ਏਅਰਪੋਰਟ ਰੋਡ ''ਤੇ ਚਮਕੇਗਾ ਮੋਹਾਲੀ ਦਾ ਪਹਿਲਾ ''ਪੰਜ ਸਿਤਾਰਾ ਹੋਟਲ''
Wednesday, Jan 03, 2018 - 01:01 PM (IST)
ਮੋਹਾਲੀ : ਗ੍ਰੇਟਰ ਮੋਹਾਲੀ ਐਂਡ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਏਅਰਪੋਰਟ ਏਰੀਏ ਨੂੰ ਵਿਕਸਿਤ ਕਰਨ ਲਈ ਪੂਰੀ ਤਰ੍ਹਾਂ ਪਲਾਨ ਤਿਆਰ ਕਰ ਲਿਆ ਗਿਆ ਹੈ ਤਾਂ ਜੋ ਇਸ ਏਰੀਆ ਨੂੰ ਹੋਰ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ। ਇਸ ਤਹਿਤ ਮੋਹਾਲੀ ਦਾ ਪਹਿਲਾ ਪੰਜ ਸਿਤਾਰਾ ਹੋਟਲ ਵੀ ਏਅਰਪੋਰਟ ਰੋਡ 'ਤੇ ਹੀ ਬਣਾਇਆ ਜਾਵੇਗਾ। ਗਮਾਡਾ ਦੀ ਵਾਈਸ ਚੇਅਰਪਰਸਨ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਲਈ ਜੋ ਸਾਈਟ ਨਿਰਧਾਰਿਤ ਕੀਤੀ ਗਈ ਹੈ, ਉਸ ਸਾਈਟ ਦੀ ਜਲਦੀ ਹੀ ਨੀਲਾਮੀ ਕੀਤੀ ਜਾਵੇਗੀ। ਏਅਰਪੋਰਟ ਨਾਲ ਜੁੜੀ ਆਈ. ਟੀ. ਸਿਟੀ ਨੂੰ ਵੀ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਪੋਰਟ ਦੇ ਆਸ-ਪਾਸ ਦੇ ਇਲਾਕੇ 'ਚ ਲੈਂਡ ਪੁਲਿੰਗ ਦੇ ਮਾਧਿਅਮ ਰਾਹੀਂ 4500 ਏਕੜ ਜ਼ਮੀਨ ਐਕੁਆਇਰ ਕਰਨ ਦੀ ਯੋਜਨਾ ਹੈ। ਇਸ ਸਬੰਧ 'ਚ ਜ਼ਮੀਨ ਮਾਲਕਾਂ ਨਾਲ ਗੱਲਬਾਤ ਵੀ ਹੋ ਗਈ ਹੈ। ਮੋਹਾਲੀ ਦੇ ਮਾਸਟਰ ਪਲਾਨ 'ਚ ਆਉਂਦੇ ਪਿੰਡ ਬਾਕਰਪੁਰ, ਨਾਰਇਣਗੜ੍ਹ, ਕਿਸ਼ਨਪੁਰਾ, ਸਫੀਪੁਰ, ਰੂੜਕਾ, ਮਨੌਲੀ, ਮਟਰਾਂ, ਚਾਚੂਮਾਜਰਾ, ਛੱਤਬੀੜ, ਕੁਰੜੀ, ਪੱਤੋਂ, ਚਾਓਮਾਜਰਾ ਪਿੰਡਾਂ 'ਚੋਂ ਜ਼ਮੀਨ ਐਕੁਆਇਰ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
