ਚੰਡੀਗੜ੍ਹ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ, ਹੁਣ ਮੱਥਾ ਟੇਕ ਕੇ ਘਰ ਮੁੜਦਾ ਵਿਅਕਤੀ ਬਣਿਆ ਨਿਸ਼ਾਨਾ
Sunday, Oct 25, 2020 - 11:38 AM (IST)
ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਗੋਲੀਆਂ ਚੱਲਣ ਦਾ ਸਿਲਸਿਲਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਐਤਵਾਰ ਤੜਕੇ ਸਵੇਰੇ ਫਿਰ ਸ਼ਹਿਰ 'ਚ ਗੋਲੀ ਚੱਲ ਗਈ, ਜਿਸ ਦੌਰਾਨ ਪੰਜਾਬ ਦੇ ਖੁਰਾਕ ਤੇ ਸਪਲਾਈ ਡਰੱਗ ਮਹਿਕਮੇ 'ਚ ਤਾਇਨਾਤ ਇਕ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਇਹ ਘਟਨਾ ਸੈਕਟਰ-22 ਦੇ ਗੁਰਦੁਆਰਾ ਸਾਹਿਬ ਨੇੜੇ ਉਸ ਸਮੇਂ ਵਾਪਰੀ, ਜਦੋਂ ਉਕਤ ਮੁਲਾਜ਼ਮ ਗੁਰਦੁਆਰੇ ਤੋਂ ਮੱਥਾ ਟੇਕ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਜਲੰਧਰ ਤੋਂ 'ਕਟੜਾ' ਜਾਣ ਲਈ ਲੱਗਣਗੇ ਸਿਰਫ 2.20 ਘੰਟੇ
ਇੰਨੇ 'ਚ ਮਾਸਕ ਪਹਿਨੇ ਹੋਏ ਇਕ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਜ਼ਖਮੀਂ ਹੋਏ ਅਮਰੀਕ ਸਿੰਘ ਨੂੰ ਸੈਕਟਰ-16 ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਘਟਨਾ ਵਾਲੀ ਥਾਂ ਤੋਂ ਗੋਲੀ ਦਾ ਖੋਲ ਬਰਾਮਦ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਢਿੱਡੋਂ ਜੰਮੇ ਪੁੱਤ ਨੂੰ ਮਤਲਬ ਨਿਕਲਦੇ ਹੀ ਜ਼ਹਿਰ ਦਿਖਣ ਲੱਗੀ 'ਮਾਂ', ਕਰਤੂਤ ਕਰ ਦੇਵੇਗੀ ਹੈਰਾਨ
ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਹਮਲਾਵਰ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠਾ ਹੋਇਆ ਸੀ, ਜਿਵੇਂ ਹੀ ਸਵੇਰੇ 6 ਵਜੇ ਅਮਰੀਕ ਸਿੰਘ ਰੋਜ਼ਾਨਾ ਸੈਕਟਰ-22 ਸਥਿਤ ਗੁਰਦੁਆਰੇ ਤੋਂ ਮੱਥਾ ਟੇਕ ਕੇ ਘਰ ਜਾ ਰਿਹਾ ਸੀ ਤਾਂ ਸੁਸਾਇਟੀ ਦੇ ਗੇਟ 'ਚ ਦਾਖ਼ਲ ਹੁੰਦਿਆਂ ਦੋਸ਼ੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਦੋਸ਼ੀ ਹਮਲਾਵਰ ਨੇ ਕੈਪ ਅਤੇ ਮਾਸਕ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ, ਹਿੱਲ ਗਈਆਂ ਇਮਾਰਤਾਂ, ਦੇਖੇ ਮੌਕੇ ਦੀਆਂ ਤਸਵੀਰਾਂ
ਜਦੋਂ ਉਸ ਨੇ ਇਕ ਗੋਲੀ ਮਾਰਨ ਤੋਂ ਬਾਅਦ ਦੂਜੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕ ਸਿੰਘ ਵਲੋਂ ਰੋਲਾ ਪਾਉਣ 'ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਅਮਰੀਕ ਸਿੰਘ ਹਸਪਤਾਲ 'ਚ ਜੇਰੇ ਇਲਾਜ ਹੈ ਅਤੇ ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।