ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਵਾਲੀ ਟਰਾਲੀ ਲੈ ਕੇ ਦਿੱਲੀ ਬਾਰਡਰ ’ਤੇ ਪਹੁੰਚਿਆ ਕੋਟਕਪੂਰਾ ਦਾ ਕਿਸਾਨ
Tuesday, Mar 23, 2021 - 01:36 PM (IST)
ਕੋਟਕਪੂਰਾ (ਸੁਰਿੰਦਰ ਦਿਵੇਦੀ): ਦਿੱਲੀ ਬਾਰਡਰ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ 116 ਦਿਨ ਬੀਤ ਚੁੱਕੇ ਹਨ ਅਤੇ ਇਹ ਅੰਦੋਲਨ ਅਜੇ ਕਿੰਨੇ ਮਹੀਨੇ ਜਾਂ ਸਾਲ ਚੱਲੇਗਾ, ਇਸ ਬਾਰੇ ਕਿਹਾ ਨਹੀਂ ਜਾ ਸਕਦਾ। ਕੋਟਕਪੂਰਾ ਦੇ ਕਿਸਾਨ ਗੁਰਬੀਰ ਸਿੰਘ ਸੰਧੂ (52) ਦੀ ਮੰਨੀ ਜਾਵੇ ਤਾਂ ਇਹ ਅੰਦੋਲਨ 3 ਸਾਲ ਤਕ ਵੀ ਚੱਲ ਸਕਦਾ ਹੈ। ਕਿਸਾਨ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਹ ਵੀ ਪੜ੍ਹੋ: 2022 ’ਚ ਪੰਜਾਬ ’ਚ ‘ਆਪ’ ਨੂੰ ਜਿਤਾਓ, 2024 ’ਚ ਕੇਜਰੀਵਾਲ ਬਣਨਗੇ ਪ੍ਰਧਾਨ ਮੰਤਰੀ : ਬਲਜਿੰਦਰ ਕੌਰ
5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਅਤੇ ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਨਾਲ ਲੈਸ ਟ੍ਰਾਲੀ ਨਾਲ ਦਿੱਲੀ ਵਿਚ ਕਿਸਾਨ ਅੰਦੋਲਨ ਵਿਚ ਪਹੁੰਚੇ ਗੁਰਬੀਰ ਸਿੰਘ ਨੇ ਕਿਹਾ ਕਿ ਅੰਦੋਲਨ ਲੰਮਾ ਚੱਲਣਾ ਹੈ ਅਤੇ ਸਾਡੀ ਵੀ ਤਿਆਰੀ ਹੈ। ਟ੍ਰਾਲੀ ਵਿਚ ਏ. ਸੀ., ਕਿਚਨ, ਵਾਸ਼ਰੂਮ, ਬੈੱਡ ਤੇ ਸੋਫਾ ਸੈੱਟ ਵਰਗੀਆਂ ਸਹੂਲਤਾਂ ਹਨ। ਗੁਰਬੀਰ ਸਿੰਘ ਗ੍ਰੈਜੂਏਟ ਹਨ ਅਤੇ 80 ਏਕੜ ਵਿਚ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਟ੍ਰਾਲੀ ਨੂੰ ਮਕੈਨਿਕ ਜੱਸਾ ਸਿੰਘ ਨੇ 25 ਦਿਨਾਂ ਵਿਚ ਤਿਆਰ ਕੀਤਾ ਹੈ। ਉਨ੍ਹਾਂ ਦਾ ਪਰਿਵਾਰ ਇਸ ਅੰਦੋਲਨ ਵਿਚ ਸ਼ੁਰੂ ਤੋਂ ਹਿੱਸਾ ਲੈ ਰਿਹਾ ਹੈ। ਕਈ ਵਾਰ ਉਹ ਪਰਿਵਾਰ ਨਾਲ ਦਿੱਲੀ ਅੰਦੋਲਨ ਵਿਚ ਗਏ ਹਨ। ਸਰਦੀਆਂ ਲੰਘ ਗਈਆਂ ਹਨ ਅਤੇ ਅੱਗੇ ਗਰਮੀਆਂ ਦਾ ਸੀਜ਼ਨ ਹੈ। ਉਨ੍ਹਾਂ ਦਾ ਪਰਿਵਾਰ ਅੰਦੋਲਨ ਵਿਚ ਉਨ੍ਹਾਂ ਦਾ ਬਰਾਬਰ ਸਾਥ ਦਿੰਦਾ ਰਿਹਾ ਹੈ। ਇਸ ਲਈ ਉਨ੍ਹਾਂ ਟ੍ਰਾਲੀ ਨੂੰ ਅਪਗ੍ਰੇਡ ਕਰਵਾਉਂਦੇ ਹੋਏ ਸਹੂਲਤਾਂ ਨਾਲ ਲੈਸ ਕਰਵਾਇਆ ਹੈ।
ਇਹ ਵੀ ਪੜ੍ਹੋ:ਕੈਪਟਨ ਸਾਹਿਬ! ਕੀ ਕੋਰੋਨਾ ਇਕੱਲਾ ਪੰਜਾਬ ’ਚ ਘੁੰਮ ਰਿਹਾ ਹੈ ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ’ਚ ਨਹੀਂ
ਟਰਾਲੀ ਨੂੰ ਅਪਗ੍ਰੇਡ ਕਰਵਾਏ ਜਾਣ ਨੂੰ ਸਹੀ ਠਹਿਰਾਉਂਦੇ ਹੋਏ ਉਨ੍ਹਾਂ ਕਿਹਾ ਕਿ ‘ਪੰਜਾਬੀਆਂ ਦੇ ਸ਼ੌਕ ਵੱਖਰੇ’ ਹਨ। ਉਨ੍ਹਾਂ ਮੁਗਲ ਸ਼ਾਸਨ ਤੇ ਬ੍ਰਿਟਿਸ਼ ਹਕੂਮਤ ਨਾਲ ਅੰਦੋਲਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸਾਨ ਕਦੇ ਝੁਕੇ ਨਹੀਂ। ਇਸ ਕੇਂਦਰ ਸਰਕਾਰ ਨੂੰ ਵੀ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਇਸ ਤੋਂ ਬਾਅਦ ਹੀ ਕਿਸਾਨ ਵਾਪਸ ਆਉਣਗੇ।
ਇਹ ਵੀ ਪੜ੍ਹੋ: ਬਾਘਾਪੁਰਾਣਾ ’ਚ ਬੋਲੀ ਅਨਮੋਲ ਗਗਨ ਮਾਨ, ਸਾਡੀ ਸਰਕਾਰ ਆਉਣ ’ਤੇ ਪੰਜਾਬੀਆਂ ਨੂੰ ਦੁੱਖ ਦੇਣ ਵਾਲਿਆਂ ਨੂੰ ਸੁੱਟਾਂਗੇ ਜੇਲ੍ਹ