ਅੱਧੀ ਰਾਤ ਨੂੰ ਘਰ ਵੱਲ ਸਿੱਧੇ ਫਾਇਰ ਕਰਨ ਦੇ ਦੋਸ਼ ''ਚ 7 ਖ਼ਿਲਾਫ਼ ਮਾਮਲਾ ਦਰਜ
Friday, Jul 26, 2024 - 02:06 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਬਸਤੀ ਮਾਛੀਆਂ ਜ਼ੀਰਾ ਸਥਿਤ ਇਕ ਘਰ ’ਤੇ ਸਿੱਧੇ ਫਾਇਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ 7 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਤੇ ਬਿਆਨਾਂ 'ਚ ਸ਼ਿਕਾਇਤਕਰਤਾ ਨੀਲਮ ਪਤਨੀ ਜਸਵੀਰ ਸਿੰਘ ਉਰਫ਼ ਸ਼ੀਰਾ ਨੇ ਦੋਸ਼ ਲਾਉਂਦੇ ਦੱਸਿਆ ਕਿ ਉਹ ਆਪਣੀ ਧੀ ਮੀਨਾ ਅਤੇ ਨੂੰਹ ਨੀਸ਼ਾ ਨਾਲ ਕੋਠੇ ’ਤੇ ਸੁੱਤੀਆਂ ਪਈਆਂ ਸਨ।
ਰਾਤ ਕਰੀਬ 12.15 ਵਜੇ ਰਾਤ ਨੂੰ ਉਨ੍ਹਾਂ ਦੇ ਗੇਟ ’ਤੇ ਤਿੰਨ ਫਾਇਰ ਵੱਜੇ, ਜਦ ਉਨ੍ਹਾਂ ਉੱਠ ਕੇ ਗਲੀ 'ਚ ਦੇਖਿਆ ਤਾਂ ਦੋਸ਼ੀ ਵਿਸ਼ਾਲ ਉਰਫ਼ ਸ਼ਾਲੀ, ਸੋਨੂੰ, ਰਵੀ, ਸੈਮੂਅਲ, ਰਾਣਾ, ਮਨਜੀਤ ਅਤੇ ਨੰਨੂ ਨਾਮ ਦੇ ਵਿਅਕਤੀ ਗਲੀ 'ਚ ਖੜ੍ਹੇ ਸਨ ਅਤੇ ਸਾਰਿਆਂ ਕੋਲ ਪਿਸਤੌਲਾਂ ਸਨ। ਸ਼ਿਕਾਇਤਕਰਤਾ ਅਨੁਸਾਰ ਜਦ ਉਹ ਥੋੜ੍ਹਾ ਅੱਗੇ ਹੋ ਕੇ ਦੇਖਣ ਲੱਗੀ ਤਾਂ ਮੁਲਜ਼ਮਾਂ ਨੇ ਸਿੱਧਾ ਫਾਇਰ ਕੀਤਾ, ਜਿਸ 'ਤੇ ਮੁੱਦਈ, ਉਸ ਦੀ ਧੀ ਅਤੇ ਨੂੰਹ ਨੇ ਕੋਠੇ 'ਤੇ ਲੰਮੇ ਪੈ ਕੇ ਜਾਨ ਬਚਾਈ ਅਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਕਾਰ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਚਲੇ ਗਏ।
ਸ਼ਿਕਾਇਤਕਰਤਾ ਅਨੁਸਾਰ ਰਾਣਾ ਗਰੁੱਪ ਵੱਲੋਂ ਪਿੰਡ ਚਾਬਾ ਦੇ ਮੁੰਡੇ ਦੇ ਗੋਲੀ ਮਾਰੀ ਸੀ, ਜਿਸ ਨੂੰ ਮੁੱਦਈਆਂ ਦੇ ਪੁੱਤਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਵੱਲੋਂ ਫਰੀਦਕੋਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸੇ ਰੰਜਿਸ਼ ਕਰਕੇ ਇਨ੍ਹਾਂ ਨੇ ਹਮਮਸ਼ਵਰਾ ਹੋ ਕੇ ਘਰ ’ਤੇ ਗੋਲੀਆਂ ਚਲਾਈਆਂ।