਸ ਨੂੰ ਭਰਪੂਰ ਮਾਣ-ਸਨਮਾਨ ਨਾਲ ਜਾਣਿਆ ਜਾਂਦਾ ਹੈ । 

ਨਰਸਿੰਗ ਭਾਈਚਾਰੇ ਵਿਚ ਨਾਈਟਿੰਗੇਲ ਦੁਆਰਾ ਦਰਸਾਏ ਗਏ ਨਰਸਿੰਗ ਪ੍ਰਥਾ ਦੇ ਸਿਧਾਤਾਂ ਦੀ ਵਿਰਾਸਤ ਨੂੰ ਅਮਲੀ ਤੌਰ ’ਤੇ ਕਾਇਮ ਰੱਖਦੇ ਹੋਏ ਪਿਆਰ, ਨਿਮਰਤਾ, ਸਹਿਣਸ਼ੀਲਤਾ ਅਤੇ ਸੇਵਾ ਭਾਵਨਾ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰੰਪਰਾ ਅੱਜ ਵੀ ਕਾਇਮ ਹੈ। ਜਿਸ ਦੀ ਮਿਸਾਲ ਕੋਰੋਨਾ ਪੀੜਤਾਂ ਦੀ ਸੇਵਾ ਕਰ ਰਹੇ ਨਰਸਿੰਗ ਭਾਈਚਾਰੇ ਅਤੇ ਹੋਰ ਸਿਹਤ ਕਰਮੀਆਂ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਚੁਣੌਤੀ ਭਰੀਆਂ ਸੇਵਾਵਾਂ ਹਨ।

PunjabKesari

ਸਮੇਂ ਦੀ ਰਫਤਾਰ ਨਾਲ ਬਦਲਦੇ ਹਾਲਾਤਾਂ ਵਿਚ ਡਾਕਟਰੀ ਅਤੇ ਸਿਹਤ ਵਿਭਾਗ ਨੂੰ ਕਈ ਚੁਣੌਤੀ ਭਰਪੂਰ ਕੁਦਰਤੀ ਆਫਤਾਂ ਅਤੇ ਮਹਾਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਅੱਜ ਕੱਲ੍ਹ ਦੇ ਦੌਰ ਵਿਚ ਕੋਰੋਨਾ ਦੀ ਭਿਆਨਕ ਮਹਾਮਾਰੀ ਦਾ ਵਿਸ਼ਵ ਭਰ ਵਿਚ ਪਸਾਰਾ ਹੋ ਰਿਹਾ ਹੈ। ਅਜਿਹੇ ਨਾਜ਼ੁਕ ਸਮੇਂ ਸਿਹਤ ਕਰਮੀ, ਜੋ ਸਿੱਧੇ ਅਤੇ ਅਸਿੱਧੇ ਤੌਰ ’ਤੇ ਪੀੜਤਾਂ ਦੇ ਸਪੰਰਕ ਵਿਚ ਹਨ, ਬਿਨ੍ਹਾਂ ਕਿਸੇ ਭੇਦ-ਭਾਵ ਦੇ ਆਪਣੀਆਂ ਜ਼ਿੰਦਗੀਆਂ ਜ਼ੋਖਮ ਵਿਚ ਪਾ ਕੇ ਸੇਵਾਵਾਂ ਦੇਣ ਲਈ ਤੱਤਪਰ ਹਨ। ਇਨ੍ਹਾਂ ਕਠਿਨ ਪਰਸਥਿਤੀਆਂ ਵਿਚ ਪ੍ਰਸ਼ਾਸਨ, ਕਾਨੂੰਨ ਅਤੇ ਵਿਵਸਥਾ ਅਧਿਕਾਰੀ, ਸਰਕਾਰੀ, ਗੈਰ-ਸਰਕਾਰੀ ਅਤੇ ਧਾਰਮਿਕ ਜਥੇਬੰਦੀਆਂ ਆਦਿ ਵੀ ਵੱਧ ਚੜ੍ਹ ਕੇ ਆਪਣਾ ਸਹਿਯੋਗ ਦੇ ਰਹੀਆਂ ਹਨ। ਸਮਾਜਿਕ ਪੱਧਰ ’ਤੇ ਆਮ ਜਨਤਾ ਵਲੋਂ ਉਨ੍ਹਾਂ ਦਾ ਮਨੋਬਲ ਬਣਾਏ ਰੱਖਣ ਅਤੇ ਬਚਾਓ ਕਾਰਜਾਂ ਲਈ ਸਤਿਕਾਰ ਸਹਿਤ ਸਹਿਯੋਗ ਕਰਨਾ ਬਣਦਾ ਹੈ ਤਾਂ ਜੋ ਸਮੂਹਿਕ ਯਤਨਾਂ ਸਦਕਾ ਕੋਰੋਨਾ ਮਹਾਮਾਰੀ ਦੀ ਰੋਕਥਾਮ ਕਰਕੇ ਸਰਬੱਤ ਦੇ ਭਲੇ ਦਾ ਟੀਚਾ ਸਾਰਥੱਕ ਹੋ ਸਕੇ।


author

rajwinder kaur

Content Editor

Related News