ਸੀ.ਆਈ.ਏ. ਸਟਾਫ਼ ਨੂੰ ਮਿਲੀ ਕਾਮਯਾਬੀ, 25 ਕਰੋੜ ਦਾ ਨਸ਼ਾ ਹੋਇਆ ਬਰਾਮਦ

01/09/2021 1:22:54 PM

ਫਿਰੋਜ਼ਪੁਰ/ਗੁਰੂਹਰਸਹਾਏ, (ਕੁਮਾਰ, ਨਾਗਪਾਲ,ਮਲਹੋਤਰਾ, ਆਵਲਾ)– ਫਿਰੋਜ਼ਪੁਰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਪਾਕਿਸਤਾਨ ਵੱਲੋਂ ਭੇਜੀ ਗਈ 25 ਕਰੋਡ਼ 26 ਲੱਖ ਦੇ ਅੰਤਰਰਾਸ਼ਟਰੀ ਮੁੱਲ ਦੀ ਸਵਾ 5 ਕਿਲੋ ਹੈਰੋਇਨ ਸਮੇਤ ਭਾਰਤੀ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦੇ ਖਿਲਾਫ ਥਾਣਾ ਲੱਖੋ ਕੇ ਬਹਿਰਾਮ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਸ ਨੇ ਫਡ਼ੇ ਗਏ ਨਸ਼ਾ ਸਮੱਗਲਰ ਤੋਂ ਹੈਰੋਇਨ ਦੇ ਨਾਲ ਇਕ ਪਿਸਟਲ, ਦੋ ਮੈਗਜੀਨ, 18 ਜਿੰਦਾ ਰੌਂਦ ਅਤੇ 1100 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।

ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਕਪਤਾਨ ਪੁਲਿਸ (ਇੰਨਵ:) ਫਿਰੋਜ਼ਪੁਰ ਸਮੇਤ ਰਵਿੰਦਰਪਾਲ ਸਿੰਘ ਉਪ ਕਪਤਾਨ ਪੁਲਸ ਦੀ ਅਗਵਾਈ ਹੇਠ ਇੰਸਪੈਕਟਰ ਪਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਹੈੱਡਕੁਆਟਰ ਫਿਰੋਜ਼ਪੁਰ ਦੀ ਰਹਿਨਮਈ ਹੇਠ ਏ. ਐੱਸ. ਆਈ. ਅੰਗਰੇਜ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਖਬਰ ਖਾਸ ਦੀ ਸੂਚਨਾ ’ਤੇ ਬੀਤੇ ਦਿਨ 5 ਜਨਵਰੀ ਨੂੰ ਮੁਲਜ਼ਮ ਦਲਬੀਰ ਸਿੰਘ ਉਰਫ ਦੱਲੂ ਵਾਸੀ ਗੱਟੀ ਮੱਤਡ਼ ਨੂੰ ਗ੍ਰਿਫਤਾਰ ਕਰ ਕੇ ਉਸਦੇ ਕਬਜੇ ’ਚੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ ਅਤੇ ਪੁਲਸ ਰਿਮਾਂਡ ਮੁਲਜ਼ਮ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹੋਣੇ ਪਾਏ ਗਏ, ਜਿਸਦੇ ਅਧਾਰ ’ਤੇ ਸ਼ਨੀਵਾਰ ਚੌਕੀ ਹੁਸੈਨੀਵਾਲਾ ਬੈਰੀਅਰ 136 ਬਟਾਲੀਅਨ ਬੀ. ਐੱਸ. ਐੱਫ. ਨਾਲ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਕੰਡਿਆਲੀ ਤਾਰ ਗੇਟ ਨੰ: 191 ਦੇ ਪਾਰ ਲੰਘ ਕੇ 5 ਕਿਲੋਗ੍ਰਾਮ ਹੈਰੋਇਨ, ਇਕ ਪਿਸਟਲ 30 ਬੋਰ, ਦੋ ਮੈਗਜੀਨ 18 ਰੋਂਦ ਜਿੰਦਾ, 1100 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ।

ਦੂਸਰੇ ਪਾਸੇ ਫਿਰੋਜ਼ਪੁਰ ਭਾਰਤ-ਪਾਕਿ ਭਾਰਡਰ ’ਤੇ ਬੀ. ਐੱਸ. ਐੱਫ. ਨੇ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦਾ ਵਜਨ 2 ਕਿਲੋ 170 ਗ੍ਰਾਮ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 10 ਕਰੋੜ 85 ਲੱਖ ਰੁਪਏ ਦੱਸੀ ਜਾਂਦੀ ਹੈ।

ਇਸੇ ਤਰ੍ਹਾਂ ਗੁਰੂਹਰਸਹਾਏ ਸ਼ਹਿਰ ਦੇ ਨਾਲ ਲੱਗਦੀ ਸ਼ਮਸ ਕੇ ਚੌਕੀ ਤੋਂ ਬੀ. ਐੱਸ. ਐੱਫ. ਨੇ ਭਾਰਤੀ ਖੇਤਰ ’ਚ ਦਾਖਲ ਹੋਏ ਇਕ ਸ਼ੱਕੀ ਪਾਕਿਸਤਾਨੀ ਨਾਗਰਿਕ ਮਨਜ਼ੂਰ ਅਹਿਮਦ ਪੁੱਤਰ ਵਲੀ ਅਹਿਮਦ (52) ਨੂੰ ਸ਼ੁੱਕਰਵਾਰ ਸ਼ਾਮ 6 ਵਜੇ ਦੇ ਕਰੀਬ 2293 ਰੁਪਏ ਪਾਕਿਸਤਾਨੀ ਕਰੰਸੀ, ਇਕ ਆਈ ਕਾਰਡ, ਇਕ ਕਾਰਡ ਜੋ ਕਿ ਉਰਦੂ ’ਚ ਲਿਖਿਆ ਹੈ, ਇਕ ਹੋਰ ਕਾਰਡ ਜਿਸ ਦੀ ਪਹਿਚਾਣ ਨਹੀਂ ਹੋ ਸਕੀ, ਇਕ ਸਿਮ ਕਾਰਡ ਖਾਲੀ ਅਤੇ ਕਈ ਕੱਪੜਿਆਂ ਸਮੇਤ ਫੜਿਆ ਗਿਆ ਹੈ। ਇਸ ਪਾਕਿਸਤਾਨੀ ਨਾਗਰਿਕ ਦੇ ਖਿਲਾਫ ਥਾਣਾ ਗੁਰੂਹਰਸਹਾਏ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।

 


Shyna

Content Editor

Related News