ਸੰਵੇਦਨਸ਼ੀਲ ਹੋਣ ਕਾਰਣ ਜਲਾਲਾਬਾਦ ''ਚ ਵਾਧੂ ਸੁਰੱਖਿਆ ਬਲ ਤਾਇਨਾਤ ਹੋਣਗੇ : ਐੱਸ. ਐੱਸ. ਪੀ.

01/14/2017 6:00:23 PM

ਜਲਾਲਾਬਾਦ (ਸੇਤੀਆ) : ਆਦਰਸ਼ ਚੋਣ ਜ਼ਾਬਤਾ ਦੇ ਮੱਦੇਨਜ਼ਰ ਪੁਲਸ ਅਤੇ ਪ੍ਰਸ਼ਾਸਨ ਵਲੋਂ ਅੱਜ ਜ਼ਿਲਾ ਸੀਨੀਅਰ ਪੁਲਸ ਕਪਤਾਨ ਸ਼੍ਰੀ ਪਾਟਿਲ ਕੇਤਨ ਬਾਲੀ ਰਾਮ ਅਤੇ ਜ਼ਿਲਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਐੱਸ. ਪੀ. ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ, ਐਸ. ਡੀ. ਐੱਮ ਅਵਿਕੇਸ਼ ਗੁਪਤਾ, ਨਾਇਬ ਤਹਿਸੀਲਦਾਰ ਗੁਰਸੇਵਕ ਸਿੰਘ ਭੁੱਲਰ, ਐੱਸ. ਐੱਚ. ਓ. ਸਿਟੀ, ਸਦਰ ਅਤੇ ਅਰਨੀਵਵਾਲਾ ਪੁਲਸ ਦੇ ਅਧਿਕਾਰੀ ਮੌਜੂਦ ਸਨ। ਫਲੈਗ ਮਾਰਚ ਦੌਰਾਨ ਪੁਲਸ ਦੇ ਜਵਾਨ, ਪੈਰਾਮਿਲਟਰੀ ਫੋਰਸ ਅਤੇ ਫੌਜ ਦੇ ਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਹ ਫਲੈਗ ਮਾਰਚ ਥਾਣਾ ਬਜ਼ਾਰ, ਬਾਹਮਣੀ ਚੁੰਗੀ, ਆਰਿਆ ਵਾਲੀ ਰੋਡ, ਦੇਵੀ ਦੁਆਰਾ ਮੰਦਿਰ, ਮੁੱਖ ਬਜਾਰ ਅਤੇ ਸ਼ਹੀਦ ਊਧਮ ਸਿੰਘ ਚੌਂਕ ਤੱਕ ਕੱਢਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਬਾਲੀ ਰਾਮ ਅਤੇ ਈਸ਼ਾ ਕਾਲੀਆ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਿਕ ਆਮ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਪੈਦਾ ਨਾ ਹੋਵੇ ਅਤੇ ਲੋਕ ਆਪਣੀ ਸੁਰੱਖਿਆ ਨੂੰ ਯਕੀਨੀ ਮੰਨਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤਾ ਦਾ ਪਾਲਣ ਕਰਨ ਦਾ ਸੰਦੇਸ਼ ਦੇ ਕੇ ਸ਼ਹਿਰ ਵਿੱਚ ਪ੍ਰਸ਼ਾਸਨ ਵਲੋਂ ਦੂਜੀ ਵਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ ਅਤੇ ਸ਼ਾਂਤੀ ਪ੍ਰਬੰਧ ਕਾਇਮ ਰੱਖੇ ਜਾਣਗੇ, ਕਿਸੇ ਵੀ ਗਲਤ ਅਨਸਰ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਮ ਲੋਕਾਂ ਦੇ ਨਾਲ ਹੈ ਅਤੇ ਲੋਕ ਵੀ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕੋਈ ਵੀ ਵਿਅਕਤੀ ਸ਼ੱਕੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ, ਪੁਲਸ ਵਲੋਂ ਉਸਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਪਰ ਇਸਦੇ ਨਾਲ ਹੀ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀ ਪ੍ਰਸ਼ਾਸਨ ਦੀ ਸਖਤ ਚੇਤਾਵਨੀ ਹੈ ਕਿ ਉਹ ਬਿਨਾ ਵਜ੍ਹਾ ਪ੍ਰਸ਼ਾਸਨ ਨੂੰ ਝੂਠੀ ਸੂਚਨਾ ਨਾ ਦੇਣ ਕਿਉਂਕਿ ਅਜਿਹਾ ਕਰਨ ਤੇ ਉਸ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਸੰਵੇਦਨਸ਼ੀਲ ਇਲਾਕਾ ਹੋਣ ਕਾਰਣ ਚੋਣਾਂ ਦੇ ਦੌਰਾਨ ਸ਼ਹਿਰ ਅਤੇ ਇਲਾਕੇ ਦੇ ਸਮੁੱਚੇ ਬੂਥਾਂ ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। 

Babita Marhas

News Editor

Related News