ਹੜ੍ਹਾਂ ''ਤੇ ਸਿਆਸਤ ਨਾ ਕਰਨ ਵਿਰੋਧੀ : ਸਰਕਾਰੀਆ

Monday, Aug 26, 2019 - 06:12 PM (IST)

ਭਿੰਡੀ ਸੈਦਾਂ (ਗੁਰਜੰਟ) : ਕਾਂਗਰਸ ਦੇ ਜ਼ਿਲਾ ਯੂਥ ਪ੍ਰਧਾਨ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਨੇ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਦਿਲਰਾਜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆ ਦਾ ਦੌਰਾ ਕਰਨ ਤੋਂ ਬਾਅਦ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਬਹੁਤ ਸਾਰੇ ਮੰਤਰੀ ਤੇ ਵਿਧਾਇਕ ਸਾਹਿਬਾਨਾਂ ਵੱਲੋਂ ਲੋਕਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਤੋਂ ਇਲਾਵਾ ਵੱਖ-ਵੱਖ ਬੰਨ੍ਹਾਂ 'ਤੇ ਪਏ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ ਤੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਪਿਛਲੇ ਕਰੀਬ ਇਕ ਹਫਤੇ ਤੋਂ ਹਰ ਰੋਜ਼ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਟੁੱਟੇ ਬੰਨ ਬਣਾ ਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਪਰ ਪਤਾ ਨਹੀਂ ਕਿਉ ਵਿਰੋਧੀ ਪਾਰਟੀ ਵੱਲੋਂ ਪੰਜਾਬ ਸਰਕਾਰ ਖਿਲ਼ਾਫ ਝੂਠੀ ਬਿਆਨਬਾਜ਼ੀ ਕਰਕੇ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਅਜਿਹੇ ਸਮੇਂ 'ਤੇ ਸਾਰੀਆਂ ਪਾਰਟੀਆਂ ਨੂੰ ਸਿਆਸਤ ਕਰਨ ਦੀ ਬਜਾਏ ਹੜ੍ਹ ਪੀੜਤ ਲੋਕਾਂ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ।


Gurminder Singh

Content Editor

Related News