ਪੰਜਾਬ ਦੇ ਮਾਨਸਾ ਜ਼ਿਲ੍ਹੇ ''ਚ ਪਹਿਲੇ AC ਸਰਕਾਰੀ ਸਕੂਲ ਦਾ ਉਦਘਾਟਨ, ਇਹ ਚੀਜ਼ਾਂ ਬਣੀਆਂ ਖਿੱਚ ਦਾ ਕੇਂਦਰ
Monday, Aug 16, 2021 - 08:55 AM (IST)
ਚੰਡੀਗੜ੍ਹ/ਮਾਨਸਾ : ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬੁਢਲਾਡਾ ਦੇ ਪਿੰਡ ਬੋੜਾਵਾਲ ਵਿਖੇ ਪੰਜਾਬ ਦੇ ਪਹਿਲੇ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਸਰਕਾਰੀ ਹਾਈ ਸਮਾਰਟ ਸਕੂਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਬੇਮਿਸਾਲ ਕਾਰਜ ਕਰਵਾਏ ਜਾ ਹਨ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਬੋੜਾਵਾਲ ਦੀ ਇਹ ਸੁੰਦਰ ਅਤਿ ਆਧੁਨਿਕ ਸੁਵਿਧਾਵਾਂ ਵਾਲੀ ਇਮਾਰਤ ਸੂਬੇ ਵਿੱਚ ਸਰਕਾਰੀ ਸਕੂਲਾਂ ਦੇ ਹਰ ਪੱਖੋਂ ਬਿਹਤਰੀਨ ਬਣਨ ਦੀ ਗਵਾਹੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਮੇਂ ਦੀ ਲੋੜ ਮੁਤਾਬਕ ਸੁਵਿਧਾਵਾਂ ਮੁਹੱਈਆ ਕਰਵਾਈਆਂ, ਜਿਸ ਦੇ ਚੱਲਦਿਆ ਸਿੱਖਿਆ ਪੱਖੋਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ।
ਕੈਬਨਿਟ ਮੰਤਰੀ ਕਾਂਗੜ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਦੇ ਨਿਰੰਤਰ ਉਪਰਾਲਿਆਂ ਦੇ ਸਦਕਾ ਹੁਣ ਪੰਜਾਬ ਦੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਨੂੰ ਮਾਤ ਦੇ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਦਾਖ਼ਲਾ ਦਰ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਹੀ ਕੁੱਲ 195 ਅੱਪਰ ਪ੍ਰਾਇਮਰੀ ਸਕੂਲਾਂ ਵਿੱਚੋਂ 192 ਸਕੂਲ ਅਤੇ 294 ਪ੍ਰਾਇਮਰੀ ਸਕੂਲਾਂ ਵਿੱਚੋਂ 288 ਸਮਾਰਟ ਸਕੂਲ ਦਾ ਦਰਜਾ ਹਾਸਲ ਕਰ ਚੁੱਕੇ ਹਨ। ਉਨ੍ਹਾਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸਟਾਫ਼ ਦੀ ਹੌਂਸਲਾ-ਅਫ਼ਜਾਈ ਕਰਦਿਆਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਸੰਕਟਮਈ ਸਮੇਂ ਦੇ ਬਾਵਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਲਗਾਤਾਰ ਮਿਹਨਤ ਕੀਤੀ ਅਤੇ ਅਕਾਦਮਿਕ ਪੱਧਰ ’ਤੇ ਵਧੀਆ ਨਤੀਜੇ ਹਾਸਲ ਕੀਤੇ।
ਇਹ ਵੀ ਪੜ੍ਹੋ : ਸ਼ਰਮਨਾਕ : ਲੁਧਿਆਣਾ 'ਚ ਮਿਲੀ ਨਵਜਨਮੇ ਬੱਚੇ ਦੀ ਲਾਸ਼, ਸਰੀਰ 'ਤੇ ਰੇਂਗ ਰਹੇ ਸਨ ਕੀੜੇ
ਇਸ ਦੌਰਾਨ ਮੰਤਰੀ ਕਾਂਗੜ ਨੇ ਸਕੂਲ ਕੰਪਲੈਕਸ ਦਾ ਦੌਰਾ ਕੀਤਾ ਅਤੇ ਬਿਜਲੀ ਦੀ ਬੱਚਤ ਲਈ ਸਥਾਪਿਤ ਸੋਲਰ ਪਲਾਂਟ, ਐਜੂਸੈਟ ਰੂਮ, ਕੰਪਿਊਟਰ ਲੈਬ, ਸਮਾਰਟ ਕਲਾਸ ਰੂਮ, ਲਾਇਬ੍ਰੇਰੀ, ਸਾਇੰਸ ਲੈਬ, ਭਾਸ਼ਾ ਲੈਬ, ਸਮਾਰਟ ਗੇਟ, ਐਜੂਕੇਸ਼ਨਲ ਪਾਰਕ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਕਰੀਬ 20 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ-ਨਾਲ ਸਕੂਲ ਦੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਵੱਲੋਂ ਗ੍ਰਾਮ ਪੰਚਾਇਤ ਤੇ ਹੋਰ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਇਸ ਸਕੂਲ ਦਾ ਕਾਇਆ-ਕਲਪ ਕੀਤਾ ਗਿਆ ਹੈ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਇਸ ਦੌਰਾਨ ਸਕੂਲ ਕੰਪਲੈਕਸ ਵਿਖੇ ਹੀ ਸਥਾਪਿਤ ਬੈਡਮਿੰਟਨ ਹਾਲ ਵਿਖੇ ਵਿਦਿਆਰਥੀਆਂ ਨਾਲ ਬੈਡਮਿੰਟਨ ਵੀ ਖੇਡਿਆ। ਕੈਬਨਿਟ ਮੰਤਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜੂ ਗੁਪਤਾ, ਸਕੂਲ ਦੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਵਿਰਦੀ ਅਤੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ