ਕੈਪਟਨ ਨੇ ਜਾਰੀ ਕੀਤਾ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਬਿਓਰਾ
Wednesday, Aug 28, 2019 - 06:52 PM (IST)

ਚੰਡੀਗੜ੍ਹ — ਪੰਜਾਬ ਵਿਚ ਆਏ ਹੜ੍ਹਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਮੁੱਖ ਮੰਤਰੀ ਨੇ ਜਾਨ-ਮਾਲ ਦੇ ਨੁਕਸਾਨ ਦੇ ਵੇਰਵੇ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਹੈ ਕਿ ਹੜ੍ਹਾਂ ਕਾਰਨ ਵੱਖ-ਵੱਖ ਥਾਂ ਕੁੱਲ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਕੁੱਲ ਪੌਣੇ ਦੋ ਲੱਖ ਏਕੜ ਰਕਬੇ 'ਤੇ ਖੜ੍ਹੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ।ਕੈਪਟਨ ਨੇ ਆਪਣੇ ਟਵਿੱਟਰ ਖਾਤੇ 'ਤੇ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿਚ 317.63 ਮਿਲੀਮੀਟਰ ਵਰਖਾ ਹੋਈ ਹੈ, ਜਿਸ ਨਾਲ ਕੁੱਲ 18 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਭਾਰੀ ਬਰਸਾਤ ਕਾਰਨ ਕੁੱਲ 554 ਪਿੰਡਾਂ ਵਿਚ ਰਹਿੰਦੇ 13,635 ਲੋਕ ਪ੍ਰਭਾਵਿਤ ਹੋਏ ਹਨ। ਕੁੱਲ ਅੱਠ ਮੌਤਾਂ ਵਿਚੋਂ ਸਭ ਤੋਂ ਵੱਧ ਲੁਧਿਆਣਾ ਵਿਚ ਹੋਈਆਂ ਹਨ।
ਇਸ ਤੋਂ ਇਲਾਵਾ ਫ਼ਾਜ਼ਿਲਕਾ, ਰੂਪਨਗਰ ਤੇ ਜਲੰਧਰ ਜ਼ਿਲ੍ਹਿਆਂ ਵਿਚ ਇਕ-ਇਕ ਵਿਅਕਤੀ ਦੀ ਜਾਨ ਗਈ ਹੈ। ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿਚ ਹਾਲੇ ਇਕ ਵਿਅਕਤੀ ਲਾਪਤਾ ਦੱਸਿਆ ਗਿਆ ਹੈ ਤੇ 12 ਜਣੇ ਜ਼ਖ਼ਮੀ ਹੋਏ ਹਨ। ਹਾਲਾਂਕਿ, ਇਸ ਸਰਵੇਖਣ ਵਿਚ ਬਿਮਾਰਾਂ ਦੀ ਗਿਣਤੀ ਨਹੀਂ ਦੱਸੀ ਗਈ। ਹੜ੍ਹਾਂ ਦਾ ਪਾਣੀ ਘਟਣ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ ਵਿਚ ਬਿਮਾਰ ਲੋਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਕੈਪਟਨ ਦੀ ਰਿਪੋਰਟ ਮੁਤਾਬਕ ਪਿੰਡਾਂ ਵਿਚ 1457 ਘਰ ਪੂਰੀ ਤਰ੍ਹਾਂ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਤੇ 298 ਮਕਾਨਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਇਸੇ ਤਰ੍ਹਾਂ ਹੜ੍ਹਾਂ ਨੇ 49 ਕੱਚੇ ਮਕਾਨ ਪੂਰੀ ਤਰ੍ਹਾਂ ਢਹਿਢੇਰੀ ਕਰ ਦਿੱਤੇ ਹਨ ਅਤੇ 64 ਨੂੰ ਅੰਸ਼ਕ ਤੌਰ 'ਤੇ ਨੁਕਸਾਨ ਕਰ ਰਿਹਾ ਹੈ। ਮੁੱਖ ਮੰਤਰੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੜ੍ਹਾਂ ਕਾਰਨ 4,228 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਹ ਪਸ਼ੂ ਕਿਸਾਨਾਂ ਦੀ ਕਮਾਈ ਦਾ ਵੱਡਾ ਸਾਧਨ ਹੁੰਦੇ ਸਨ, ਜੋ ਹੁਣ ਨਹੀਂ ਰਹੇ।
ਅੰਕੜਿਆਂ ਮੁਤਾਬਕ 1,72,223 ਏਕੜ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਸਰਕਾਰ ਇਸ ਖਰਾਬੇ ਦਾ ਮੁਆਵਜ਼ਾ ਲੋਕਾਂ ਨੂੰ ਕਦੋਂ ਜਾਰੀ ਕਰੇਗੀ, ਇਸ ਬਾਰੇ ਕੁਝ ਕਹਿਣਾ ਹਾਲੇ ਬਾਕੀ ਹੈ। ਹਾਲੇ ਤਕ ਪੰਜਾਬ ਨੂੰ ਕੇਂਦਰ ਤੋਂ ਵੀ ਕੋਈ ਮਦਦ ਨਹੀਂ ਕੀਤੀ ਤੇ ਮੁੱਖ ਮੰਤਰੀ ਨੇ 100 ਕਰੋੜ ਰੁਪਏ ਦੀ ਫੌਰੀ ਮਦਦ ਹੀ ਜਾਰੀ ਕੀਤੀ ਹੈ ਪਰ ਨੁਕਸਾਨ ਇਸ ਤੋਂ ਕਈ ਗੁਣਾ ਵੱਧ ਹੈ।