ਦੋਆਬਾ ਵਾਸੀਆਂ ਲਈ ਚੰਗੀ ਖ਼ਬਰ, ਆਦਮਪੁਰ ਤੋਂ ਦਿੱਲੀ, ਗੋਆ, ਜੈਪੁਰ ਤੇ ਕੋਲਕਾਤਾ ਲਈ ਜਲਦ ਸ਼ੁਰੂ ਹੋਣਗੀਆਂ ਉਡਾਣਾਂ
Wednesday, Jan 31, 2024 - 01:17 PM (IST)
ਜਲੰਧਰ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੇ. ਐੱਮ. ਸਿੰਧੀਆ ਨਾਲ 16 ਜਨਵਰੀ 2024 ਨੂੰ ਹੋਈ ਮੁਲਾਕਾਤ ਦੌਰਾਨ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਵਿੱਚ ਸਿੰਧੀਆ ਨੇ ਸ਼ੇਰਗਿੱਲ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਬੇਨਤੀ 'ਤੇ ਵਿਚਾਰ ਕੀਤਾ ਗਿਆ ਹੈ ਅਤੇ ਆਦਮਪੁਰ ਤੋਂ ਵੱਖ-ਵੱਖ ਖੇਤਰਾਂ ਲਈ ਉਡਾਣਾਂ ਜਲਦੀ ਹੀ ਸ਼ੁਰੂ ਹੋ ਜਾਣਗੀਆਂ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਸਿੰਧੀਆ ਨੇ 26 ਜਨਵਰੀ, 2024 ਨੂੰ ਇਕ ਪੱਤਰ ਰਾਹੀਂ ਉਨ੍ਹਾਂ ਨੂੰ ਜਵਾਬ ਦਿੱਤਾ ਹੈ ਕਿ ਆਦਮਪੁਰ ਨੂੰ ਦਿੱਲੀ -ਐੱਨ. ਸੀ. ਆਰ, ਨਾਂਦੇੜ, ਬੰਗਲੌਰ, ਕੋਲਕਾਤਾ ਅਤੇ ਗੋਆ ਨਾਲ ਜੋੜਨ ਵਾਲੇ ਉਡਾਣ 5.0 ਦੇ ਤਹਿਤ ਰੂਟ ਚੁਣੀਆਂ ਗਈਆਂ ਏਅਰਲਾਈਨਾਂ ਨੂੰ ਸੌਂਪੇ ਗਏ ਹਨ। ਇਸ ਸਬੰਧੀ ਸਬੰਧਤ ਏਅਰਲਾਈਨਜ਼ ਆਉਣ ਵਾਲੇ ਸਮੇਂ ਵਿੱਚ ਸੰਚਾਲਨ ਸ਼ੁਰੂ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਸ਼ੁਰੂ ਹੋਇਆ ਬਾਰਿਸ਼ ਦਾ ਦੌਰ, ਜਾਣੋ ਅਗਲੇ ਦਿਨਾਂ ਦਾ ਹਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ, ਸ਼ੇਰਗਿੱਲ ਨੇ ਦੱਸਿਆ ਕਿ ਸਿੰਧੀਆ ਨਾਲ ਹੋਈ ਮੁਲਾਕਾਤ ਦੌਰਾਨ ਸਮੂਹ ਭਾਈਚਾਰਿਆਂ ਦੀ ਆਸਥਾ ਅਤੇ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਤੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਪਵਿੱਤਰ ਸਥਾਨ ਲਈ ਆਦਮਪੁਰ ਤੋਂ ਬਨਾਰਸ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਕਰਨ ਦੀ ਮੰਗ ਵਾਲਾ ਪੱਤਰ ਮੰਤਰੀ ਨੂੰ ਸੌਂਪਿਆ ਗਿਆ। ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਆਦਮਪੁਰ ਤੋਂ ਦਿੱਲੀ ਲਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਬੇਨਤੀ ਵੀ ਕੀਤੀ ਸੀ। ਸ਼ੇਰਗਿੱਲ ਨੇ ਕਿਹਾ ਕਿ ਇਸ 'ਤੇ ਵੀ ਸਿੰਧੀਆ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਬੇਨਤੀ ਨੂੰ ਅਨੁਕੂਲ ਵਿਚਾਰ ਲਈ ਸਾਰੀਆਂ ਨਿਰਧਾਰਤ ਘਰੇਲੂ ਏਅਰਲਾਈਨਾਂ ਨਾਲ ਸਾਂਝਾ ਕੀਤਾ ਗਿਆ ਹੈ।
ਸ਼ੇਰਗਿੱਲ ਨੇ ਕਿਹਾ ਕਿ ਇਹ ਇਕ ਸਕਾਰਾਤਮਕ ਖ਼ਬਰ ਹੈ, ਕਿਉਂਕਿ ਆਦਮਪੁਰ (ਜਲੰਧਰ) ਅਤੇ ਹਲਵਾਰਾ (ਲੁਧਿਆਣਾ) ਤੋਂ ਹਵਾਈ ਸੰਪਰਕ ਨਾ ਸਿਰਫ਼ ਪੰਜਾਬ ਦੀ ਕੁਨੈਕਟੀਵਿਟੀ ਵਿੱਚ ਸੁਧਾਰ ਕਰੇਗਾ, ਬਲਕਿ ਆਰਥਿਕਤਾ, ਸੈਰ-ਸਪਾਟਾ ਅਤੇ ਵਪਾਰ ਨੂੰ ਵੀ ਹੁਲਾਰਾ ਦੇਵੇਗਾ। ਸ਼ੇਰਗਿੱਲ ਨੇ ਉਨ੍ਹਾਂ ਦੀਆਂ ਮੰਗਾਂ 'ਤੇ ਸਕਾਰਾਤਮਕ ਵਿਚਾਰ ਕਰਨ ਲਈ ਸਿੰਧੀਆ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।