ਨੌਜਵਾਨ ਨੇ ਕਾਰ ''ਚ ਖ਼ੁਦ ਨੂੰ ਮਾਰੀ ਗੋਲੀ, ਪੀ. ਜੀ. ਆਈ. ਕੀਤਾ ਗਿਆ ਰੈਫ਼ਰ

Saturday, Jan 22, 2022 - 11:50 AM (IST)

ਨੌਜਵਾਨ ਨੇ ਕਾਰ ''ਚ ਖ਼ੁਦ ਨੂੰ ਮਾਰੀ ਗੋਲੀ, ਪੀ. ਜੀ. ਆਈ. ਕੀਤਾ ਗਿਆ ਰੈਫ਼ਰ

ਮੋਹਾਲੀ (ਪਰਦੀਪ) : ਇੱਥੇ ਫੇਜ਼-5 ਸਥਿਤ ਅੰਮ੍ਰਿਤ ਕਨਫੈਕਸ਼ਨਰੀ ਦੇ ਪਿਛਲੇ ਪਾਸੇ ਖੜ੍ਹੀ ਆਈ-10 ਕਾਰ ਵਿਚ 33 ਸਾਲਾ ਵਿਅਕਤੀ ਨੇ ਸ਼ੱਕੀ ਹਾਲਤ ’ਚ ਖ਼ੁਦ ਨੂੰ ਗੋਲੀ ਮਾਰ ਲਈ। ਜਿਸ ਸਮੇਂ ਹਰਪ੍ਰੀਤ ਸਿੰਘ ਨੇ ਖ਼ੁਦ ਨੂੰ ਗੋਲੀ ਮਾਰੀ, ਉਸ ਸਮੇਂ ਉਸ ਦੇ ਨਾਲ ਫੇਜ਼-4 ਦੀ ਰਹਿਣ ਵਾਲੀ ਇਕ ਜਨਾਨੀ ਵੀ ਗੱਡੀ ਵਿਚ ਮੌਜੂਦ ਸੀ। ਹਰਪ੍ਰੀਤ ਸਿੰਘ ਵਾਸੀ ਜਨਤਾ ਨਗਰ ਝੁੱਗੀਆਂ ਰੋਡ ਖਰੜ ਨੇ ਆਪਣੇ 32 ਬੋਰ ਦੇ ਲਾਇਸੈਂਸੀ ਪਿਸਤੌਲ ਨਾਲ ਸਿਰ ਵਿਚ ਗੋਲੀ ਮਾਰ ਲਈ। ਕਾਰ ’ਚ ਚਾਰੇ ਪਾਸੇ ਖੂਨ ਫੈਲ ਗਿਆ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਹਰਪ੍ਰੀਤ ਸਿੰਘ ਪ੍ਰਾਈਵੇਟ ਸੁਰੱਖਿਆ ਅਫ਼ਸਰ (ਬਾਊਂਸਰ) ਵਜੋਂ ਕੰਮ ਕਰਦਾ ਹੈ। ਹਰਪ੍ਰੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਚੀਮਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀ ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ। ਡਾਕਟਰਾਂ ਅਨੁਸਾਰ ਹਰਪ੍ਰੀਤ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। 
ਸਰਬਜੀਤ ਨੂੰ ਪੰਜ ਮਹੀਨਿਆਂ ਤੋਂ ਜਾਣਦਾ ਹੈ ਹਰਪ੍ਰੀਤ
ਫੇਜ਼-4 ਮੋਹਾਲੀ ਦੀ ਵਸਨੀਕ ਸਰਬਜੀਤ ਕੌਰ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਸ ਨੂੰ ਪੰਜ ਮਹੀਨਿਆਂ ਤੋਂ ਜਾਣਦਾ ਹੈ। ਕੁੱਝ ਸਮੇਂ ਤੋਂ ਉਹ ਉਸ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਰਿਹਾ ਸੀ। ਹਰਪ੍ਰੀਤ ਸਿੰਘ ਸਰਬਜੀਤ ਕੌਰ ਨੂੰ ਉਸ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਨ ਲਈ ਕਹਿ ਰਿਹਾ ਸੀ। 8 ਦਿਨ ਪਹਿਲਾਂ ਵੀ ਸਰਬਜੀਤ ਨੇ ਆਪਣੇ ਪਤੀ ਰਵਜੋਤ ਸਿੰਘ ਨਾਲ ਮਿਲ ਕੇ ਹਰਪ੍ਰੀਤ ਸਿੰਘ ਖ਼ਿਲਾਫ਼ ਫੇਜ਼-1 ਥਾਣੇ ਵਿਚ ਤੰਗ-ਪਰੇਸ਼ਾਨ ਕਰਨ ਦੀ ਸ਼ਿਕਾਇਤ ਦਿੱਤੀ ਸੀ। ਉਸ ਸਮੇਂ ਪੁਲਸ ਨੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾ ਦਿੱਤਾ ਸੀ ਪਰ ਸ਼ੁੱਕਰਵਾਰ ਸਵੇਰੇ 11.45 ਵਜੇ ਸਰਬਜੀਤ ਕੌਰ ਆਪਣੀ ਆਈ-10 ਗੱਡੀ ਵਿਚ ਥਰੈਡਿੰਗ ਕਰਵਾਉਣ ਲਈ ਫੇਜ਼-5 ਵਿਚ ਆਈ ਸੀ। ਹਰਪ੍ਰੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਪਹਿਲਾਂ ਹੀ ਉਥੇ ਮੌਜੂਦ ਸੀ। ਜਦੋਂ ਸਰਬਜੀਤ ਕੌਰ ਕਾਰ ਵਿਚ ਬੈਠਣ ਲੱਗੀ ਤਾਂ ਹਰਪ੍ਰੀਤ ਨੇ ਆਪਣਾ ਲਾਇਸੈਂਸੀ ਪਿਸਤੌਲ ਕੱਢ ਲਿਆ ਅਤੇ ਗੰਨ ਪੁਆਇੰਟ ’ਤੇ ਸਰਬਜੀਤ ਕੌਰ ਨੂੰ ਡਰਾ ਕੇ ਕਾਰ ਵਿਚ ਬਿਠਾ ਲਿਆ। ਉਸ ਨੇ ਸਰਬਜੀਤ ਕੌਰ ਨੂੰ ਕਿਹਾ ਕਿ ਉਸ ਨੇ ਬਹੁਤ ਜ਼ਰੂਰੀ ਗੱਲ ਕਰਨੀ ਹੈ ਪਰ ਦੋਵਾਂ ਵਿਚਾਲੇ ਕੁਝ ਅਜਿਹਾ ਹੋਇਆ ਕਿ ਹਰਜੀਤ ਸਿੰਘ ਨੇ ਸਰਬਜੀਤ ਨੂੰ ਗੋਲੀ ਮਾਰਨ ਲਈ ਪਹਿਲਾਂ ਆਪਣੀ ਪਿਸਤੌਲ ਕੱਢੀ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਲਈ।
ਇੰਸਟਾਗ੍ਰਾਮ ’ਤੇ ਦੋਸਤੀ
ਜ਼ਖਮੀ ਹਰਪ੍ਰੀਤ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਸਰਬਜੀਤ ਕੌਰ ਨਾਲ ਇੰਸਟਾਗ੍ਰਾਮ ’ਤੇ ਦੋਸਤੀ ਹੋਈ ਸੀ। ਦੋਵੇਂ ਫੋਨ 'ਤੇ ਗੱਲ ਕਰਦੇ ਸਨ। ਇਕ ਦਿਨ ਉਸ ਨੂੰ ਸਰਬਜੀਤ ਕੌਰ ਦੇ ਪਤੀ ਰਵਜੋਤ ਨੇ ਆਪਣੀ ਕੋਠੀ ਨੰਬਰ-149 ਫੇਜ਼-4 ਵਿਚ ਬੁਲਾਇਆ, ਜਿੱਥੇ ਉਸਨੂੰ ਦੱਸਿਆ ਗਿਆ ਕਿ ਹਰਪ੍ਰੀਤ ਉਸ ਦੀ ਪਤਨੀ ਨੂੰ ਤੰਗ ਕਰਦਾ ਹੈ। ਉੱਥੇ ਰਵਜੋਤ ਅਤੇ ਉਸਦੇ ਪਰਿਵਾਰ ਨੇ ਹਰਪ੍ਰੀਤ ਅਤੇ ਹਰਜੀਤ ਸਿੰਘ ਦੋਵਾਂ ਦੀ ਕੁੱਟਮਾਰ ਕੀਤੀ ਸੀ। ਹਰਪ੍ਰੀਤ ਇਸੇ ਗੱਲ ਸਬੰਧੀ ਸਰਬਜੀਤ ਨੂੰ ਮਿਲਣ ਆਇਆ ਸੀ ਪਰ ਜਦੋਂ ਸਰਬਜੀਤ ਘਰ ਨਹੀਂ ਪਹੁੰਚੀ ਤਾਂ ਉਸ ਦਾ ਪਤੀ ਰਵਜੋਤ ਫੇਜ਼-5 ਪਹੁੰਚ ਗਿਆ, ਜਿੱਥੇ ਹਰਪ੍ਰੀਤ ਨੇ ਉਸ ਦੇ ਸਾਹਮਣੇ ਹੀ ਖ਼ੁਦ ਨੂੰ ਗੋਲੀ ਮਾਰ ਲਈ। ਹਰਜੀਤ ਸਿੰਘ ਨੇ ਸਰਬਜੀਤ ਕੌਰ ਤੇ ਉਸ ਦੇ ਪਤੀ ਰਵਜੋਤ ਸਿੰਘ ਖ਼ਿਲਾਫ਼ ਥਾਣਾ ਫੇਜ਼-1 ਵਿਚ ਸ਼ਿਕਾਇਤ ਦਿੱਤੀ ਹੈ।
ਚੋਣਾਂ ਦੌਰਾਨ ਪਿਸਤੌਲ ਜਮ੍ਹਾਂ ਨਹੀਂ ਕਰਵਾਇਆ ਗਿਆ
ਇਨ੍ਹੀਂ ਦਿਨੀਂ ਪ੍ਰਸ਼ਾਸਨ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮੂਹ ਲਾਇਸੈਂਸ ਧਾਰਕਾਂ ਨੂੰ ਆਪਣਾ ਲਾਇਸੈਂਸੀ ਅਸਲਾ ਸਬੰਧਿਤ ਥਾਣੇ ਵਿਚ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਇਸ ਦੇ ਬਾਵਜੂਦ ਹਰਪ੍ਰੀਤ ਸਿੰਘ ਨੇ ਆਪਣਾ ਪਿਸਤੌਲ ਥਾਣੇ ਵਿਚ ਜਮ੍ਹਾਂ ਨਹੀਂ ਕਰਵਾਇਆ ਸੀ।
ਜਨਾਨੀ ਅਤੇ ਨੌਜਵਾਨ ਦੀ ਪੁਰਾਣੀ ਪਛਾਣ ਸੀ, ਸਾਰੇ ਤੱਥਾਂ ਦੀ ਕੀਤੀ ਜਾ ਰਹੀ ਹੈ ਜਾਂਚ : ਐੱਸ. ਐੱਚ.ਓ.
ਮਾਮਲੇ ਸਬੰਧੀ ਐੱਸ. ਐੱਚ. ਓ. ਸ਼ਿਵਦੀਪ ਬਰਾੜ ਨੇ ਕਿਹਾ ਕਿ ਅਜੇ ਤੱਕ ਕੋਈ ਬਿਆਨ ਦਰਜ ਨਹੀਂ ਕੀਤਾ ਗਿਆ ਹੈ। ਜ਼ਖਮੀ ਦਾ ਪੀ. ਜੀ. ਆਈ. ਵਿਚ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਹਰਪ੍ਰੀਤ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ। ਜਨਾਨੀ ਅਤੇ ਨੌਜਵਾਨ ਦੀ ਆਪਸ ਵਿਚ ਪੁਰਾਣੀ ਜਾਣ-ਪਛਾਣ ਸੀ, ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।


author

Babita

Content Editor

Related News