ਮਾਛੀਵਾੜਾ ਸਾਹਿਬ ''ਚ ਰੂੰ ਦੇ ਭਰੇ ਟਰੱਕ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ

11/24/2021 12:46:43 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ-ਕੁਹਾੜਾ ਰੋਡ ’ਤੇ ਸਥਿਤ ਪਿੰਡ ਹਾੜ੍ਹੀਆਂ ਅੱਡੇ ਨੇੜ੍ਹੇ ਅੱਜ ਸਵੇਰੇ ਰੂੰ ਦੇ ਭਰੇ ਟਰੱਕ ਨੂੰ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਟਰੱਕ ਦੇ ਡਰਾਈਵਰ ਸੁਮੰਦਰ ਸਿੰਘ ਨੇ ਦੱਸਿਆ ਕਿ ਉਹ ਗੋਨਿਆਣਾ ਮੰਡੀ ਤੋਂ ਰੂੰ ਦਾ ਟਰੱਕ ਭਰ ਕੇ ਮਾਛੀਵਾੜਾ ਨੇੜ੍ਹੇ ਐਸ. ਟੀ ਕੋਟੈਕਸ ਫੈਕਟਰੀ ਵਿਚ ਆ ਰਿਹਾ ਸੀ ਕਿ ਰਸਤੇ ਵਿਚ ਸੜਕ ’ਤੇ ਲੰਘਦੇ ਲੋਕਾਂ ਨੇ ਉਸ ਨੂੰ ਰੌਲਾ ਪਾ ਕੇ ਦੱਸਿਆ ਕਿ ਟਰੱਕ ਪਿੱਛੇ ਲੱਦੀ ਰੂੰ ਨੂੰ ਅੱਗ ਲੱਗੀ ਹੈ ਅਤੇ ਉਸ ਵਿਚੋਂ ਧੂੰਆਂ ਨਿਕਲ ਰਿਹਾ ਹੈ।

ਡਰਾਈਵਰ ਵੱਲੋਂ ਤੁਰੰਤ ਟਰੱਕ ਰੋਕ ਲਿਆ ਗਿਆ ਅਤੇ ਉਸ ਸੰਬੰਧੀ ਫੈਕਟਰੀ ਮਾਲਕਾਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਟਰੱਕ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਜੇ. ਸੀ. ਬੀ ਮਸ਼ੀਨਾਂ ਨਾਲ ਰੂੰ ਦੀਆਂ ਗੱਠਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਸਾਰੀਆਂ ਗੱਠਾਂ ਖ਼ਰਾਬ ਹੋ ਚੁੱਕੀਆਂ ਸਨ। ਐੱਸ. ਟੀ. ਕੋਟੈਕਸ ਦੇ ਮੈਨੇਜਰ ਰਾਜ ਕੁਮਾਰ ਨੇ ਦੱਸਿਆ ਕਿ ਟਰੱਕ ਵਿਚ ਕਰੀਬ 32 ਲੱਖ ਰੁਪਏ ਦੀ ਰੂੰ ਲੱਦੀ ਹੋਈ ਸੀ, ਜੋ ਕਿ ਉਨ੍ਹਾਂ ਨੇ ਗੋਨਿਆਣਾ ਮੰਡੀ ਤੋਂ ਧਾਗਾ ਬਣਾਉਣ ਲਈ ਮਿੱਲ ਵਿਚ ਮੰਗਵਾਈ ਸੀ। ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਟਰੱਕ ਵਿਚ ਲੱਦੀਆਂ ਸਾਰੀਆਂ ਰੂੰ ਦੀਆਂ ਗੱਠਾਂ ਖ਼ਰਾਬ ਹੋ ਗਈਆਂ। ਇਸ ਹਾਦਸੇ ਵਿਚ ਡਰਾਈਵਰ ਅਤੇ ਟਰੱਕ ਦਾ ਨੁਕਸਾਨ ਹੋਣ ਤੋਂ ਵੱਡਾ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੂੰਮਕਲਾਂ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ।


Babita

Content Editor

Related News