ਪਿੰਡ ਰੱਲੀ ਦੀ ਬਣ ਰਹੀ ਫਿਰਨੀ ਸੜਕ ਵਿਵਾਦਾਂ ਦੇ ਘੇਰੇ ''ਚ, ਵਿਧਾਇਕ ਵਲੋਂ ਮੁੱਖ ਮੰਤਰੀ ਨੂੰ ਜਾਂਚ ਦੀ ਮੰਗ
Monday, May 24, 2021 - 09:59 PM (IST)
ਬੁਢਲਾਡਾ(ਮਨਜੀਤ)- ਪਿੰਡ ਰੱਲੀ ਦੀ ਪੀਰਾਂ ਵਾਲੀ ਸਮਾਧ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਬਣ ਰਹੀ ਫਿਰਨੀ ਵਾਲੀ ਲਿੰਕ ਸੜਕ ਦਾ ਕੰਮ ਵਿਵਾਦਾਂ ਵਿੱਚ ਘਿਰ ਗਿਆ ਹੈ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਘਟੀਆ ਸਮੱਗਰੀ, ਘੱਟ ਮਟੀਰੀਅਲ ਅਤੇ ਇਸ ਨੂੰ ਬਣਾਉਣ ਸਮੇਂ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਪਿੰਡ ਦੇ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ, ਪੰਚ ਮਲਕੀਤ ਸਿੰਘ, ਕਿਸਾਨ ਯੂਨੀਅਨ ਦੇ ਆਗੂ ਭਿੰਦਰ ਸਿੰਘ, ਸਤਨਾਮ ਸਿੰਘ, ਪੰਚ ਪਾਲ ਸਿੰਘ, ਕਿਸਾਨ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਬਾਅਦ ਪਿੰਡ ਰੱਲੀ ਦੀ ਫਿਰਨੀ ਤੇ ਇੱਕ ਮਹੀਨਾ ਪਹਿਲਾਂ ਕੰਮ ਸ਼ੁਰੂ ਹੋਇਆ ਸੀ।
ਜਿਸ 'ਤੇ ਪਹਿਲਾਂ ਤੋਂ ਵੱਟੇ ਪਾਏ ਗਏ ਸੀ, ਜੋ ਰੋੜੀ ਕੁੱਟ ਨਾਲ ਚੰਗੀ ਤਰ੍ਹਾਂ ਨਹੀਂ ਠੀਕ ਕੀਤੇ ਗਏ ਸਨ। ਅੱਜ ਬਿਨ੍ਹਾਂ ਸਫਾਈ ਕੀਤਿਆਂ ਵੱਟਿਆਂ ਦੀ ਰੇਤੇ ਉੱਪਰ ਲੁੱਕ ਅਤੇ ਬਜਰੀ ਪਾਉਣੀ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੜਕ ਬਣਨ ਤੋਂ ਬਾਅਦ ਇਹ ਸੜਕ ਕੁਝ ਦਿਨਾਂ ਵਿੱਚ ਜਲਦ ਹੀ ਟੁੱਟ ਜਾਵੇਗੀ। ਜਿਸ ਦੀ ਲੰਮੀ ਸਮੇਂ ਦੀ ਗਰੰਟੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਸਮੇਂ ਵਰਤੀ ਗਈ ਸਮੱਗਰੀ ਅਤੇ ਇਸ ਨੂੰ ਬਣਾਉਣ ਦੇ ਢੰਗ ਦੌਰਾਨ ਰੱਖੀ ਗਈ ਲਾਪਰਵਾਹੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰ: ਬੁੱਧ ਰਾਮ ਵਿਸ਼ੇਸ਼ ਤੋਰ 'ਤੇ ਪਹੁੰਚੇ ਅਤੇ ਚੱਲ ਰਹੇ ਸੜਕ ਦੇ ਕੰਮ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਾਲ-ਨਾਲ ਹਲਕੇ ਵਿੱਚ ਹੋਰ ਵੀ ਬਣੀਆ ਸੜਕਾਂ ਦੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟੈਕਨੀਕਲ ਟੀਮ ਨੂੰ ਭੇਜ ਹਲਕਾ ਬੁਢਲਾਡਾ ਵਿੱਚ ਬਣੀਆਂ ਸੜਕਾਂ ਦੀ ਜਾਂਚ ਕਰਵਾਉਣ। ਜਿਸ ਵਿੱਚ ਲਾਪਰਵਾਹੀ ਸਾਹਮਣੇ ਆਉਣ 'ਤੇ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਦੂਸਰੀ ਤਰਫ ਜਦੋਂ ਮੰਡੀ ਬੋਰਡ ਦੇ ਜੇ.ਈ ਰਮੇਸ਼ਵਰ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਸਮੱਗਰੀ ਨਾਲ ਸੜਕਾਂ ਬਣਾਈਆਂ ਜਾ ਰਹੀਆਂ ਹਨ। ਇਸ ਵਿੱਚ ਕੋਈ ਵੀ ਲਾਪਰਵਾਹੀ ਨਹੀਂ ਰੱਖੀ ਗਈ। ਅਗਰ ਕੋਈ ਵੀ ਸੜਕ ਵਿੱਚ ਤਰੁੱਟੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਪਿੰਡ ਰੱਲੀ ਦੀ ਸੜਕ ਦਾ ਵੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ।