ਫਲਾਈਟ ਲੈਣ ਵਾਲਿਆਂ ਲਈ ਜ਼ਰੂਰੀ ਖਬਰ, ਇੰਨੇ ਘੰਟੇ ਪਹਿਲਾਂ ਪਹੁੰਚਣਾ ਹੋਵੇਗਾ ਏਅਰਪੋਰਟ

Thursday, Aug 08, 2019 - 12:33 PM (IST)

ਫਲਾਈਟ ਲੈਣ ਵਾਲਿਆਂ ਲਈ ਜ਼ਰੂਰੀ ਖਬਰ, ਇੰਨੇ ਘੰਟੇ ਪਹਿਲਾਂ ਪਹੁੰਚਣਾ ਹੋਵੇਗਾ ਏਅਰਪੋਰਟ

ਨਵੀਂ ਦਿੱਲੀ — ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਅਤੇ ਆਉਣ ਵਾਲੀ 15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਭਾਰਤ ਵਿਚ ਹਾਈ ਅਲਰਟ ਜਾਰੀ ਕਰਨ ਦੇ ਨਾਲ ਹੀ ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਕੁਝ ਬਦਲਾਅ ਵੀ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿਚ ਸਿਰਫ ਯਾਤਰੀਆਂ ਨੂੰ ਹੀ ਹਵਾਈ ਅੱਡੇ ਅੰਦਰ ਆਉਣ ਦੀ ਆਗਿਆ ਹੋਵੇਗੀ। ਯਾਤਰੀਆਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਹਵਾਈਅੱਡੇ ਅੰਦਰ ਨਹੀਂ ਜਾ ਸਕੇਗਾ। ਇਹ ਰੋਕ 10 ਤੋਂ 30 ਅਗਸਤ ਵਿਚਕਾਰ ਜਾਰੀ ਰਹੇਗੀ। ਇਸ ਸਮੇਂ ਦੌਰਾਨ ਵਿਜ਼ਟਰਸ ਪਾਸ(Visitors Pass) ਦੀ ਵਿਕਰੀ ਵੀ ਬੰਦ ਰਹੇਗੀ। ਇਸ ਦੇ ਨਾਲ ਹੀ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਯਾਤਰੀ ਹਵਾਈ ਅੱਡੇ 'ਤੇ ਸਮੇਂ ਤੋਂ ਪਹਿਲਾਂ ਪਹੁੰਚਣ।

ਇਸ ਮਹੀਨੇ ਦਾ ਅਖੀਰ ਤੱਕ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਸਮੇਂ ਤੋਂ ਪਹਿਲਾਂ ਪਹੁੰਚਣਾ ਹੋਵੇਗਾ ਤਾਂ ਜੋ ਸੁਰੱਖਿਆ ਜਾਂਚ ਸਹੀ ਤਰੀਕੇ ਨਾਲ ਹੋ ਸਕੇ ਅਤੇ ਹਵਾਈ ਅੱਡੇ 'ਤੇ ਆ ਰਹੇ ਵਾਹਨਾਂ 'ਤੇ ਸਹੀ ਤਰੀਕੇ ਨਾਲ ਨਜ਼ਰ ਰੱਖੀ ਜਾ ਸਕੇ। ਸੈਕੰਡਰੀ ਲੈਜਰ ਪੁਆਇੰਟ ਚੈਕ ਨੂੰ ਹੁਣ ਜ਼ਰੂਰੀ ਬਣਾ ਦਿੱਤਾ ਗਿਆ ਹੈ। ਬਿਨਾਂ ਤਲਾਸ਼ੀ ਦੇ ਕੋਈ ਵੀ ਯਾਤਰੀ ਜਹਾਜ਼ ਵਿਚ ਦਾਖਲ ਨਹੀਂ ਹੋ ਸਕੇਗਾ।

PunjabKesari

ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਪਹੁੰਚਣਾ ਹੋਵੇਗਾ ਹਵਾਈਅੱਡੇ

- ਅੰਤਰਰਾਸ਼ਟਰੀ ਫਲਾਈਟ ਲੈਣ ਵਾਲੇ ਯਾਤਰੀਆਂ ਨੂੰ 4 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਹੋਵੇਗਾ
- ਘਰੇਲੂ ਉਡਾਣਾਂ ਲਈ ਯਾਤਰੀਆਂ ਨੂੰ 3 ਘੰਟੇ ਪਹਿਲਾਂ ਹਵਾਈ ਅੱਡੇ ਪਹੁੰਚਣਾ ਹੋਵੇਗਾ। 

ਜ਼ਿਕਰਯੋਗ ਹੈ ਕਿ ਆਮਤੌਰ 'ਤੇ ਘਰੇਲੂ ਉਡਾਣਾਂ ਲਈ 2 ਘੰਟੇ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ 3 ਘੰਟੇ ਪਹਿਲਾਂ ਯਾਤਰੀਆਂ ਨੇ ਹਵਾਈ ਅੱਡਿਆਂ 'ਤੇ ਪਹੁੰਚਣਾ ਹੁੰਦਾ ਹੈ।

ਸੁਰੱਖਿਆ ਦੇ ਮੱਦੇਨਜ਼ਰ

- ਏਅਰਪੋਰਟ ਕੰਪਲੈਕਸ ਵਿਚ ਆਉਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਹੋਵੇਗੀ। ਫਿਰ ਭਾਵੇਂ ਉਹ ਪਾਰਕਿੰਗ 'ਚ ਹੋਣ, ਟਰਮਿਨਲ ਦੇ ਬਾਹਰ ਜਾਂ ਪਿਕਅੱਪ-ਡਰਾਪ ਸਰਵਿਸ 'ਚ ਲੱਗੇ ਹੋਣ। ਇਸ ਤਰ੍ਹਾਂ ਨਾਲ ਸਾਰੇ ਯਾਤਰੀਆਂ ਦੀ ਏਅਰਪੋਰਟ ਦੇ ਅੰਦਰ ਦਾਖਲ ਹੋਣ ਤੋਂ ਲੈ ਕੇ ਫਲਾਈਟ 'ਚ ਚੜ੍ਹਣ ਤੱਕ ਸਖਤੀ ਨਾਲ ਜਾਂਚ ਹੋਵੇਗੀ। ਇਸ ਸਮੇਂ ਦੌਰਾਨ ਵਿਜ਼ਟਰਸ ਪਾਸ(Visitors Pass) ਦੀ ਵਿਕਰੀ ਵੀ ਬੰਦ ਰਹੇਗੀ।

- ਸਿਰਫ ਯਾਤਰੀਆਂ ਦੀ ਹੀ ਜਾਂਚ ਨਹੀਂ ਹੋਵੇਗੀ ਸਗੋਂ ਪਾਇਲਟ ਕਰੂ ਮੈਂਬਰਸ, ਗਰਾਊਂਡ ਸਟਾਫ ਸਮੇਤ ਏਅਰਪੋਰਟ ਦੇ ਸਾਰੇ ਕਰਮਚਾਰੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਇਹ ਵੀ ਦੇਖਿਆ ਜਾਵੇਗਾ ਕਿ ਕਿਸੇ ਨੇ ਸ਼ਰਾਬ ਤਾਂ ਨਹੀਂ ਪੀਤੀ ਹੋਈ। ਸਾਰੇ ਯਾਤਰੀਆਂ ਦਾ ਬ੍ਰੇਥ ਏਨਲਾਈਜ਼ਰ ਟੈਸਟ ਹੋਵੇਗਾ। ਇਸ ਤੋਂ ਪਹਿਲਾਂ ਸਿਰਫ ਪਾਇਲਟ ਅਤੇ ਕੈਬਿਨ ਕਰੂ ਮੈਂਬਰਸ ਦੀ ਜਾਂਚ ਕੀਤੀ ਜਾਂਦੀ ਸੀ। ਜੇਕਰ ਕੋਈ ਵਿਅਕਤੀ ਸ਼ਰਾਬ ਪੀਤੀ 'ਚ ਫੜਿਆ ਜਾਂਦਾ ਹੈ ਤਾਂ ਉਸਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਉਹ ਪਾਇਲਟ ਹੋਇਆ ਤਾਂ ਉਸਦਾ ਲਾਇਸੈਂਸ ਵੀ ਰੱਦ ਹੋ ਸਕਦਾ ਹੈ ਜਾਂ ਫਿਰ ਉਸ ਦੀ ਸਥਾਈ ਜਾਂ ਅਸਥਾਈ ਰੂਪ ਨਾਲ ਨੌਕਰੀ ਵੀ ਜਾ ਸਕਦੀ ਹੈ।

- ਸਿਵਲ ਹਵਾਬਾਜ਼ੀ ਸੁਰੱਖਿਆ ਬਿਓਰੋ ਨੇ ਹਵਾਈ ਅੱਡਿਆਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਏਅਰਪੋਰਟ 'ਤੇ ਡ੍ਰੋਨ, ਮਾਡਲ ਅਤੇ ਮਾਈਕ੍ਰੋਲਾਈਟ ਏਅਰਕ੍ਰਾਫਟ ਜ਼ਰੀਏ  ਨਿਗਰਾਨੀ ਰੱਖਣ। ਸਾਰੇ ਹਵਾਈ ਅੱਡੇ ਕਵਿੱਕ ਰਿਐਕਸ਼ਨ ਟੀਮ ਨੂੰ ਤਾਇਨਾਤ ਰੱਖਣ। ਇਸ ਤੋਂ ਇਲਾਵਾ ਦਿੱਲੀ ਹਵਾਈ ਅੱਡੇ ਦੇ ਪਾਰਕਿੰਗ ਏਰਿਆ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ। ਇਹ ਨਿਯਮ ਉਸ ਸਮੇਂ ਤੱਕ ਲਾਗੂ ਰਹਿਣਗੇ, ਜਦੋਂ ਤੱਕ ਬਿਓਰੋ ਅਗਲਾ ਆਦੇਸ਼ ਨਾ ਦੇਵੇ।


Related News