ਐੱਨ. ਆਰ. ਆਈਜ਼ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ 6 ਏਕੜ ਫਸਲ ਨੂੰ ਲਾਈ ਅੱਗ

Wednesday, May 11, 2022 - 11:03 AM (IST)

ਐੱਨ. ਆਰ. ਆਈਜ਼ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ 6 ਏਕੜ ਫਸਲ ਨੂੰ ਲਾਈ ਅੱਗ

ਜਲੰਧਰ (ਜ. ਬ.) : ਭੋਗਪੁਰ ਦੇ ਪਿੰਡ ਪੰਡੋਰੀ ਨਿੱਝਰਾਂ ’ਚ ਕੁਝ ਲੋਕਾਂ ਨੇ ਐੱਨ. ਆਰ. ਆਈਜ਼ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ 6 ਏਕੜ ਫਸਲ ਨੂੰ ਅੱਗ ਲਾ ਦਿੱਤੀ। ਇੰਨਾ ਹੀ ਨਹੀਂ, ਜਿਉਂ ਹੀ ਇਹ ਔਰਤ ਮੌਕੇ ’ਤੇ ਪੁੱਜੀ ਤਾਂ ਉਸ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਧਮਕਾਇਆ ਵੀ ਗਿਆ। ਔਰਤ ਨੇ ਇਸ ਸਬੰਧੀ ਏ. ਸੀ. ਪੀ. ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਹੈ। ਉਸਦਾ ਕਹਿਣਾ ਹੈ ਕਿ ਪਹਿਲਾਂ ਵੀ ਉਨ੍ਹਾਂ ਲੋਕਾਂ ਖ਼ਿਲਾਫ਼ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ। ਮੁਲਜ਼ਮ ਧਿਰ ਰਸੂਖਦਾਰ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਨਵਸ਼ਰਨ ਕੌਰ ਪਤਨੀ ਤਰਨਤੇਜ ਸਿੰਘ ਨਿਵਾਸੀ ਪੰਡੋਰੀ ਨਿੱਝਰਾਂ ਨੇ ਦੱਸਿਆ ਕਿ ਪਿੰਡ ’ਚ ਹੀ ਇੰਗਲੈਂਡ ਰਹਿੰਦੇ ਐੱਨ. ਆਰ. ਆਈਜ਼ ਹਰਭਜਨ ਕੌਰ, ਜੋਗਿੰਦਰ ਸਿੰਘ ਅਤੇ ਜਗਦੀਪ ਸਿੰਘ ਦੀ 47 ਕਨਾਲ 15 ਮਰਲੇ ਜ਼ਮੀਨ ਹੈ। ਪਹਿਲਾਂ ਉਸਦਾ ਪਤੀ ਇਸ ਜ਼ਮੀਨ ਦਾ ਕੇਅਰਟੇਕਰ ਸੀ ਅਤੇ ਉਹ ਜ਼ਮੀਨ ’ਤੇ ਖੇਤੀਬਾੜੀ ਕਰਦੇ ਸਨ। ਪਤੀ ਦੀ ਮੌਤ ਤੋਂ ਬਾਅਦ ਐੱਨ. ਆਰ. ਆਈਜ਼ ਨੇ ਇਸ ਨੂੰ ਪਾਵਰ ਆਫ ਅਟਾਰਨੀ ਦੇ ਦਿੱਤੀ।

ਇਹ ਵੀ ਪੜ੍ਹੋ : ਭਿਆਨਕ ਗਰਮੀ ’ਚ ਵਧੀ ਬਿਜਲੀ ਚੋਰੀ : ਐਨਫੋਰਸਮੈਂਟ-ਡਿਸਟਰੀਬਿਊਸ਼ਨ ਸਰਕਲ ਨੇ 34 ਕੇਸ ਫੜੇ, 42 ਲੱਖ ਜੁਰਮਾਨਾ

ਦੋਸ਼ ਹੈ ਕਿ ਆਦਮਪੁਰ ਦੇ ਇਕ ਵਿਅਕਤੀ ਨੇ ਕਿਸੇ ਪੁਲਸ ਅਧਿਕਾਰੀ ਦੇ ਨਾਂ ’ਤੇ ਬੈਨਾਮਾ ਤਿਆਰ ਕਰਵਾ ਦਿੱਤਾ ਅਤੇ ਉਸਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜ਼ਮੀਨ ਪੁਲਸ ਅਧਿਕਾਰੀ ਨੇ ਖਰੀਦ ਲਈ ਹੈ। ਉਸਦੇ ਬਾਅਦ ਤੋਂ ਇਹ ਲੋਕ ਜ਼ਮੀਨ ’ਤੇ ਕਬਜ਼ਾ ਕਰਨ ਦਾ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਧਮਕਾਉਂਦੇ ਹਨ। ਇਨ੍ਹਾਂ ਲੋਕਾਂ ਦੀ ਪਹੁੰਚ ਜ਼ਿਆਦਾ ਹੋਣ ਕਾਰਨ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਸੁਣਵਾਈ ਨਹੀਂ ਹੋਈ। ਨਵਸ਼ਰਨ ਕੌਰ ਨੇ ਕਿਹਾ ਕਿ 8 ਮਈ ਨੂੰ ਕੁਝ ਲੋਕ ਸਵਿਫਟ ਕਾਰ ਵਿਚ ਆ ਕੇ ਜ਼ਮੀਨ ਦੇ ਨੇੜੇ ਚੱਕਰ ਲਾਉਣ ਲੱਗੇ। ਪੁੱਛਣ ’ਤੇ ਕਹਿਣ ਲੱਗੇ ਕਿ ਉਹ ਜ਼ਮੀਨ ’ਤੇ ਕਬਜ਼ਾ ਕਰਨ ਆਏ ਹਨ। ਕੁਝ ਸਮੇਂ ਬਾਅਦ ਜਦੋਂ ਉਹ ਚਲੇ ਗਏ ਤਾਂ ਨਵਸ਼ਰਨ ਵੀ ਆਪਣੇ ਘਰ ਆ ਗਈ। ਕੁਝ ਸਮੇਂ ਬਾਅਦ ਨਵਸ਼ਰਨ ਨੂੰ ਕਿਸੇ ਨੇ ਦੱਸਿਆ ਕਿ ਉਸਦੀ ਗੰਨੇ ਦੀ ਫਸਲ ਨੂੰ ਸਵਿਫਟ ਕਾਰ ਵਿਚ ਆਏ ਲੋਕਾਂ ਨੇ ਅੱਗ ਲਾ ਦਿੱਤੀ ਹੈ। ਉਹ ਤੁਰੰਤ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਨੂੰ ਧਮਕਾਉਣ ਵਾਲੇ ਲੋਕ ਵੀ ਉਥੇ ਸ਼ਰੇਆਮ ਗੁੰਡਾਗਰਦੀ ਕਰ ਰਹੇ ਸਨ। ਉਨ੍ਹਾਂ ਉਸ ਨੂੰ ਦੁਬਾਰਾ ਧਮਕਾਇਆ ਕਿ ਹੁਣ ਉਹ ਜਲਦ ਜ਼ਮੀਨ ’ਤੇ ਕਬਜ਼ਾ ਕਰ ਲੈਣਗੇ। ਅੱਗ ਲੱਗਣ ਨਾਲ 6 ਏਕੜ ਗੰਨੇ ਦੀ ਫਸਲ ਸਡ਼ ਗਈ।

ਨਵਸ਼ਰਨ ਦਾ ਕਹਿਣਾ ਹੈ ਕਿ ਮੁਲਜ਼ਮ ਧਿਰ ਤੋਂ ਉਸ ਨੂੰ ਜਾਨ ਦਾ ਖਤਰਾ ਹੈ। ਉਹ ਲੋਕ ਸ਼ਰੇਆਮ ਆਪਣੀ ਪਹੁੰਚ ਦੇ ਕਾਰਨ ਧੱਕਾ ਕਰ ਰਹੇ ਹਨ। 9 ਮਈ ਨੂੰ ਇਸ ਸਬੰਧੀ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਗਈ। ਦੋਸ਼ ਹੈ ਕਿ ਪਹਿਲਾਂ ਕੀਤੀਆਂ ਗਈਆਂ ਸ਼ਿਕਾਇਤਾਂ ’ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਨਵਸ਼ਰਨ ਕੌਰ ਨੇ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਏ. ਸੀ. ਪੀ. ਆਦਮਪੁਰ ਨੂੰ ਮਾਰਕ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸੱਸ ਤੇ ਪਤੀ ਤੋਂ ਦੁੱਖੀ ਔਰਤ ਨੇ ਕੀਤੀ ਆਤਮ ਹੱਤਿਆ, ਕੇਸ ਦਰਜ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News