ਟੈਂਟ ਹਾਊਸ ’ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

07/18/2018 1:50:29 AM

ਹੁਸ਼ਿਆਰਪੁਰ, (ਘੁੰਮਣ)- ਅੱਜ ਤਡ਼ਕੇ ਇਥੇ ਚੰਡੀਗਡ਼੍ਹ ਰੋਡ ’ਤੇ ਡੀ. ਏ.ਵੀ. ਕਾਲਜ ਮਾਰਕੀਟ ’ਚ ਰਾਜ ਲਾਈਟ ਐਂਡ ਟੈਂਟ ਹਾਊਸ ’ਚ ਲੱਗੀ ਭਿਆਨਕ ਅੱਗ ਕਾਰਨ ਅੰਦਰ  ਪਿਆ ਸਾਰਾ ਸਾਮਾਨ  ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 3.30 ਵਜੇ ਫਾਇਰ  ਬ੍ਰਿਗੇਡ ਕਰਮਚਾਰੀਆਂ ਨੇ ਦੁਕਾਨ ਮਾਲਕ ਰਾਕੇਸ਼ ਬਬੂਟਾ ਨੂੰ ਫੋਨ ’ਤੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਦੁਕਾਨ ਵਿਚ ਅੱਗ ਲੱਗੀ ਹੋਈ ਹੈ। ਹੋਇਆ ਇੰਝ ਕਿ ਕੁਝ ਰਾਹਗੀਰਾਂ ਨੇ ਦੁਕਾਨ ਅੰਦਰੋਂ ਅੱਗ ਦੀਆਂ ਲਾਟਾਂ ਉੱਠਦੀਆਂ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸੀ। ਸੂਚਨਾ  ਮਿਲਣ  ਉਪਰੰਤ ਕੁਝ ਹੀ ਦੇਰ ’ਚ ਫਾਇਰ ਬ੍ਰਿਗੇਡ ਕਰਮਚਾਰੀ ਜਦੋਂ ਮੌਕੇ ’ਤੇ ਪਹੁੰਚੇ ਤਾਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਫਾਇਰ ਕਰਮਚਾਰੀਆਂ ਨੇ ਦੁਕਾਨ ਦੇ ਬਾਹਰ ਲੱਗੇ ਬੋਰਡ ਤੋਂ ਨੰਬਰ ਪੜ੍ਹ ਕੇ ਟੈਂਟ ਮਾਲਕ ਰਾਕੇਸ਼ ਨੂੰ ਅੱਗ ਲੱਗਣ  ਦੀ ਸੂਚਨਾ ਦਿੱਤੀ।
ਸਟਾਕ ਦੇ ਨਾਲ ਹੀ 4 ਮੋਬਾਇਲ ਤੇ ਹਜ਼ਾਰਾਂ ਦੇ ਰੀ-ਚਾਰਜ ਕੂਪਨ ਵੀ ਸੜੇ
ਫਾਇਰ ਬ੍ਰਿਗੇਡ ਕਰਮਚਾਰੀਆਂ ਰਾਜਨ ਕੁਮਾਰ, ਅਰੁਣੇਸ਼ ਸੈਣੀ, ਅਜੈਪਾਲ ਅਤੇ ਰਮਨ ਕੁਮਾਰ ਨੇ ਕਰੀਬ 1 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ,  ਜਦਕਿ ਦੁਕਾਨ ਦੇ ਅੰਦਰ ਪਿਆ ਸਾਰਾ ਸਾਜ਼ੋ-ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਮੋਬਾਇਲ ਫੋਨ ਰੀ-ਚਾਰਜ ਦਾ ਕੰਮ ਵੀ ਕਰਦਾ ਹੈ, ਜਿਸ ਕਾਰਨ 4 ਮੋਬਾਇਲ ਫੋਨ, ਕਈ ਸਿਮ ਕਾਰਡ, ਹਜ਼ਾਰਾਂ ਰੁਪਏ ਦੇ ਰੀ-ਚਾਰਜ ਕੂਪਨ ਵੀ ਅੱਗ ਦੀ ਭੇਟ ਚਡ਼੍ਹ ਗਏ। ਅੱਗ ਲੱਗਣ ਦਾ ਕਾਰਨ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ। ਫਾਇਰ ਕਰਮਚਾਰੀਆਂ ਨੇ ਫੌਰੀ ਕਾਰਵਾਈ ਨਾਲ ਆਸ-ਪਾਸ ਦੀਆਂ ਸਾਰੀਆਂ  ਦੁਕਾਨਾਂ ਸੁਰੱਖਿਅਤ ਬਚਾਅ ਲਈਆਂ।
‘ਕੁਝ ਹੀ ਮਿੰਟਾਂ ’ਚ ਉੱਜਡ਼ ਗਈ ਮੇਰੀ ਦੁਨੀਆ’
ਘਟਨਾ ਸਥਾਨ ’ਤੇ ਖਡ਼੍ਹੇ ਰਾਕੇਸ਼ ਨੇ ਗੱਲਬਾਤ ਦੌਰਾਨ ਕਿਹਾ ਕਿ ਕੁਝ ਹੀ ਮਿੰਟਾਂ ’ਚ ਮੇਰੀ ਦੁਨੀਆ ਉੱਜਡ਼ ਗਈ। ਮਿਹਨਤੀ ਰਾਕੇਸ਼ ਲਾਈਟ ਐਂਡ ਟੈਂਟ ਹਾਊਸ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਉਸ ਨੇ ਭਰੇ ਗੱਚ ਨਾਲ ਕਿਹਾ ਕਿ ਤਡ਼ਕੇ ਆਇਆ ਫੋਨ ਉਸ ’ਤੇ ਦੁੱਖਾਂ ਦਾ ਪਹਾਡ਼ ਬਣ ਕੇ ਟੁੱਟਿਆ ਹੈ।


Related News