ਰੂੰ ਦੇ ਗੋਦਾਮ ’ਚ ਲੱਗੀ ਅੱਗ, ਡੇਢ ਕਰੋੜ ਦਾ ਨੁਕਸਾਨ
Monday, May 19, 2025 - 02:43 PM (IST)

ਨਿਊ ਚੰਡੀਗੜ੍ਹ (ਬੱਤਾ) : ਨਿੱਜੀ ਟ੍ਰੇਡਿੰਗ ਕੰਪਨੀ ਨਾਡਾ ਰੋਡ ਨਵਾਂਗਰਾਓਂ ਸਥਿਤ ਇਕ ਰੂੰ ਦਾ ਗੋਦਾਮ ਹੈ, ਜਿਸ ’ਚ ਐਤਵਾਰ ਸ਼ਾਮ 5 ਵਜੇ ਭਿਆਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗਾ। ਗੋਦਾਮ ’ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਮੌਜੂਦ ਲੋਕਾਂ ਨੇ ਥਾਣਾ ਇੰਚਾਰਜ ਇੰਸਪੈਕਟਰ ਗੁਰਮੇਹਰ ਸਿੰਘ ਨੂੰ ਸੂਚਿਤ ਕੀਤਾ ਤੇ ਮੋਹਾਲੀ ਅਤੇ ਖਰੜ ਦੇ ਫਾਇਰ ਵਿਭਾਗਾਂ ਨੂੰ ਵੀ ਸੂਚਿਤ ਕੀਤਾ।
ਨਗਰ ਕੌਂਸਲ ਖਰੜ ਤੇ ਮੋਹਾਲੀ ਦੀਆਂ ਫਾਇਰ ਬ੍ਰਿਗੇਡ ਕਰਮਚਾਰੀਆਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਫ਼ੀ ਮਿਹਨਤ ਤੋਂ ਬਾਅਦ ਅੱਗ ਬੁਝਾਈ ਗਈ। ਚੀਫ਼ ਫਾਇਰ ਅਫ਼ਸਰ ਨੇ ਦੱਸਿਆ ਕਿ ਸਾਢੇ 3 ਤਿੰਨ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗੋਦਾਮ ਮਾਲਕ ਵਿਨੋਦ ਗੋਇਲ ਨੇ ਦੱਸਿਆ ਕਿ ਲਗਭਗ ਡੇਢ ਕਰੋੜ ਦਾ ਨੁਕਸਾਨ ਹੋਇਆ ਹੈ। ਦੇਸਰਾਜ ਬਾਂਸਲ, ਮਾਰਕੀਟ ਕਮੇਟੀ, ਨਵਾਂਗਰਾਓਂ ਦੇ ਸਾਬਕਾ ਪ੍ਰਧਾਨ ਦੇਸਰਾਜ ਬਾਂਸਲ ਨੇ ਕਿਹਾ ਕਿ ਇਲਾਕੇ ’ਚ ਫਾਇਰ ਬ੍ਰਿਗੇਡ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।