ਜਗ੍ਹਾ ''ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ, ਪੁਲਸ ਨੇ ਕੀਤੀ ਹਵਾਈ ਫਾਇਰਿੰਗ
Monday, Oct 08, 2018 - 02:34 PM (IST)
ਮੱਲਾਂਵਾਲਾ (ਜਸਪਾਲ ਸਿੰਘ ਸੰਧੂ) : ਅੱਜ ਮੱਲਾਂਵਾਲਾ 'ਚ ਪਸ਼ੂਆਂ ਦੇ ਸਰਕਾਰੀ ਹਸਪਤਾਲ 'ਚ ਪਈ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ 'ਚ ਹੋਏ ਝਗੜੇ ਦੌਰਾਨ ਹੋਈ ਫਾਇਰਿੰਗ ਨਾਲ ਪੰਜ ਵਿਅਕਤੀਆਂ ਦੇ ਜ਼ਖਮੀਂ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਪਾਲ ਚਾਵਲਾ ਗਰੁੱਪ ਵੱਲੋਂ ਮੱਲਾਂਵਾਲਾ ਦੇ ਪਸ਼ੂ ਹਸਪਤਾਲ 'ਚ ਪਈ ਖਾਲੀ ਜਗ੍ਹਾ 'ਤੇ ਬੀਤੀ ਦੇਰ ਰਾਤ ਕਬਜ਼ਾ ਕਰ ਲਿਆ ਗਿਆ। ਇਸ ਗੱਲ ਦੀ ਭਿਨਕ ਅੱਜ ਸਵੇਰੇ ਮੱਲਾਂਵਾਲਾ ਦੇ ਲੋਕਾਂ, ਦਰਸ਼ਨ ਦਾਤੀ, ਰਮੇਸ਼ ਅਟਵਾਲ ਕੌਂਸਲਰ ਨੂੰ ਪਤਾ ਲੱੱਗਿਆ ਤਾਂ ਵੱਡੀ ਗਿਣਤੀ 'ਚ ਦਲਿਤ ਭਾਈਚਾਰੇ ਦੇ ਲੋਕ ਮੌਕੇ 'ਤੇ ਇੱਕਠੇ ਹੋ ਗਏ। ਇਸ ਦੌਰਾਨ ਦੋਹਾਂ ਧਿਰਾਂ 'ਚ ਤਿੱਖੀ ਬਹਿਸ ਹੋਈ ਅਤੇ ਫਿਰ ਇਹ ਬਹਿਸ ਝਗੜੇ 'ਚ ਤਬਦੀਲ ਹੋ ਗਈ। ਭੜਕੀ ਭੀੜ ਨੇ ਤਿੰਨ ਮੋਟਰਸਾਈਕਲ ਭੰਨ ਤੋੜ ਦਿੱਤੇ ਅਤੇ ਕਬਜ਼ੇ ਵਜੋਂ ਕੀਤੀ ਗਈ ਕੰਧ ਢਾਹ ਦਿੱਤੀ। ਦਰਸ਼ਨ ਦਾਤੀ, ਰਮੇਸ਼ ਅਟਵਾਲ ਕੌਂਸਲਰ, ਮੰਨਾ ਪ੍ਰਧਾਨ ਅਤੇ ਦਲਿਤ ਭਾਈਚਾਰੇ ਨੇ ਪੁਲਸ ਥਾਣੇ ਸਾਹਮਣੇ ਰੋਸ ਧਰਨਾ ਲਾਇਆ ਹੋਇਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਕਤ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਰਿੰਦਰ ਸਿੰਘ ਡੀ. ਐੱਸ. ਪੀ. ਜ਼ੀਰਾ, ਹਰਮਨਜੀਤ ਸਿੰਘ ਐੱਸ. ਐੱਚ. ਓ. ਮੱਲਾਂਵਾਲਾ, ਜਤਿੰਦਰ ਸਿੰਘ ਐੱਸ. ਐੱਚ. ਓ. ਜ਼ੀਰਾ ਸਦਰ, ਦਵਿੰਦਰ ਕੁਮਾਰ ਸ਼ਰਮਾਂ ਐੱਸ. ਐੱਚ .ਓ. ਜ਼ੀਰਾ ਸਿਟੀ ਸਮੇਤ ਵੱਡੀ ਗਿਣਤੀ 'ਚ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ।
ਕੌਣ-ਕੌਣ ਹੋਇਆ ਜ਼ਖਮੀ
ਜਾਣਕਾਰੀ ਮਿਲੀ ਹੈ ਕਿ ਇਸ ਝਗੜੇ 'ਚ ਚੱਲੀ ਗੋਲੀ ਦੌਰਾਨ ਅਕਬਰ ਪੁੱਤਰ ਕਮਰਾ, ਬਲਵੀਰ ਕਾਲਾ ਪੁੱਤਰ ਜੋਗਿੰਦਰ ਸਿੰਘ, ਸਤਪਾਲ ਚਾਵਲਾ, ਲਾਡੀ ਪੁੱਤਰ ਬੀਰਾ ਅਤੇ ਨੱਥੂ ਪੁੱਤਰ ਨਵਾਬ ਜ਼ਖਮੀਂ ਹੋ ਗਏ। ਜਿੰਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਕਿਸੇ ਨੂੰ ਵੀ ਹਸਪਤਾਲ 'ਤੇ ਕਬਜ਼ਾ ਨਹੀਂ ਕਰਨ ਦੇਵਾਂਗੇ : ਹਰੀ ਸਿੰਘ ਜ਼ੀਰਾ
ਇਸ ਵਾਪਰੀ ਘਟਨਾ ਦੀ ਜਾਣਕਾਰੀ ਮਿਲਣ 'ਤੇ ਜਥੇਦਾਰ ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਬਲਵਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ, ਗੁਰਲਾਲ ਸਿੰਘ ਭੁੱਲਰ ਸਾਬਕਾ ਵਾਈਸ ਚੈਅਰਮੈਨ ਮਾਰਕਿਟ ਕਮੇਟੀ ਮੱਲਾਂਵਾਲਾ ਆਦਿ ਨੇ ਕਿਹਾ ਕਿ ਪੰਜਾਬ 'ਚ ਗੁੰਡਾ ਰਾਜ ਹੈ ਅਤੇ ਅਸੀਂ ਕਿਸੇ ਵੀ ਕੀਮਤ 'ਤੇ ਹਸਪਤਾਲ ਦੀ ਜਗ੍ਹਾਂ 'ਤੇ ਕਬਜ਼ਾ ਨਹੀਂ ਹੋਣ ਦੇਵਾਂਗੇ। ਦੱਸ ਦਈਏ ਕਿ ਧਰਨਾਕਾਰੀ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਬਜ਼ਾਧਰਾਕਾਂ ਖਿਲਾਫ ਬਣਦੀ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ।
ਕੀ ਕਿਹਾ ਡੀ.ਐਸ.ਪੀ. ਨਰਿੰਦਰ ਸਿੰਘ ਨੇ?
ਡੀ. ਐੱਸ. ਪੀ. ਨਰਿੰਦਰ ਸਿੰਘ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪੁਲਸ ਨੂੰ ਵੀ ਹਵਾਈ ਫਾਇਰਿੰਗ ਕਰਨੀ ਪਈ। ਖਬਰ ਲਿਖੇ ਜਾਣ ਤੱਕ ਵਿਰੋਧ ਵਜ਼ੋਂ ਪੁਲਸ ਥਾਣੇ ਸਾਹਮਣੇ ਧਰਨਾ ਜਾਰੀ ਸੀ ਅਤੇ ਹਾਲਾਤ ਅਜੇ ਵੀ ਤਨਾਅ ਪੂਰਨ ਬਣੇ ਹੋਏ ਹਨ।