ਜਲੰਧਰ ਦੇ PAP ਕੈਂਪਸ 'ਚ ਚੱਲੀ ਗੋਲੀ, 9 ਬਟਾਲੀਅਨ ਦੇ ਸੀਨੀਅਰ ਕਾਂਸਟੇਬਲ ਦੀ ਮੌਤ

Monday, Feb 08, 2021 - 09:15 AM (IST)

ਜਲੰਧਰ ਦੇ PAP ਕੈਂਪਸ 'ਚ ਚੱਲੀ ਗੋਲੀ, 9 ਬਟਾਲੀਅਨ ਦੇ ਸੀਨੀਅਰ ਕਾਂਸਟੇਬਲ ਦੀ ਮੌਤ

ਜਲੰਧਰ (ਮਹੇਸ਼) : ਇੱਥੇ ਪੀ. ਏ. ਪੀ. ਕੈਂਪਸ 'ਚ ਗੋਲੀ ਚੱਲਣ ਨਾਲ 9 ਬਟਾਲੀਅਨ ਦੇ 49 ਸਾਲਾ ਸੀਨੀਅਰ ਕਾਂਸਟੇਬਲ ਪ੍ਰਿਤਪਾਲ ਸਿੰਘ (9/785) ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ ਰੇਲਵੇ ਲਾਈਨਾਂ ਦੇ ਨਾਲ ਲੱਗਦੀ ਪੀ. ਏ. ਪੀ. ਦੀ ਕੰਧ ’ਤੇ ਬਣੀ ਪੋਸਟ ’ਤੇ ਡਿਊਟੀ ਕਰਦਾ ਸੀ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਪ੍ਰਿਤਪਾਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀਆਂ, ਜ਼ਿਲਾ ਗੁਰਦਾਸਪੁਰ ਐਤਵਾਰ ਸ਼ਾਮ ਨੂੰ ਜਿਵੇਂ ਹੀ 6 ਵਜੇ ਆਪਣੀ ਡਿਊਟੀ ’ਤੇ ਚੜ੍ਹਨ ਉਪਰੰਤ ਆਪਣੀ ਰਾਈਫਲ ਨੂੰ ਤਿਆਰ ਕਰਨ ਲੱਗਾ ਤਾਂ ਅਚਾਨਕ ਗੋਲੀ ਚੱਲ ਗਈ ਅਤੇ ਕੰਨ ਦੇ ਹੇਠਾਂ ਗਰਦਨ ਨੇੜੇ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : 'ਕਿਸਾਨੀ ਅੰਦੋਲਨ' ਨੂੰ ਲੈ ਕੇ ਚਿੰਤਾ 'ਚ ਪੰਜਾਬ ਸਰਕਾਰ, ਹੱਲ ਕੱਢਣ ਲਈ ਤੇਜ਼ ਕੀਤੀਆਂ ਕੋਸ਼ਿਸ਼ਾਂ

ਇਸ ਦੇ ਕੁੱਝ ਹੀ ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ। ਜਿਉਂ ਹੀ ਗੋਲੀ ਚੱਲਣ ਦੀ ਆਵਾਜ਼ ਪ੍ਰਿਤਪਾਲ ਸਿੰਘ ਤੋਂ ਪਹਿਲਾਂ ਡਿਊਟੀ ਖ਼ਤਮ ਕਰਨ ਵਾਲੇ ਕਾਂਸਟੇਬਲ ਨੇ ਸੁਣੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚਿਆ ਅਤੇ ਦੇਖਿਆ ਕਿ ਪ੍ਰਿਤਪਾਲ ਸਿੰਘ ਖੂਨ ਨਾਲ ਲਥਪਥ ਹਾਲਤ 'ਚ ਕੁਰਸੀ ’ਤੇ ਡਿਗਿਆ ਪਿਆ ਸੀ। ਉਸ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੀ. ਏ. ਪੀ. ਦੀ 80 ਬਟਾਲੀਅਨ ਦੇ ਕਮਾਂਡੈਂਟ ਮਨਜੀਤ ਸਿੰਘ ਢੇਸੀ ਅਤੇ ਸਕਿਓਰਿਟੀ ਵਿੰਗ ਦੇ ਲਾਈਨ ਅਫ਼ਸਰ ਵੀ ਮੌਕੇ ’ਤੇ ਪਹੁੰਚ ਗਏ। ਸਬੰਧਿਤ ਥਾਣਾ ਜਲੰਧਰ ਕੈਂਟ ਹੋਣ ਕਾਰਣ ਉੱਥੇ ਆਏ ਥਾਣਾ ਕੈਂਟ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ, ਐੱਸ. ਆਈ. ਜਸਵੰਤ ਸਿੰਘ, ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਪ੍ਰਿਤਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ GST ਬਕਾਏ ਮਗਰੋਂ ਹੁਣ ਕੇਂਦਰ ਨੇ ਰੋਕਿਆ ਇਹ ਫੰਡ, ਨਹੀਂ ਦੱਸਿਆ ਕਾਰਨ

ਏ. ਸੀ. ਪੀ. ਹੈੱਡਕੁਆਰਟਰ ਬਿਮਲ ਕਾਂਤ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਮ੍ਰਿਤਕ ਸਿਪਾਹੀ ਡਿਊਟੀ ’ਤੇ ਆਪਣੀ ਰਾਈਫਲ ਤਿਆਰ ਕਰ ਰਿਹਾ ਸੀ ਕਿ ਅਚਾਨਕ ਗੋਲੀ ਲੱਗਣ ਨਾਲ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ 174 ਦੀ ਕਾਰਵਾਈ ਕਰਦੇ ਹੋਏ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੋਸਟਮਾਰਟਮ ਸੋਮਵਾਰ ਨੂੰ ਹੋਵੇਗਾ। ਏ. ਸੀ. ਪੀ. ਬਿਮਲ ਕਾਂਤ ਨੇ ਕਿਹਾ ਕਿ ਮ੍ਰਿਤਕ ਦੀ ਮੌਤ ਦੇ ਸਹੀ ਕਾਰਣਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ ਕਿਉਂਕਿ ਇਸ ਗੱਲ ਦੀ ਵੀ ਚਰਚਾ ਸੀ ਕਿ ਸਿਪਾਹੀ ਪ੍ਰਿਤਪਾਲ ਸਿੰਘ ਨੇ ਖੁਦਕੁਸ਼ੀ ਵੀ ਕੀਤੀ ਹੋ ਸਕਦੀ ਹੈ। ਹਾਲਾਂਕਿ ਪੁਲਸ ਨੇ ਹੁਣ ਤੱਕ ਦੀ ਜਾਂਚ 'ਚ ਉਸ ਦੀ ਮੌਤ ਨੂੰ ਸਿਰਫ ਅਚਾਨਕ ਹੋਇਆ ਹਾਦਸਾ ਦੱਸਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਦੇਰ ਰਾਤ ਤੱਕ ਉਨ੍ਹਾਂ ਦੇ ਜਲੰਧਰ ਪਹੁੰਚਣ ਦੀ ਉਮੀਦ ਸੀ।
ਪ੍ਰਿਤਪਾਲ ਸਿੰਘ 2 ਦਿਨ ਪਹਿਲਾਂ ਹੀ ਆਇਆ ਸੀ ਛੁੱਟੀ ਕੱਟ ਕੇ
ਮ੍ਰਿਤਕ ਪ੍ਰਿਤਪਾਲ ਸਿੰਘ ਦੇ ਸਾਥੀ ਕਵੀ ਰਾਜ ਨੇ ਕਿਹਾ ਕਿ ਪ੍ਰਿਤਪਾਲ 2 ਦਿਨ ਪਹਿਲਾਂ 5 ਫਰਵਰੀ ਨੂੰ ਆਪਣੇ ਘਰ ਛੁੱਟੀ ਕੱਟ ਕੇ ਡਿਊਟੀ ’ਤੇ ਆਇਆ ਸੀ ਅਤੇ ਕਦੇ ਉਸ ਨੂੰ ਪਰੇਸ਼ਾਨ ਨਹੀਂ ਦੇਖਿਆ ਗਿਆ। ਉਹ ਇਕ ਮਹੀਨੇ ਦੀ ਗਾਰਦ ਡਿਊਟੀ ਲਈ ਅੰਮ੍ਰਤਸਰ ਤੋਂ ਪੀ. ਏ. ਪੀ. ਕੈਂਪਸ 'ਚ ਆਇਆ ਸੀ ਅਤੇ ਪੀ. ਏ. ਪੀ. ਦੀ ਗਾਰਦ 'ਚ ਬਣੇ ਕਮਰੇ 'ਚ ਹੀ ਆਪਣੇ ਬਾਕੀ ਸਾਥੀਆਂ ਨਾਲ ਰਹਿੰਦਾ ਸੀ। ਬੀਤੇ ਦਿਨ ਹੀ ਉਸ ਨੇ ਆਪਣੀ ਤਨਖਾਹ ਵੀ ਲਈ ਸੀ, ਜਿਸ ਨੂੰ ਉਹ ਆਪਣੇ ਘਰ ਭੇਜਣ ਲਈ ਕਾਫੀ ਖੁਸ਼ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਗੱਲ ਅਕਸਰ ਆਪਣੇ ਸਾਥੀਆਂ ਨਾਲ ਕਰਦਾ ਰਹਿੰਦਾ ਸੀ।
ਨੋਟ : ਜਲੰਧਰ ਦੇ ਪੀ. ਏ. ਪੀ. ਕੈਂਪਸ 'ਚ ਅਚਾਨਕ ਚੱਲੀ ਗੋਲੀ ਬਾਰੇ ਦਿਓ ਆਪਣੀ ਰਾਏ


author

Babita

Content Editor

Related News