ਗਣਤੰਤਰ ਦਿਵਸ ਦੇ ਮੱਦੇਨਜ਼ਰ ਸਰਹੱਦ ਨਾਲ ਲੱਗਦੇ ਕਸਬਿਆਂ ''ਚ ਕੱਢਿਆ ਗਿਆ ਫਲੈਗ ਮਾਰਚ
Saturday, Jan 25, 2025 - 05:24 AM (IST)

ਗੁਰਦਾਸਪੁਰ/ਕਲਾਨੌਰ (ਹਰਜਿੰਦਰ ਗੋਰਾਇਆ) - ਗੁਰਦਾਸਪੁਰ ਦੇ ਸੀਨੀਅਰ ਕਪਤਾਨ ਪੁਲਸ ਦਾਯਮਾ ਹਰੀਸ਼ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜਨਵਰੀ 2025 ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੁਲਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਸਬਾ ਕਲਾਨੌਰ ਵਿੱਚ ਪੁਲਸ ਵੱਲੋ ਫਲੈਗ ਮਾਰਚ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਪੁਲਸ ਚੌਕੀਆਂ, ਨਾਕਿਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਪੁਲਸ ਵੱਲੋ ਵੱਖ-ਵੱਖ ਸਥਾਨਾਂ 'ਤੇ ਨਾਕੇ ਲਗਾਕੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ 600 ਪੁਲਸ ਕਰਮਚਾਰੀਆਂ ਨੂੰ ਸੁਰੱਖਿਆਂ ਪ੍ਰਬੰਧਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਮਾੜੇ/ਸ਼ੱਕੀ ਅਨਸਰਾਂ ਪ੍ਰਤੀ ਜੇਕਰ ਕੋਈ ਸੂਚਨਾ ਹੈ ਤਾਂ ਤੁਰੰਤ ਪੁਲਸ ਹੈਲ਼ਪ ਲਾਇਨ ਨੰਬਰ 112 ਜਾਂ ਨੇੜੇ ਦੇ ਪੁਲਸ ਸਟੇਸ਼ਨ ਨੂੰ ਸੂਚਿਤ ਕਰਨ। ਉਨ੍ਹਾਂ ਨੇ ਆਮ ਜਨਤਾ/ਸਮਾਜ ਦੀ ਸੁਰੱਖਿਆ ਅਤੇ ਕਾਨੂੰਨ/ਵਿਵਸਥਾ ਨੂੰ ਬਣਾਈ ਰੱਖਣ ਲਈ ਆਪਣੀ ਵਚਨਬਧਤਾ ਨੂੰ ਦੁਹਰਾਇਆ।