ਫਿਰੋਜ਼ਪੁਰ ਜੇਲ੍ਹ 'ਚ ਬੰਦ ਕੈਦੀਆਂ ਦਾ ਨਵਾਂ ਕਾਰਨਾਮਾ, ਵਾਇਰਲ ਕੀਤੀਆਂ ਜੇਲ੍ਹ ਦੀਆਂ ਤਸਵੀਰਾਂ ਤੇ ਵੀਡੀਓ

Sunday, May 21, 2023 - 01:22 PM (IST)

ਫਿਰੋਜ਼ਪੁਰ ਜੇਲ੍ਹ 'ਚ ਬੰਦ ਕੈਦੀਆਂ ਦਾ ਨਵਾਂ ਕਾਰਨਾਮਾ, ਵਾਇਰਲ ਕੀਤੀਆਂ ਜੇਲ੍ਹ ਦੀਆਂ ਤਸਵੀਰਾਂ ਤੇ ਵੀਡੀਓ

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਪੰਜਾਬ ਦੀਆਂ ਜੇਲ੍ਹਾਂ ਅਲਰਟ ’ਤੇ ਚੱਲ ਰਹੀਆਂ ਹਨ ਅਤੇ ਜੇਲ੍ਹਾਂ ’ਚ ਸਖ਼ਤੀ ਦੇ ਬਾਵਜੂਦ ਫਿਰੋਜ਼ਪੁਰ ਜੇਲ੍ਹ ’ਚ ਬੰਦ 2 ਹਵਾਲਾਤੀਆਂ ਅਜੇ ਜੀਤਰਾਮ ਅਤੇ ਲਖਨ ਵਲੋਂ ਪੁਰਾਣੀ ਬੈਰਕ ਨੰਬਰ 7 ’ਚੋਂ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ ਗਈਆਂ ਹਨ। ਜਿਸਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਜੈ ਜੀਤਰਾਮ ਅਤੇ ਲਖਨ ਪੁੱਤਰ ਪਰਮਜੀਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਕਰਦੇ ਹੋਏ ਜੇਲ੍ਹ ’ਚੋਂ 4 ਮੋਬਾਇਲ ਬਰਾਮਦ ਕੀਤੇ ਹਨ ਅਤੇ ਇਕ ਹਵਾਲਾਤੀ ਤੋਂ ਇੱਕ ਢੱਕਣ ਤੰਬਾਕੂ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀਆਂ ਗਈਆਂ ਵੱਖ-ਵੱਖ ਲਿਖਤੀ ਸ਼ਿਕਾਇਤਾਂ ਦੇ ਆਧਾਰ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਅਤੇ ਜਸਵੀਰ ਸਿੰਘ, ਅਜੈ ਜੀਤ, ਲਖਨ, ਪ੍ਰਦੀਪ ਉਰਫ ਸੋਨੂੰ, ਹਵਾਲਾਤੀ ਅਰੁਣ ਸਹੋਤਾ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ- ਬਹਿਬਲ ਗੋਲੀ ਕਾਂਡ : ਅਦਾਲਤ ਨੇ 1 ਜੁਲਾਈ ਤੱਕ ਮੁਲਤਵੀ ਕੀਤੀ ਕੇਸ ਦੀ ਸੁਣਵਾਈ

ਜੇਲ੍ਹ ਪ੍ਰਸ਼ਾਸਨ ਵਲੋਂ ਭੇਜੇ ਲਿਖਤੀ ਪੱਤਰ ’ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਾਕ ਨੰਬਰ 1 ’ਚ ਬੰਦ ਹਵਾਲਾਤੀ ਅਜੈ ਜੀਤ ਰਾਮ ਨੇ ਜੇਲ੍ਹ ਦੇ ਅੰਦਰੋਂ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ ਹਨ। ਜਿਸ ਤੋਂ ਬਾਅਦ ਪੁੱਛਗਿੱਛ ਕਰਨ ’ਤੇ ਉਸ ਨੇ ਮੰਨਿਆ ਹੈ ਕਿ ਉਸ ਨੇ ਲਖਨ ਪੁੱਤਰ ਪਰਮਜੀਤ ਨਾਲ ਮਿਲ ਕੇ ਪੁਰਾਣੀ ਬੈਰਕ ਨੰਬਰ 7 ਤੋਂ ਇਹ ਫੋਟੋ ਅਤੇ ਵੀਡੀਓ ਵਾਇਰਲ ਕੀਤੀਆਂ ਹਨ। ਕਾਬੂ ਕੀਤੇ ਵਿਅਕਤੀ ਲਖਨ ਦੀ ਤਲਾਸ਼ੀ ਲੈਣ ’ਤੇ ਉਸ ਪਾਸੋਂ ਇਕ ਓਪੋ ਟੱਚ ਸਕਰੀਨ ਮੋਬਾਇਲ ਫੋਨ ਬਿਨਾਂ ਸਿਮ ਕਾਰਡ ਤੋਂ ਬਰਾਮਦ ਹੋਇਆ।

ਇਹ ਵੀ ਪੜ੍ਹੋ-  ਪਤਨੀ ਵੱਲੋਂ ਰੋਕਣ 'ਤੇ ਵੀ ਨਾਜਾਇਜ਼ ਸੰਬੰਧਾਂ ਤੋਂ ਨਾ ਟਲਿਆ ਪਤੀ, ਚੁੱਕਿਆ ਖੌਫ਼ਨਾਕ ਕਦਮ

ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਵਲੋਂ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਉਸ ਨੇ ਜੇਲ੍ਹ ਸਟਾਫ਼ ਨਾਲ ਮਿਲ ਕੇ ਪੁਰਾਣੀ ਬੈਰਕ ਨੰਬਰ ਇਕ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ ਹਵਾਲਾਤੀ ਅਰੁਣ ਸਹੋਤਾ ਪਾਸੋਂ ਇਕ ਸਿਮ ਕਾਰਡ ਦੇ ਨਾਲ ਸੈਮਸੰਗ ਕੀਪੈਡ ਮੋਬਾਇਲ ਫੋਨ ਮਿਲਿਆ ਅਤੇ ਤਲਾਸ਼ੀ ਲੈਣ ’ਤੇ ਵੱਖ-ਵੱਖ ਥਾਵਾਂ ਤੋਂ ਸਿਮ ਕਾਰਡ ਅਤੇ ਬੈਟਰੀ ਤੋਂ ਬਿਨਾਂ 2 ਮੋਬਾਇਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੇਸ਼ੀ ਦੇ ਲਈ ਜ਼ੀਰਾ ਲਿਜਾਏ ਗਏ ਹਵਾਲਾਤੀ ਪ੍ਰਦੀਪ ਸਿੰਘ ਉਰਫ ਸੋਨੂੰ ਨੂੰ ਜਦ ਜ਼ੀਰਾ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਵਾਪਸ ਜੇਲ੍ਹ ਲਿਆਂਦਾ ਗਿਆ ਤਾਂ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਤੰਬਾਕੂ ਦਾ ਢੱਕਣ ਬਰਾਮਦ ਹੋਇਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News