ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory

Friday, Jul 26, 2024 - 10:34 AM (IST)

ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory

ਚੰਡੀਗੜ੍ਹ (ਪਾਲ) : ਸ਼ਹਿਰ ’ਚ ਵੀਰਵਾਰ ਨੂੰ ਸਵਾਈਨ ਫਲੂ (ਐੱਚ1.ਐੱਨ1) ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਚੰਡੀਗੜ੍ਹ ਦੇ ਇੱਕ ਡਾਕਟਰ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਵਿਭਾਗ ਨੇ ਇੱਕ ਦਿਨ ਪਹਿਲਾਂ ਸਵਾਈਨ ਫਲੂ ਸਬੰਧੀ ਸਿਹਤ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ। ਹੈਲਥ ਡਾਇਰੈਕਟਰ ਡਾ. ਸੁਮਨ ਸਿੰਘ ਅਨੁਸਾਰ ਇੱਕ ਮਾਮਲੇ ਦੀ ਪੁਸ਼ਟੀ ਹੋਈ ਹੈ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਹੋਰ ਫਲੂ ਵਾਂਗ ਹੀ ਇਹ ਸੀਜ਼ਨਲ ਫਲੂ ਹੈ। ਡੇਂਗੂ ਅਤੇ ਮਲੇਰੀਆ ਵਾਂਗ ਇਹ ਵੀ ਹਰ ਸਾਲ ਆਉਂਦਾ ਹੈ। ਜਿੱਥੋਂ ਤੱਕ ਮਰੀਜ਼ ਦਾ ਸਬੰਧ ਹੈ, ਉਹ ਠੀਕ ਹੈ ਅਤੇ ਕੋਈ ਗੰਭੀਰ ਲੱਛਣ ਨਹੀਂ ਹਨ। ਉਨ੍ਹਾਂ ਨੂੰ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਅਤੇ ਪਰਿਵਾਰ ਨੂੰ ਵੀ ਟਰੇਸ ਕਰ ਕੇ ਆਈਸੋਲੇਟ ਅਤੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸਾਵਧਾਨੀ ਦੇ ਤੌਰ ’ਤੇ ਇੱਕ ਦਿਨ ਪਹਿਲਾਂ ਹੀ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਤਾਂ ਜੋ ਲੋਕ ਥੋੜ੍ਹੇ ਸੁਚੇਤ ਰਹਿਣ। ਸਿਹਤ ਡਾਇਰੈਕਟਰ ਦਾ ਕਹਿਣਾ ਹੈ ਕਿ ਉਹ ਮਰੀਜ਼ ਅਤੇ ਉਸ ਦੇ ਪਰਿਵਾਰ ਦੀ ਟ੍ਰੈਵਲ ਹਿਸਟਰੀ ਦੀ ਵੀ ਜਾਂਚ ਕਰ ਰਹੇ ਹਨ। ਇਸ ਵੇਲੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਆਈ ਵੱਡੀ ਖ਼ਬਰ, ਚਾਹਵਾਨ ਅੱਜ ਤੋਂ ਕਰ ਸਕਦੇ ਨੇ Apply
ਆਈਸੋਲੇਸ਼ਨ ਵਾਰਡ ਬਣਾਇਆ
ਮਾਮਲੇ ਦੀ ਪੁਸ਼ਟੀ ਹੋਣ ਦੇ ਨਾਲ ਹੀ ਸਿਹਤ ਵਿਭਾਗ ਨੇ ਹਸਪਤਾਲ 'ਚ ਆਈਸੋਲੇਸ਼ਨ ਵਾਰਡ ਵੀ ਬਣਾ ਦਿੱਤਾ ਹੈ। ਵਾਰਡ 'ਚ ਫਿਲਹਾਲ 4 ਬੈੱਡਾਂ ਦਾ ਪ੍ਰਬੰਧ ਹੈ। ਇਨ੍ਹੀਂ ਦਿਨੀਂ ਹਸਪਤਾਲ ਦੀ ਐਮਰਜੈਂਸੀ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਬੈੱਡਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਗਈ ਹੈ। ਡੇਂਗੂ ਸੀਜ਼ਨ ਹੋਣ ਕਾਰਨ ਬੈੱਡਾਂ ਦੀ ਗਿਣਤੀ ਅਤੇ ਆਈਸੋਲੇਸ਼ਨ ਵਾਰਡ ਦੀ ਤਿਆਰੀ ਪਹਿਲਾਂ ਤੋਂ ਹੀ ਰੱਖਦੇ ਹਨ। ਵਿਭਾਗ ਅਨੁਸਾਰ ਬੈੱਡ ਉਨ੍ਹਾਂ ਕੋਲ ਹਨ ਅਤੇ ਜੇਕਰ ਆਉਣ ਵਾਲੇ ਦਿਨਾਂ 'ਚ ਲੋੜ ਪਈ ਤਾਂ ਲੋੜੀਂਦੇ ਬੈੱਡ ਹਨ। ਅਜਿਹੇ ’ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ।
ਕਾਫੀ ਸਮੇਂ ਬਾਅਦ ਕੰਫਰਮ ਹੋਇਆ ਮਾਮਲਾ
ਇੱਕ ਸਾਲ ਬਾਅਦ ਸ਼ਹਿਰ 'ਚ ਸਵਾਈਨ ਫਲੂ ਦਾ ਮਾਮਲਾ ਕੰਫਰਮ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2022 'ਚ ਸਵਾਈਨ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਵਿਭਾਗ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਸਵਾਈਨ ਫਲੂ ਦੇ ਬਹੁਤੇ ਕੇਸ ਸਾਹਮਣੇ ਨਹੀਂ ਆਏ ਹਨ। ਇਹ ਸੀਜ਼ਨਲ ਬੁਖ਼ਾਰ ਦੀ ਤਰ੍ਹਾਂ ਹੈ, ਜਿਸ ਤੋਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ। ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਕਿਸੇ ਕਿਸਮ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਰੱਖੋ। ਖ਼ਾਸ ਕਰਕੇ ਬੱਚੇ, ਬਜ਼ੁਰਗ ਅਤੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਹੈ, ਉਨ੍ਹਾਂ ਨੂੰ ਵਧੇਰੇ ਸੁਚੇਤ ਰਹਿਣਾ ਚਾਹੀਦਾ ਹੈ।
ਆਮ ਜ਼ੁਕਾਮ ਵਰਗੇ ਹੀ ਹੁੰਦੇ ਹਨ ਲੱਛਣ
ਸਵਾਈਨ ਫਲੂ ਦੇ ਲੱਛਣ ਆਮ ਜ਼ੁਕਾਮ ਵਰਗੇ ਹੀ ਹੁੰਦੇ ਹਨ। 100 ਡਿਗਰੀ ਤੱਕ ਬੁਖ਼ਾਰ ਨਾਲ ਭੁੱਖ ਘੱਟ ਹੋ ਜਾਂਦੀ ਹੈ। ਨੱਕ ’ਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ। ਕੁਝ ਲੋਕਾਂ ਨੂੰ ਗਲੇ ਵਿਚ ਜਲਣ, ਉਲਟੀਆਂ ਅਤੇ ਦਸਤ ਵੀ ਹੋ ਜਾਂਦੇ ਹਨ। ਡਾਕਟਰਾਂ ਅਨੁਸਾਰ ਜੇਕਰ ਇਹ ਲੱਛਣ ਹੋਣ ਤਾਂ ਤੁਰੰਤ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਓ, ਪਰ ਟੈਸਟ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰਵਾਓ।

ਇਹ ਵੀ ਪੜ੍ਹੋ : ਆਟੋ ਤੇ ਈ-ਰਿਕਸ਼ਾ ਡਰਾਈਵਰਾਂ ਲਈ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਸਖ਼ਤ ਕਾਰਵਾਈ
ਐੱਚ1ਐੱਚ1 ਤੋਂ ਇਸ ਤਰ੍ਹਾਂ ਰੱਖੋ ਬਚਾਅ
ਜਦੋਂ ਤੁਸੀਂ ਛਿੱਕ ਮਾਰਦੇ ਹੋ ਤਾਂ ਆਪਣੇ ਨੱਕ ਨੂੰ ਟਿਸ਼ੂ ਨਾਲ ਢੱਕੋ ਅਤੇ ਫਿਰ ਇਸਨੂੰ ਸਾਵਧਾਨੀ ਨਾਲ ਨਸ਼ਟ ਕਰ ਦਿਓ, ਕੂੜੇ ਵਿਚ ਸੁੱਟ ਦਿਓ।
ਹੱਥਾਂ ਨੂੰ ਲਗਾਤਾਰ ਸਾਬਣ ਨਾਲ ਧੋਂਦੇ ਰਹੋ। ਆਪਣੇ ਘਰ ਅਤੇ ਦਫ਼ਤਰ ਦੇ ਦਰਵਾਜ਼ਿਆਂ ਦੇ ਹੈਂਡਲ, ਕੀਬੋਰਡ ਅਤੇ ਟੇਬਲ ਆਦਿ ਨੂੰ ਸਾਫ਼ ਰੱਖੋ।
ਜੇਕਰ ਜ਼ੁਕਾਮ ਦੇ ਲੱਛਣ ਦਿਖਾਈ ਦੇਣ ਤਾਂ ਘਰ ਤੋਂ ਬਾਹਰ ਨਾ ਨਿਕਲੋ ਅਤੇ ਨਾ ਹੀ ਦੂਸਰਿਆਂ ਦੇ ਨੇੜੇ ਜਾਓ।
ਜੇਕਰ ਤੁਹਾਨੂੰ ਬੁਖ਼ਾਰ ਹੈ, ਤਾਂ ਤੁਹਾਡੇ ਠੀਕ ਹੋਣ ਤੋਂ ਬਾਅਦ 24 ਘੰਟੇ ਤੱਕ ਘਰ ’ਚ ਹੀ ਰਹੋ। ਪਾਣੀ ਲਗਾਤਾਰ ਪੀਂਦੇ ਰਹੋ, ਤਾਂ ਕਿ ਡੀ-ਹਾਈਡਰੇਸ਼ਨ ਨਾ ਹੋਵੇ।
ਸੰਭਵ ਹੋਵੇ ਤਾਂ ਫੇਸ ਮਾਸਕ ਜ਼ਰੂਰ ਪਹਿਨੋ
ਇਸ ਤਰ੍ਹਾਂ ਫੈਲਦਾ ਹੈ ਐੱਚ1ਐੱਨ1 ਫਲੂ
ਸਵਾਈਨ ਫਲੂ ਇੱਕ ਤੋਂ ਦੂਜੇ ਵਿਅਕਤੀ ’ਚ ਸੰਪਰਕ ਰਾਹੀਂ ਫੈਲਦਾ ਹੈ। ਜਦੋਂ ਸਵਾਈਨ ਫਲੂ ਦਾ ਮਰੀਜ਼ ਛਿੱਕ ਮਾਰਦਾ ਹੈ, ਤਾਂ ਇਹ ਵਾਇਰਸ ਉਸ ਦੇ ਆਲੇ-ਦੁਆਲੇ 3 ਫੁੱਟ ਦੀ ਦੂਰੀ ’ਤੇ ਖੜ੍ਹੇ ਲੋਕਾਂ ਦੇ ਸਰੀਰ 'ਚ ਦਾਖ਼ਲ ਹੋ ਜਾਂਦਾ ਹੈ। ਜੇਕਰ ਕੋਈ ਵਿਅਕਤੀ ਛਿੱਕਦੇ ਸਮੇਂ ਆਪਣੇ ਨੱਕ ਨੂੰ ਆਪਣੇ ਹੱਥ ਨਾਲ ਢੱਕ ਲੈਂਦਾ ਹੈ ਅਤੇ ਫਿਰ ਉਸ ਹੱਥ ਨੂੰ ਕਿਤੇ ਵੀ ਛੂਹ ਲੈਂਦਾ ਹੈ (ਦਰਵਾਜ਼ੇ, ਖਿੜਕੀਆਂ, ਮੇਜ਼, ਕੀਬੋਰਡ ਆਦਿ) ਤਾਂ ਵਾਇਰਸ ਲਗ ਜਾਂਦਾ ਹੈ। ਉਥੋਂ ਇਹ ਕਿਸੇ ਹੋਰ ਵਿਅਕਤੀ ਦੇ ਹੱਥਾਂ ’ਤੇ ਲੱਗ ਕੇ ਸਰੀਰ ਵਿਚ ਦਾਖ਼ਲ ਹੋ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News