ਸ਼ਰਾਬ ਕਾਰੋਬਾਰੀ ਦੀ ਕੋਠੀ ’ਤੇ ਅੰਨ੍ਹੇਵਾਹ 17 ਗੋਲੀਆਂ ਚਲਾ ਕੇ 5 ਨੌਜਵਾਨ ਫਰਾਰ

Monday, Jun 01, 2020 - 03:41 PM (IST)

ਸ਼ਰਾਬ ਕਾਰੋਬਾਰੀ ਦੀ ਕੋਠੀ ’ਤੇ ਅੰਨ੍ਹੇਵਾਹ 17 ਗੋਲੀਆਂ ਚਲਾ ਕੇ 5 ਨੌਜਵਾਨ ਫਰਾਰ

ਚੰਡੀਗੜ੍ਹ (ਸੁਸ਼ੀਲ) : ਸੈਕਟਰ-33 ’ਚ ਸ਼ਰਾਬ ਕਾਰੋਬਾਰੀ ਦੀ ਕੋਠੀ ’ਤੇ ਐਤਵਾਰ ਸ਼ਾਮ ਕਾਰ ਸਵਾਰ ਨੌਜਵਾਨ ਅੰਨ੍ਹੇਵਾਹ 17 ਗੋਲੀਆਂ ਵਰ੍ਹਾ ਕੇ ਫਰਾਰ ਹੋ ਗਏ। ਗੋਲੀਆਂ ਕੋਠੀ ਦੇ ਅੰਦਰ ਖੜ੍ਹੀ ਗੱਡੀ ਦੇ ਸ਼ੀਸ਼ੇ ਅਤੇ ਕੋਠੀ ਦੀ ਪਹਿਲੀ ਮੰਜ਼ਿਲ ਦੀ ਖਿੜਕੀ ’ਚ ਜਾ ਕੇ ਲੱਗੀਆਂ। ਵਾਰਦਾਤ ਦੀ ਸੂਚਨਾ ਮਿਲਣ ’ਤੇ ਸੈਕਟਰ-34 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਕੋਠੀ ਦੇ ਅੰਦਰ ਅਤੇ ਬਾਹਰ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ। ਗੋਲੀਆਂ ਚੱਲਣ ਸਮੇਂ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਸੈਕਟਰ-33 ’ਚ ਹੀ ਦੂਜੀ ਕੋਠੀ ’ਚ ਮੌਜੂਦ ਸੀ। ਸੂਤਰਾਂ ਤੋਂ ਪਤਾ ਲੱਗਿਆ ਕਿ ਹਮਲਾਵਰ ਪੈਸਿਆਂ ਦੇ ਲੈਣ-ਦੇਣ ਅਤੇ ਕਾਰੋਬਾਰ ’ਚ ਆਪਸੀ ਰੰਜਿਸ਼ ਦੇ ਚੱਲਦੇ ਅਰਵਿੰਦ ਸਿੰਗਲਾ ’ਤੇ ਗੋਲੀਆਂ ਚਲਾਉਣ ਆਏ ਸਨ। ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਪੁਲਸ ਨੂੰ ਹਮਲਾਵਰਾਂ ਦੀ ਗੱਡੀ ਦਾ ਨੰਬਰ ਪਤਾ ਲੱਗ ਗਿਆ ਹੈ। ਸੈਕਟਰ-34 ਥਾਣਾ ਪੁਲਸ ਨੇ ਕਾਰ ਸਵਾਰ 5 ਹਮਲਾਵਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਗੱਡੀ ਦੇ ਨੰਬਰ ਦੀ ਸਹਾਇਤਾ ਨਾਲ ਉਨ੍ਹਾਂ ਦਾ ਸੁਰਾਗ ਲਗਾਉਣ ’ਚ ਜੁੱਟ ਗਈ ਹੈ।
ਗਨਮੈਨ ਦੇਖ ਦੂਜੀ ਕੋਠੀ ’ਚੋਂ ਵਾਪਸ ਚਲੇ ਗਏ ਸਨ ਹਮਲਾਵਰ
ਘਟਨਾ ਐਤਵਾਰ ਸ਼ਾਮ ਪੌਣੇ 5 ਵਜੇ ਦੀ ਹੈ। ਸੀਡਾਨ ਕਾਰ ਸਵਾਰ ਹਥਿਆਰਾਂ ਨਾਲ ਲੈਸ 5 ਨੌਜਵਾਨ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਸੈਕਟਰ-33 ਸਥਿਤ ਕੋਠੀ ਕੋਲ ਪੁੱਜੇ। ਨੌਜਵਾਨਾਂ ਨੇ ਆਪਣੀ ਗੱਡੀ ਕੋਠੀ ਤੋਂ ਦੂਰ ਖੜ੍ਹੀ ਕਰ ਦਿੱਤੀ ਅਤੇ 4 ਨੌਜਵਾਨ ਸਿੰਗਲਾ ਦੀ ਕੋਠੀ ਪਹੁੰਚ ਗਏ। ਉਨ੍ਹਾਂ ਸੁਰੱਖਿਆ ਮੁਲਾਜ਼ਮ ਤੋਂ ਅਰਵਿੰਦ ਸਿੰਗਲਾ ਬਾਰੇ ਪੁੱਛਿਆ। ਮੁਲਾਜ਼ਮ ਨੇ ਕਿਹਾ ਕਿ ਸਿੰਗਲਾ ਦੂਜੀ ਕੋਠੀ ’ਚ ਗਏ ਹੋਏ ਹਨ। ਹਮਲਾਵਰ ਉਸ ਕੋਠੀ ’ਚ ਗਏ ਪਰ ਪੰਜਾਬ ਪੁਲਸ ਦਾ ਗੰਨਮੈਨ ਦੇਖ ਕੇ ਵਾਪਸ ਪਹਿਲੀ ਕੋਠੀ ਦੇ ਬਾਹਰ ਆ ਗਏ। ਇੱਥੇ ਚਾਰੇ ਨੌਜਵਾਨਾਂ ਨੇ ਪਿਸਤੌਲ ਕੱਢੀ ਅਤੇ ਅੰਨ੍ਹੇਵਾਹ ਕੋਠੀ ਅੰਦਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਗਾਰਡ ਅਤੇ ਕੋਠੀ ’ਚ ਮੌਜੂਦ ਲੋਕ ਸਹਿਮ ਗਏ। ਹਮਲਾਵਰ ਫਾਇਰਿੰਗ ਕਰਦੇ ਹੋਏ ਆਪਣੀ ਕਾਰ ’ਚ ਬੈਠ ਕੇ ਫਰਾਰ ਹੋ ਗਏ।
ਵਾਰਦਾਤ ਸਮੇਂ ਕੋਠੀ ’ਚ ਸਨ ਬਜ਼ੁਰਗ ਅਤੇ ਨੌਕਰ
ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ। ਸੁਰੱਖਿਆ ਮੁਲਾਜ਼ਮ ਨੇ ਮਾਮਲੇ ਦੀ ਸੂਚਨਾ ਅਰਵਿੰਦ ਸਿੰਗਲਾ ਅਤੇ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸਿੰਗਲਾ ਕੋਠੀ ਪੁੱਜੇ ਤਾਂ ਘਰ ਦੇ ਅੰਦਰ ਅਤੇ ਬਾਹਰ ਗੋਲੀਆਂ ਦੇ ਖੋਲ ਖਿੱਲਰੇ ਹੋਏ ਮਿਲੇ। ਗੱਡੀ ਦੇ ਸ਼ੀਸ਼ਿਆਂ ਅਤੇ ਪਹਿਲੀ ਮੰਜ਼ਿਲ ਦੀ ਖਿੜਕੀ ’ਤੇ ਗੋਲੀਆਂ ਲੱਗੀਆਂ ਸਨ। ਐੱਸ. ਐੱਸ. ਪੀ. ਨੀਲਾਂਬਰੀ ਜਗਦਲੇ, ਐੱਸ. ਪੀ. ਸਿਟੀ ਵਿਨੀਤ ਕੁਮਾਰ, ਏ. ਐੱਸ. ਪੀ. ਨੇਹਾ ਯਾਦਵ, ਸੈਕਟਰ-34 ਥਾਣਾ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਹਮਲਾਵਰਾਂ ਬਾਰੇ ਟ੍ਰਾਈਸਿਟੀ ਪੁਲਸ ਨੂੰ ਅਲਰਟ ਕੀਤਾ। ਜਾਂਚ ’ਚ ਪਤਾ ਲੱਗਿਆ ਹੈ ਕਿ ਫਾਇਰਿੰਗ ਸਮੇਂ ਕੋਠੀ ’ਚ ਬਜ਼ੁਰਗ ਅਤੇ ਨੌਕਰ ਮੌਜੂਦ ਸਨ। ਫੋਰੈਂਸਿਕ ਟੀਮ ਨੇ ਮੌਕੇ ਤੋਂ ਗੋਲੀਆਂ ਦੇ 17 ਖੋਲ ਬਰਾਮਦ ਕੀਤੇ ਹਨ। ਬ੍ਰਾਂਚ ਅਤੇ ਸੈਕਟਰ-34 ਥਾਣਾ ਪੁਲਸ ਫਾਇਰਿੰਗ ਕਰਨ ਵਾਲਿਆਂ ਦਾ ਸੁਰਾਗ ਲਗਾਉਣ ’ਚ ਜੁੱਟ ਗਈ ਹੈ।
 


author

Babita

Content Editor

Related News