ਜੇਜੋਂ ਹੜ੍ਹ ਹਾਦਸੇ ''ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ, ਜਿੰਪਾ ਤੇ ਚੱਬੇਵਾਲ, ਕਿਹਾ ਦੁੱਖ ਦੀ ਘੜੀ ''ਚ ਸਰਕਾਰ ਤੁਹਾਡੇ ਨਾਲ

Monday, Aug 12, 2024 - 06:09 PM (IST)

ਹੁਸ਼ਿਆਰਪੁਰ (ਵਰਿੰਦਰ ਪੰਡਿਤ) : ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੁਰਦਾਘਰ ਵਿਚ ਜਾ ਕੇ ਜੇਜੋਂ ਚੋਆ ਵਿਖੇ ਹੋਏ ਹੜ੍ਹ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ ਅਤੇ ਅਸੀਂ ਇਸ ਦੁੱਖ ਦੀ ਘੜੀ 'ਚ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਦਰਦਨਾਕ ਹਾਦਸੇ ਵਿਚ ਇਕ ਇਨੋਵਾ ਕਾਰ ਜਿਸ ਵਿਚ 12 ਲੋਕ ਸਵਾਰ ਸਨ, ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ। ਇਕ ਵਿਅਕਤੀ ਨੂੰ ਬਚਾਅ ਲਿਆ ਗਿਆ ਹੈ। 

ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ ਗੜ੍ਹਸ਼ੰਕਰ ਅਤੇ ਡੀ.ਐੱਸ.ਪੀ ਗੜ੍ਹਸ਼ੰਕਰ ਦੀ ਅਗਵਾਈ ਵਿਚ ਐੱਸ.ਡੀ.ਆਰ.ਐੱਫ ਦੀ ਟੀਮ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਲਾਪਤਾ ਹੋਏ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਵਿਚ ਸੂਚਨਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੁੰਘਣ ਵਾਲੇ ਕੁੱਤਿਆਂ ਦੀ ਭਾਲ ਲਈ ਵੀ ਯਤਨ ਕੀਤੇ ਗਏ ਹਨ ਪਰ ਅਜੇ ਤੱਕ ਲਾਪਤਾ ਲੋਕਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ 'ਚ ਬੜੀ ਤੇਜ਼ੀ ਅਤੇ ਗੰਭੀਰਤਾ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਹਾਦਸੇ 'ਚ ਲਾਪਤਾ ਹੋਏ ਲੋਕਾਂ ਨੂੰ ਲੱਭ ਲਿਆ ਜਾਵੇਗਾ। 

ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਇਸ ਦੁਖਦਾਈ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ 'ਚ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਹਾਦਸੇ ਵਿਚ ਲਾਪਤਾ ਹੋਏ ਲੋਕਾਂ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ। ਦੋਵਾਂ ਆਗੂਆਂ ਨੇ ਇਸ ਮੌਕੇ ਕਿਹਾ ਕਿ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ ਅਤੇ ਇਲਾਕੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਦੁਹਰਾਈਆਂ ਜਾਣ। ਇਸ ਮੌਕੇ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾ.ਸਵਾਤੀ ਸ਼ੇਮਰ ਅਤੇ ਡਾ. ਮਨਮੋਹਨ ਸਿੰਘ ਵੀ ਹਾਜ਼ਰ ਸਨ।


Gurminder Singh

Content Editor

Related News