ਪੰਜਾਬ 'ਚ ਹੜ੍ਹਾਂ ਕਾਰਨ ਹਰ ਪਾਸੇ ਭਾਰੀ ਤਬਾਹੀ! ਹੁਣ ਇਸ ਬੰਨ੍ਹ ਨੂੰ ਖ਼ਤਰਾ, Red Alert ਜਾਰੀ
Monday, Sep 01, 2025 - 02:39 PM (IST)

ਸੁਲਤਾਨਪੁਰ ਲੋਧੀ (ਧੀਰ)-ਆਸਮਾਨ ਤੋਂ ਲਗਾਤਾਰ ਵਰ੍ਹ ਰਹੇ ਮੀਂਹ ਕਾਰਨ ਹੁਣ ਧੁੱਸੀ ਬੰਨ੍ਹ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਪਹਾੜੀ ਖੇਤਰਾਂ ’ਚ ਮੀਂਹ ਕਾਰਨ ਬਿਆਸ ਦਰਿਆ ’ਚ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ। ਲੋਕ ਆਹਲੀ ਵਾਲਾ ਬੰਨ੍ਹ ਅਤੇ ਫਿਰ ਚੱਕਪੱਤੀ ਬਹਾਦਰ ਬੰਨ੍ਹ ਟੁੱਟਣ ਤੋਂ ਬਾਅਦ ਹੁਣ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਦਿਨ-ਰਾਤ ਇਕ ਕਰਕੇ ਬੰਨ੍ਹ ਮਜ਼ਬੂਤ ਕਰਨ ’ਚ ਆਪਣੀ ਪੂਰੀ ਵਾਹ ਲਗਾ ਰਹੇ ਹਨ।
ਚੱਕਾਵਾਲਾ ਬੰਨ੍ਹ ਟੁੱਟਣ ਤੋਂ ਬਾਅਦ ਪਿੰਡ ਹਜ਼ਾਰਾਂ, ਬੂਲੇ, ਹਕਰ ਕੋੜਾ, ਕਿਸ਼ਨਪੁਰਾ, ਘੜਕਾ ਆਦਿ ਪਿੰਡਾਂ ਦੀ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਪਿੱਛੋਂ ਪਾਣੀ ਹੋਰ ਛੱਡੇ ਜਾਣ ’ਤੇ ਰੈੱਡ ਅਲਰਟ ਜਾਰੀ ਕਰਕੇ ਪਿੰਡਾਂ ਵਿਚ ਮੁਨਾਦੀ ਕਰਵਾ ਕੇ ਜਿਹੜੇ ਲੋਕ ਹਾਲੇ ਵੀ ਘਰਾਂ ਵਿਚ ਬੈਠੇ ਹਨ, ਨੂੰ ਬਾਹਰ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ 'ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ 14936 ਲੋਕਾਂ ਦਾ ਰੈਸਕਿਊ
ਹੜ੍ਹਾਂ ਦੀ ਮਾਰ ਕਾਰਨ ਮਕਾਨਾਂ ਦਾ ਟੁੱਟ ਕੇ ਢਹਿ-ਢਰੀ ਹੋਣਾ ਲਗਾਤਾਰ ਜਾਰੀ ਹੈ। ਬੇਜ਼ੁਬਾਨ ਪਸ਼ੂਆਂ ਲਈ ਹਰਾ ਚਾਰਾ ਤੇ ਤੂੜੀ ਵੀ ਪਾਣੀ ਦੀ ਭੇਟ ਚੜ੍ਹ ਗਈ ਹੈ। ਕਈ ਲੋਕਾਂ ਦੇ ਪਸ਼ੂ ਪਾਣੀ ’ਚ ਵਹਿ ਚੁੱਕੇ ਹਨ। ਸਵੇਰ ਤੋਂ ਪਿੰਡ ਲੋਧੀਵਾਲ ਵਾਸੀ ਅਮਰਜੀਤ ਸਿੰਘ ਖਿੰਡਾ, ਕਮਲ ਹਾਜੀਪੁਰ, ਬਲਵਿੰਦਰ ਸਿੰਘ ਲੋਧੀਵਾਲ, ਦਰਸ਼ਨ ਸਿੰਘ ਕਬੀਰਪੁਰ, ਹਰਜੀਤ ਸਿੰਘ ਕਬੀਰਪੁਰ, ਰਣਜੋਤ ਸਿੰਘ ਹਾਜੀਪੁਰ, ਬਲਬੀਰ ਸਿੰਘ ਅਲੂਵਾਲ, ਜਸਵੰਤ ਸਿੰਘ ਕਬੀਰਪੁਰ, ਸਾਗਰ ਭਾਗੋ ਬੁੱਢਾ ਨੇ ਦੱਸਿਆ ਕਿ ਪਿੰਡਾਂ ਦੀ ਸੰਗਤ ਖੁਦ ਆਪਣੇ ਕੋਲੋਂ ਧੁੱਸੀ ਬੰਨ੍ਹ ’ਤੇ ਮਿੱਟੀ ਪਾਉਣ ਵਿਚ ਲੱਗੀ ਹੈ। ਇਸ ਕੰਮ ਵਿਚ ਪ੍ਰਸ਼ਾਸਨ ਦੀ ਕੋਈ ਵੀ ਭੂਮਿਕਾ ਨਹੀਂ ਹੈ। ਪਿੰਡ ਵਾਸੀ ਆਪ ਹੀ ਮੁਹਾਰੇ ਹੋ ਕੇ ਆਪਣੀ ਫਸਲਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੀ ਹਾਲਤ ਬਹੁਤ ਹੀ ਖ਼ਸਤਾ ਹੈ, ਜਿਸ ਪਾਸੇ ਨਾ ਤਾਂ ਪ੍ਰਸ਼ਾਸਨ ਨੇ ਅਤੇ ਨਾ ਹੀ ਵਿਭਾਗ ਨੇ ਕੋਈ ਧਿਆਨ ਦਿੱਤਾ ਹੈ। ਪੌਂਗ ਡੈਮ ਤੋਂ ਰੋਜ਼ਾਨਾ ਵੱਡੀ ਪੱਧਰ ’ਤੇ ਪਾਣੀ ਛੱਡਣ ਕਾਰਨ ਮੰਡ ਖੇਤਰ ਵਿਚ ਹੜ੍ਹ ਵੱਲੋਂ ਲਗਾਤਾਰ ਕਹਿਰ ਬਰਪਾਇਆ ਜਾ ਰਿਹਾ ਹੈ। ਲੋਕਾਂ ਦੀ ਜ਼ਿੰਦਗੀ ਪਟਰੀ ਤੋਂ ਲੱਥ ਕੇ ਢਹਿ ਢੇਰੀ ਹੋ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵਟਸਐਪ ਨੰਬਰ ਜਾਰੀ, ਮੀਂਹ ਵਿਚਾਲੇ DC ਹਿਮਾਂਸ਼ੂ ਨੇ ਸ਼ਹਿਰ ਦਾ ਕੀਤਾ ਦੌਰਾ
ਪਵਿੱਤਰ ਕਾਲੀ ਵੇਈਂ ਪੂਰੇ ਉਫਾਨ ’ਤੇ, ਓਵਰਫਲੋਅ ਹੋ ਕੇ ਬਾਹਰ ਵਗਣ ਲੱਗਾ ਪਾਣੀ
ਦਰਿਆ ਬਿਆਸ ’ਚ ਪਾਣੀ ਦੇ ਪੱਧਰ ਵਧਣ ਕਾਰਨ ਪਵਿੱਤਰ ਕਾਲੀ ਵੇਈਂ ਵੀ ਪੂਰੇ ਉਫਾਨ ’ਤੇ ਹੈ ਅਤੇ ਵੇਈਂ ਦਾ ਪਾਣੀ ਓਵਰਫਲੋਅ ਹੋ ਗਿਆ ਬਾਹਰ ਵਹਿਣ ਲੱਗ ਪਿਆ ਹੈ, ਜਿਸ ਕਾਰਨ ਵੇਈਂ ਦੇ ਨਾਲ ਲੱਗਦੇ ਕਿਸਾਨਾਂ ਦੀ ਫਸਲਾਂ ਵੀ ਪਾਣੀ ਵਿਚ ਡੁੱਬ ਗਈਆਂ ਹਨ। ਪਵਿੱਤਰ ਵੇਈਂ ਦੇ ਕਿਨਾਰੇ ਡੋਗਰਾ ਪੈਲਸ ਦੇ ਸਾਹਮਣੇ ਆਪਣੇ ਪਸ਼ੂਆਂ ਨੂੰ ਲੈ ਕੇ ਬੈਠਾ ਪੀੜਤ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਹੁਣ ਵੇਈਂ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਲੰਘ ਗਿਆ ਹੈ। ਜਿਸ ਕਾਰਨ ਮੇਰੀ 6 ਏਕੜ ਝੋਨੇ ਦੀ ਫਸਲ ਤੇ ਡੇਢ ਏਕੜ ਹਰਾ ਚਾਰਾ ਪਾਣੀ ਵਿਚ ਛੇ ਦਿਨ ਤੋਂ ਡੁੱਬਾ ਹੋਇਆ ਹੈ ਪਰ ਮੇਰੇ ਕੋਲ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੇ ਨਾ ਹੀ ਕੋਈ ਸਮਾਜ ਸੀ ਵੀ ਸੰਸਥਾ ਨੇ ਕੋਈ ਮਦਦ ਕੀਤੀ ਹੈ। ਮੇਰੇ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਦੀ ਫਸਲ ਡੁੱਬ ਚੁੱਕੀ ਹੈ। ਪਵਿੱਤਰ ਕਾਲੀ ਵੇਈਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਬਣਾਏ ਪਲਟੂਨ ਪੁਲ ਨੂੰ ਹਟਾ ਦਿੱਤਾ ਗਿਆ ਹੈ ਅਤੇ ਪਾਣੀ ਕਾਰਣ ਕਾਰ ਸੇਵਾ ਮੁੱਕੇ ਬਣਾਏ ਸ਼ੈੱਡ ਵੀ ਡੁੱਬ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਹੜ੍ਹ ਵਰਗੇ ਹਾਲਾਤ! ਕੈਂਟ ਡੁੱਬਾ, ਭੁੱਲ ਕੇ ਵੀ ਨਾ ਜਾਣਾ ਇਨ੍ਹਾਂ ਰਾਹਾਂ 'ਤੇ
ਵਿਧਾਇਕ ਰਾਣਾ ਇੰਦਰਪ੍ਰਤਾਪ ਔਖੀ ਘੜੀ ’ਚ ਹਲਕੇ ਨਾਲ ਚੱਟਾਨ ਵਾਂਗ ਖੜੇ
ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਹੜ੍ਹ ਆਏ ਹਨ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਚੱਟਾਨ ਵਾਂਗ ਖੜੇ ਹਨ ਅਤੇ ਉਨ੍ਹਾਂ ਦੀ ਬੰਨ੍ਹ ਵਿਚ ਸਹਾਇਤਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਵੀ ਵਿਧਾਨ ਸਭਾ ਵਿਚ ਵੀ ਚੱਕ ਰਹੇ ਹਨ।
ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਕਿਸਾਨਾਂ ਨੂੰ ਡੀਜ਼ਲ, ਜੇ. ਸੀ. ਬੀ. ਮਸ਼ੀਨਾਂ ਅਤੇ ਹੋਰ ਜ਼ਰੂਰੀ ਸਾਮਾਨ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਹ ਖੁਦ ਵੀ ਸੇਵਾ ਵਿਚ ਹਿੱਸਾ ਪਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਸੰਤ-ਮਹਾਂਪੁਰਸ਼ਾਂ ਦਾ ਵੀ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਭਾਵੇਂ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਪਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਹਮੇਸ਼ਾ ਖੜਾ ਹਾਂ ਖੜਾ ਰਹਾਂਗਾ। ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੋੜ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਮੈਂ ਉਨ੍ਹਾਂ ਦੀ ਸੇਵਾ ਵਿਚ 24 ਘੰਟੇ ਮੌਜੂਦ ਹਾਂ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ Red Alert ਜਾਰੀ! ਬਿਆਸ ਦਰਿਆ 'ਚ ਵਧਿਆ ਪਾਣੀ, ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ
ਪਿੰਡ ਹਜ਼ਾਰਾਂ ਦੇ ਗਰੀਬ ਕਿਸਾਨ ਪਰਿਵਾਰਾਂ ਨੇ ਲਾਈ ਮਦਦ ਦੀ ਮੰਗ
ਚੱਕਪੱਤੀ ਵਾਲਾ ਬੰਨ੍ਹ ਟੁੱਟਣ ਉਪਰੰਤ ਪਾਣੀ ਵੱਲੋਂ ਵਿਖਾਏ ਆਪਣੇ ਭਿਆਨਕ ਰੂਪ ਕਾਰਨ ਪਿੰਡ ਬੁੱਲੇ ਤੇ ਹਜ਼ਾਰਾਂ ਪਿੰਡ ਦੀਆਂ ਫਸਲਾਂ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਚੁੱਕੀਆਂ ਹਨ। ਹੜ੍ਹ ਵਿਚ ਘਿਰੀ ਲੋੜਵੰਦ ਪਰਿਵਾਰ ਦੀ ਔਰਤ ਨੇ ਦੱਸਿਆ ਕਿ ਰਾਤ ਨੂੰ 11 ਵਜੇ ਜਦੋਂ ਪਾਣੀ ਆਇਆ ਤਾਂ ਉਹ ਡਰ ਗਈ ਕਿਉਂਕਿ ਉਸ ਸਮੇਂ ਉਸ ਦੇ ਨਾਲ ਸਿਰਫ ਛੋਟੇ-ਛੋਟੇ ਪੋਤਰੇ ਅਤੇ ਦੋਹਤੇ ਸਨ। ਪੌੜੀ ਵੀ ਨਹੀਂ ਸੀ ਅਤੇ ਸਾਮਾਨ ਵੀ ਉੱਪਰ ਨਹੀਂ ਚੜ੍ਹਾ ਸਕਦੇ ਸਨ। ਪਾਣੀ ਕਾਰਨ ਪਹਿਲਾਂ ਸਾਡਾ ਬਾਹਰ ਬਣਿਆ ਬਾਥਰੂਮ ਢੇਰੀ ਹੋ ਗਿਆ ਤੇ ਫਿਰ ਰੋਲਾ ਪਾਇਆ ਤੇ ਸਾਡੀ ਮਦਦ ਲਈ ਸਾਬਕਾ ਸਰਪੰਚ ਆਹਲੀ ਆਇਆ। ਜਿਸ ਨੇ ਸਾਡੀ ਜਾਨ ਬਚਾਈ ਉਹ ਚਾਰ ਫੁੱਟ ਪਾਣੀ ਵਿਚ ਬਗੈਰ ਅਗਰ ਬੋਟ ਤੋਂ ਪਹੁੰਚਾਇਆ। ਸਾਡੇ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਹੋਈ ਹੈ। ਉਸ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ।
ਰਾਤ ਨੂੰ ਪ੍ਰਸ਼ਾਸਨ ਛੱਡ ਦਿੰਦੈ ਕਿਸਾਨਾਂ ਨੂੰ ਰੱਬ ਆਸਰੇ
ਹੜ੍ਹ ਪੀੜਤ ਕਿਸਾਨਾਂ ਨੇ ਬਹੁਤ ਭਾਵਕ ਹੁੰਦੇ ਦਰਦ ਭਰੀ ਦਾਸਤਾਂ ਸੁਣਾਉਂਦੇ ਦੱਸਿਆ ਕਿ ਛੱਤਾਂ ਤੋਂ ਪਾਣੀ ਚੌਅ ਰਿਹਾ ਹੈ ਤੇ ਮਕਾਨ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਸੰਗਲਾਂ ਨਾਲ ਟਰੈਕਟਰ ਨੂੰ ਬੰਨ੍ਹਿਆ ਹੋਇਆ ਹੈ। ਸਾਡੇ ਹਾਲਾਤ ਬਹੁਤ ਮਾੜੇ ਹਨ। ਅੱਧੀ ਰਾਤ ਨੂੰ ਘੁੱਪ ਹਨੇਰੇ ਵਿਚ ਪਾਣੀ ਵਿਚ ਬਗੈਰ ਅਗਣ ਬੋਟ ਦੇ ਕਿਵੇਂ ਜਾ ਸਕਦੇ ਹਾਂ। ਫਸਲਾਂ ਵੀ ਬਰਬਾਦ ਹੋ ਗਈਆਂ ਹਨ । ਪਾਣੀ ’ਚ ਸੱਪ ਵੀ ਵਹਿ ਕੇ ਆ ਰਹੇ ਹਨ। ਹਰ ਸਮੇਂ ਖਤਰਾ ਬਣਿਆ ਹੋਇਆ ਹੈ। ਰਾਤ ਕਿਸੇ ਤਰਹਾਂ ਜਾਗ ਕੇ ਕੱਟਦੇ ਹਾਂ ਤੇ ਸਵੇਰ ਹੋਣ ਦਾ ਇੰਤਜ਼ਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰਾਤ ਉਹ ਪ੍ਰਸ਼ਾਸਨ ਸਾਨੂੰ ਰੱਬ ਆਸਰੇ ਛੱਡ ਦਿੰਦਾ ਹੈ ਤੇ ਸਵੇਰ ਪੂਰੇ ਲਾਮ ਲਸ਼ਕਰ ਨਾਲ ਫੋਟੋਆਂ ਖਿਚਵਾ ਕੇ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ: BDPO ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਕਾਰਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e