ਕਿਸ਼ਨਪੁਰਾ ''ਚ ਗੋਲੀ ਚਲਾਉਣ ਵਾਲਾ ਪੁਲਸ ਨੂੰ ਚਕਮਾ ਦੇ ਕੇ ਫਿਰ ਹੋਇਆ ਫਰਾਰ

07/06/2018 4:21:14 AM

ਜਲੰਧਰ, (ਸੁਧੀਰ)- ਕਿਸ਼ਨਪੁਰਾ ਵਿਚ ਗੋਲੀ ਚਲਾਉਣ ਵਾਲਾ ਸੋਹਨ ਲਾਲ ਉਰਫ ਸੋਨੂ ਇਕ ਵਾਰ ਫਿਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਨੇ ਸੋਨੂ ਦੇ ਇਕ ਸਾਥੀ ਨੂੰ ਨਸ਼ੇ ਦੇ ਟੀਕਿਆਂ, ਕੈਪਸੂਲਾਂ, ਗੋਲੀਆਂ ਤੇ ਹੋਰ ਦਵਾਈਆਂ ਨਾਲ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਿੰਦਰਪਾਲ ਸਿੰਘ ਪਰਮਾਰ ਅਤੇ ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਨੰ. 3 ਦੇ ਇੰਚਾਰਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਪੁਰਾ ਸਾਈਡ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਨਸ਼ੇ ਵਾਲੀਆਂ ਦਵਾਈਆਂ ਲੈ ਕੇ ਆ ਰਹੇ ਹਨ ਜਿਸ ਕਾਰਨ ਪੁਲਸ ਪਾਰਟੀ ਨੇ ਕਿਸ਼ਨਪੁਰਾ ਚੌਕ ਕੋਲ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰ ਪਿੱਛੇ ਵੱਲ ਮੋਟਰਸਾਈਕਲ ਮੋੜਨ ਲੱਗੇ। ਪੁਲਸ ਪਾਰਟੀ ਨੇ ਪਿੱਛਾ ਕਰ ਕੇ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੂੰ ਕਾਬੂ ਕਰ ਲਿਆ ਜਦ ਕਿ ਪਿੱਛੇ ਬੈਠਾ ਨੌਜਵਾਨ ਬੈਗ ਛੱਡ ਕੇ ਭੱਜ ਗਿਆ। ਤਲਾਸ਼ੀ ਲੈਣ 'ਤੇ ਪੁਲਸ ਨੂੰ ਬੈਗ ਵਿਚੋਂ ਭਾਰੀ ਮਾਤਰਾ ਵਿਚ ਨਸ਼ੇ ਵਾਲੀਆਂ ਦਵਾਈਆਂ ਤੇ ਟੀਕੇ ਬਰਾਮਦ ਹੋਏ।
ਥਾਣਾ 3 ਦੇ ਇੰਚਾਰਜ ਵਿਜੇ ਕੁੰਵਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਸੰਤਰਾ ਦਾਸ ਵਾਸੀ ਬਾਘਾਪੁਰਾਣਾ ਮੋਗਾ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਦਸਿਆ ਕਿ ਫੜੇ ਗਏ ਨੌਜਵਾਨ ਕੋਲੋਂ ਪੁਲਸ ਨੂੰ 1130 ਨਸ਼ੇ ਵਾਲੀਆਂ ਸ਼ੀਸ਼ੀਆਂ, 1185 ਟੀਕੇ, 150 ਗੋਲੀਆਂ, 600 ਕੈਪਸੂਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਸੰਤਰਾ ਦਾਸ ਦੇ ਫਰਾਰ ਸਾਥੀ ਦੀ ਪਛਾਣ ਸੋਹਨ ਲਾਲ ਉਰਫ ਸੋਨੂ ਵਾਸੀ ਬਾਘਾਪੁਰਾਣਾ ਮੋਗਾ, ਹਾਲ ਵਾਸੀ ਅਵਤਾਰ ਨਗਰ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੋਨੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਸੀ ਜਿਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਸੋਨੂ ਨੂੰ ਫੜਨ ਲਈ ਟਰੈਪ ਲਾਇਆ ਸੀ ਕਿ ਸੋਨੂ ਨੇ ਗੋਲੀ ਚਲਾ ਦਿੱਤੀ। ਗੋਲੀ ਚੱਲਣ ਤੋਂ ਬਾਅਦ ਮਚੀ ਹਫੜਾ-ਦਫੜੀ ਵਿਚ ਸੋਨੂ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਸ ਨੇ ਕਈ ਵਾਰ ਉਸ ਦੇ ਘਰ ਤੇ ਹੋਰ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕੀਤੀ ਪਰ ਉਹ ਹੱਥ ਨਹੀਂ ਲੱਗਾ ਪਰ ਅੱਜ ਉਹ ਇਕ ਵਾਰ ਫਿਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਰਿਹਾ।


Related News