ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਧੀਆਂ ਦੇ ਵਿਆਹ ਕਰੇਗਾ ਸਰਬੱਤ ਦਾ ਭਲਾ ਟਰੱਸਟ

Saturday, Nov 01, 2025 - 06:14 PM (IST)

ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਧੀਆਂ ਦੇ ਵਿਆਹ ਕਰੇਗਾ ਸਰਬੱਤ ਦਾ ਭਲਾ ਟਰੱਸਟ

ਅੰਮ੍ਰਿਤਸਰ : ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾਅ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਸੇਵਾ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਹੋਇਆ ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਨਾਲ ਸੰਬੰਧਿਤ ਲੋੜਵੰਦ ਧੀਆਂ ਦੇ ਵਿਆਹ ਕਰਨ ਦਾ ਜਿੰਮਾ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਫੈਸਲਾ ਕੀਤਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸਬੰਧਤ ਜਿੰਨ੍ਹਾਂ ਮਾਪਿਆਂ ਨੇ ਆਪਣੀਆਂ ਧੀਆਂ ਦੇ ਵਿਆਹ ਤਹਿ ਕੀਤੇ ਸਨ ਪਰ ਹੜ੍ਹਾਂ ਕਾਰਨ ਅਜੇ ਤੱਕ ਹੋ ਨਹੀਂ ਸਕੇ, ਉਹ ਵਿਆਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਟਰੱਸਟ ਦੀਆਂ ਸਬੰਧਿਤ ਜ਼ਿਲ੍ਹਾ ਟੀਮਾਂ ਨੂੰ ਆਪਣੇ ਖੇਤਰ ਦੇ ਅਜਿਹੇ ਪਰਿਵਾਰਾਂ ਦੀ ਪਛਾਣ ਕਰਕੇ ਸੂਚੀਆਂ ਤਿਆਰ ਕਰਨ ਲਈ ਕਹਿ ਦਿੱਤਾ ਹੈ ਤਾਂ ਜੋ ਟਰੱਸਟ ਵੱਲੋਂ ਅਜਿਹੇ ਪ੍ਰਭਾਵਿਤ ਜੋੜਿਆਂ ਦੇ ਸਮੂਹਿਕ ਵਿਆਹ ਕਰਨ ਦਾ ਪ੍ਰਬੰਧ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਉਕਤ ਸਾਰੇ ਨਵੇਂ ਵਿਆਹੇ ਜੋੜਿਆਂ ਨੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਮੁੱਢਲਾ ਜ਼ਰੂਰੀ ਘਰੇਲੂ ਸਮਾਨ ਵੀ ਦਿੱਤਾ ਜਾਵੇਗਾ।


author

Gurminder Singh

Content Editor

Related News